ਸਤਲੁਜ ਦਰਿਆ ਦੇ ਕੰਢੇ ਬਣੇ ਧੁੱਸੀ ਵਿੱਚ ਪਈ ਦਰਾਰ, ਪੁਲਿਸ ਅਕੈਡਮੀ ‘ਚ ਪਾਣੀ ਦਾਖਲ, ਡੁੱਬੀਆਂ ਗੱਡੀਆਂ

ਫਿਲੌਰ, 10 ਜੁਲਾਈ : ਫਿਲੌਰ ਵਿੱਚ ਪੁਲਿਸ ਟਰੇਨਿੰਗ ਅਕੈਡਮੀ ਨੇੜੇ ਸਤਲੁਜ ਦਰਿਆ ਦੇ ਕੰਢੇ ਬਣੇ ਧੁੱਸੀ ਵਿੱਚ ਦਰਾਰ ਪੈ ਗਈ ਹੈ। ਜਿਸ ਕਾਰਨ ਮਹਾਰਾਜਾ ਰਣਜੀਤ ਸਿੰਘ ਪੁਲਿਸ ਅਕੈਡਮੀ ਵਿੱਚ ਪਾਣੀ ਦਾਖਲ ਹੋ ਗਿਆ ਹੈ। ਪਾਣੀ ਦਾਖਲ ਹੋਣ ਕਾਰਨ ਪੁਲਿਸ ਅਕੈਡਮੀ ਦੀਆਂ ਗੱਡੀਆਂ ਪਾਣੀ ਵਿੱਚ ਡੁੱਬ ਗਈਆਂ ਹਨ। ਪੁਲਿਸ ਮੁਲਾਜ਼ਮਾਂ ਨੇ ਕਈ ਵਾਹਨਾਂ ਨੂੰ ਪਾਣੀ ’ਚੋਂ ਬਾਹਰ ਕੱਢਿਆ। ਸਤਲੁਜ ਦਰਿਆ ‘ਚ ਪਾਣੀ ਲਗਾਤਾਰ ਵਧਣ ਕਾਰਨ ਪੁਲਿਸ ਅਕੈਡਮੀ ‘ਚ ਵੀ ਪਾਣੀ ਲਗਾਤਾਰ ਵਧ ਰਿਹਾ ਹੈ। ਅਕੈਡਮੀ ਦਾ ਵੱਡਾ ਹਿੱਸਾ ਪਾਣੀ ਵਿਚ ਡੁੱਬ ਗਿਆ ਹੈ। ਅਕੈਡਮੀ ਦਾ ਟ੍ਰੇਨਿੰਗ ਗਰਾਊਂਡ, ਫਾਇਰਿੰਗ ਰੇਂਜ ਅਤੇ ਨਾਲ ਵਾਲਾ ਗੋਲਫ ਗਰਾਊਂਡ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਿਆ ਹੈ। ਇਮਾਰਤ ਦੇ ਅੰਦਰ ਵੀ ਪਾਣੀ ਪਹੁੰਚ ਗਿਆ ਹੈ। ਫਿਲੌਰ ਵਿੱਚ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਸ਼ਨੀ ਅਤੇ ਪੀਰ ਬਾਬਾ ਦੀ ਸਮਾਧ ਵੀ ਪਾਣੀ ਵਿੱਚ ਡੁੱਬ ਗਈ ਹੈ। ਸਤਲੁਜ ਦਰਿਆ ਵਿੱਚ ਵਹਾਅ ਵਧਣ ਕਾਰਨ ਨੇੜਲੇ ਪਿੰਡ ਵੀ ਪਾਣੀ ਵਿੱਚ ਡੁੱਬ ਗਏ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੱਲ੍ਹ ਤੋਂ ਹੀ ਸਤਲੁਜ ਦਰਿਆ ਦੇ ਕੰਢੇ ਫਿਲੌਰ ਸਬ-ਡਵੀਜ਼ਨ ਅਤੇ ਸ਼ਾਹਕੋਟ ਸਬ-ਡਵੀਜ਼ਨ ਦੇ ਨਾਲ ਲੱਗਦੇ 50 ਤੋਂ ਵੱਧ ਪਿੰਡਾਂ ਨੂੰ ਖਾਲੀ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ। ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਰਿਹਾ ਹੈ। ਉਨ੍ਹਾਂ ਲਈ ਪ੍ਰਸ਼ਾਸਨ ਨੇ ਕੈਂਪ ਲਗਾਏ ਹਨ। ਲੋਕਾਂ ਨੂੰ ਸਕੂਲਾਂ, ਧਾਰਮਿਕ ਸਥਾਨਾਂ ਦੇ ਨਾਲ-ਨਾਲ ਜਨਤਕ ਵਰਤੋਂ ਵਾਲੀਆਂ ਥਾਵਾਂ, ਸਰਾਵਾਂ ਆਦਿ ਵਿੱਚ ਠਹਿਰਾਇਆ ਜਾ ਰਿਹਾ ਹੈ।