ਨਜਾਇਜ਼ ਸ਼ਰਾਬ ਖਿਲਾਫ ਸ਼ਿਕੰਜਾ ਕੱਸਿਆ

  • ਟੀਮਾਂ ਨੇ ਸਤਲੁਜ ਦੇ ਨਾਲ ਲੱਗਦੇ ਤਿੰਨ ਪਿੰਡਾਂ 'ਚ 24000 ਕਿਲੋ ਲਾਹਣ ਜ਼ਬਤ ਕੀਤੀ
  • ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਚੋਣਾਂ ਦੌਰਾਨ ਸ਼ਾਂਤੀਪੂਰਨ ਮਾਹੌਲ ਦਾ ਦਿੱਤਾ ਭਰੋਸਾ

ਲੁਧਿਆਣਾ, 18 ਮਾਰਚ : ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਨਾਜਾਇਜ਼ ਸ਼ਰਾਬ ਮਾਫੀਆ ਵਿਰੁੱਧ ਸ਼ੁਰੂ ਕੀਤੀ ਗਈ ਕਾਰਵਾਈ ਤਹਿਤ ਆਬਕਾਰੀ ਅਧਿਕਾਰੀਆਂ ਨੇ ਪੁਲਿਸ ਨਾਲ ਮਿਲ ਕੇ ਸਤਲੁਜ ਦਰਿਆ ਦੇ ਨਾਲ ਲੱਗਦੇ ਰਾਜਾਪੁਰ, ਜੱਦੀਦ ਅਤੇ ਭੋਲੇਵਾਲ ਪਿੰਡਾਂ ਵਿੱਚ ਛਾਪੇਮਾਰੀ ਕਰਕੇ 24000 ਕਿਲੋ ਲਾਹਣ ਜ਼ਬਤ ਕੀਤੀ ਹੈ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਐਕਸਾਈਜ਼ ਇੰਸਪੈਕਟਰ ਹਰਜੀਤ ਸਿੰਘ, ਹਰਸ਼ਪਿੰਦਰ ਸਿੰਘ, ਗੁਰਦੀਪ ਸਿੰਘ ਅਤੇ ਭੁਪਿੰਦਰ ਸਿੰਘ ਸਮੇਤ ਐਕਸਾਈਜ਼ ਪੁਲਿਸ ਅਤੇ ਸਹਾਇਕ ਸਟਾਫ਼ ਦੀਆਂ ਟੀਮਾਂ ਵੱਲੋਂ ਸਤਲੁਜ ਦਰਿਆ ਕੰਢੇ ਤਲਾਸ਼ੀ ਮੁਹਿੰਮ ਚਲਾਈ ਗਈ। ਟੀਮਾਂ ਨੇ ਪਿੰਡ ਰਾਜਾਪੁਰ, ਜੱਦੀਦ ਅਤੇ ਭੋਲੇਵਾਲ ਨੇੜੇ 14 ਪਲਾਸਟਿਕ ਦੀਆਂ ਤਰਪਾਲਾਂ ਵਿੱਚ 24000 ਕਿਲੋ ਲਾਹਣ ਬਰਾਮਦ ਕੀਤੀ। ਜ਼ਬਤ ਲਾਹਣ ਨੂੰ ਮੌਕੇ 'ਤੇ ਹੀ ਨਸ਼ਟ ਕਰ ਦਿੱਤਾ ਗਿਆ, ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਲੁਧਿਆਣਾ ਵਿੱਚ ਆਜ਼ਾਦ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਚੋਣਾਂ ਦੌਰਾਨ ਸ਼ਾਂਤਮਈ ਮਾਹੌਲ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।