ਦੇਸ਼ ਵਾਸੀ ਅਤੇ ਸਿੱਖ ਕੌਮ ਮਾਲੇਰਕੋਟਲਾ ਦੀ ਧਰਤੀ ਦਾ ਕਰਜ਼ ਕਦੇ ਨਹੀਂ ਉਤਾਰ ਸਕਦੇ : ਗੁਰਮੀਤ ਸਿੰਘ ਖੁੱਡੀਆਂ

  • ਦੇਸ਼ ਦੇ ਅਜ਼ਾਦੀ ਸੰਘਰਸ਼ ਵਿੱਚ ਕੂਕਿਆਂ ਵੱਲੋਂ ਕੀਤੀਆਂ ਗਈਆਂ ਸ਼ਹੀਦੀਆਂ ਲਾਮਿਸਾਲ
  • ਮਾਲੇਰਕੋਟਲਾ ਵਿਖੇ 66 ਨਾਮਧਾਰੀ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਰਾਜ ਪੱਧਰੀ ਸ਼ਹੀਦੀ ਸਮਾਗਮ

ਮਾਲੇਰਕੋਟਲਾ, 17 ਜਨਵਰੀ : " ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿਚ ਚਿਣਵਾ ਕੇ ਸ਼ਹੀਦ ਕਰਵਾਉਣ ਦਾ ਫਤਵਾ ਜਾਰੀ ਕੀਤਾ ਗਿਆ ਤਾਂ ਹਾਅ ਦਾ ਨਾਅਰਾ ਮਾਲੇਰਕੋਟਲਾ ਦੀ ਧਰਤੀ ਨੇ ਮਾਰਿਆ। ਸਿੱਖ ਕੌਮ ਇਸ ਧਰਤੀ ਦਾ ਕਰਜ਼ ਕਦੇ ਵੀ ਨਹੀਂ ਉਤਾਰ ਸਕਦੀ। ਇਸੇ ਤਰ੍ਹਾਂ ਦੇਸ਼ ਨੂੰ ਅੰਗਰੇਜ਼ ਸਰਕਾਰ ਦੀਆਂ ਗੁਲਾਮੀ ਦੀਆਂ ਜੰਜ਼ੀਰਾਂ ਵਿੱਚੋਂ ਅਜ਼ਾਦ ਕਰਾਉਣ ਦਾ ਮੁੱਢ ਨਾਮਧਾਰੀ ਕੂਕਿਆਂ ਨੇ ਬੰਨ੍ਹਿਆ। ਪੂਰੇ ਦੇਸ਼ ਨੂੰ ਕੂਕਿਆਂ ਵੱਲੋਂ ਕੀਤੀਆਂ ਗਈਆਂ ਸ਼ਹੀਦੀਆਂ ਉੱਤੇ ਹਮੇਸ਼ਾਂ ਮਾਣ ਰਹੇਗਾ। " ਇਹ ਵਿਚਾਰ ਸ੍ਰ ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਫੂਡ ਪ੍ਰੋਸੈਸਿੰਗ ਵਿਭਾਗਾਂ ਬਾਰੇ ਕੈਬਨਿਟ ਮੰਤਰੀ ਪੰਜਾਬ ਨੇ ਅੱਜ ਨਾਮਧਾਰੀ ਸ਼ਹੀਦੀ ਸਮਾਰਕ ਵਿਖੇ 66 ਨਾਮਧਾਰੀ ਸ਼ਹੀਦ ਸਿੰਘਾਂ ਦੀ ਯਾਦ ਸੰਬੰਧੀ ਮਨਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਖੁੱਡੀਆਂ ਨੇ ਕਿਹਾ ਕਿ ਇਹ ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਹੀ ਸਨ, ਜਿਨ੍ਹਾਂ ਗੁਰੂਆਂ ਵੱਲੋਂ ਦਰਸਾਏ ਹੋਏ ਅਹਿੰਸਾ ਦੇ ਰਸਤੇ 'ਤੇ ਚੱਲਦਿਆਂ ਅੰਗਰੇਜ਼ਾਂ ਦਾ ਅਤੇ ਉਹਨਾਂ ਵੱਲੋਂ ਦਿੱਤੀਆਂ ਜਾਂਦੀਆਂ ਸੁੱਖ ਸਹੂਲਤਾਂ ਦਾ ਮੁਕੰਮਲ ਬਾਈਕਾਟ ਕੀਤਾ। ਨਾਮਧਾਰੀ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਸ਼ੁਰੂ ਕੀਤੇ ਗਏ ਨਾ ਮਿਲਵਰਤਨ ਅੰਦੋਲਨ ਅਤੇ ਨਾ ਫੁਰਮਾਨੀ ਅੰਦੋਲਨ ਨੂੰ ਬਾਅਦ ਵਿੱਚ ਮਹਾਤਮਾ ਗਾਂਧੀ ਵਰਗੇ ਆਗੂਆਂ ਨੇ ਅਪਣਾਉਣ ਨੂੰ ਪਹਿਲ ਦਿੱਤੀ। ਇਤਿਹਾਸ ਗਵਾਹ ਹੈ ਦੇਸ਼ ਦੀ ਅਜ਼ਾਦੀ ਦਾ ਅਸਲ ਮੁੱਢ ਕੂਕਿਆਂ ਵੱਲੋਂ ਮਲੇਰਕੋਟਲਾ ਦੀ ਪਵਿੱਤਰ ਧਰਤੀ ਤੋਂ ਬੱਝਿਆ ਗਿਆ ਸੀ। ਉਹਨਾਂ ਨਾਮਧਾਰੀ ਸੰਪਰਦਾ ਨੂੰ ਸਾਦਗੀ, ਸੱਚਾਈ ਅਤੇ ਨਿਮਰਤਾ ਦਾ ਸੋਮਾ ਦੱਸਦਿਆਂ ਸੰਗਤ ਨੂੰ ਅਪੀਲ ਕੀਤੀ ਕਿ ਸਾਨੂੰ ਇਸ ਸੰਪਰਦਾ ਅਤੇ ਗੁਰੂਆਂ ਵੱਲੋਂ ਦਰਸਾਏ ਹੋਏ ਮਾਰਗ 'ਤੇ ਚੱਲਦੇ ਹੋਏ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਆਉਣਾ ਸੀ ਪਰ ਕੁਝ ਨਾ ਟਾਲੇ ਜਾਣ ਵਾਲੇ ਕਾਰਨਾਂ ਕਰਕੇ ਉਹ ਪਹੁੰਚ ਨਹੀਂ ਸਕੇ। ਸ੍ਰ ਖੁੱਡੀਆਂ ਨੇ ਐਲਾਨ ਕੀਤਾ ਕਿ ਨਾਮਧਾਰੀ ਸੰਸਥਾ ਵੱਲੋਂ ਜੋ ਵੀ ਸੇਵਾ ਲਗਾਈ ਜਾਵੇਗੀ ਉਸਨੂੰ ਪੰਜਾਬ ਸਰਕਾਰ ਸਿਰ ਨਿਵਾ ਕੇ ਪੂਰਾ ਕਰੇਗੀ। ਸਮਾਗਮ ਦੌਰਾਨ ਮੌਜੂਦਾ ਗੱਦੀਨਸ਼ੀਨ ਨਾਮਧਾਰੀ ਉਦੈ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ, ਸਮੂਹ ਗੁਰੂ ਸਾਹਿਬਾਨ ਅਤੇ ਸਤਿਗੁਰੂ ਰਾਮ ਸਿੰਘ ਜੀ ਦੇ ਦੱਸੇ ਮਾਰਗ 'ਤੇ ਚੱਲਣ ਦੀ ਪ੍ਰੇਰਣਾ ਦਿੰਦਿਆਂ ਸੰਗਤ ਨੂੰ ਗੁਰੂ ਨਾਲ ਜੁੜ ਕੇ ਧਰਮ ਅਤੇ ਦੇਸ਼ ਦੀ ਤਰੱਕੀ ਲਈ ਕੰਮ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਹਲਕਾ  ਨਾਮਧਾਰੀ ਦਰਬਾਰ ਦੇ ਪ੍ਰਧਾਨ ਸ੍ਰ. ਐੱਚ. ਐੱਸ. ਹੰਸਪਾਲ ਨੇ ਵੀ ਸੰਬੋਧਨ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਮਾਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਡਾ ਪੱਲਵੀ, ਜ਼ਿਲ੍ਹਾ ਪੁਲਿਸ ਮੁਖੀ ਸ੍ਰ ਹਰਕੰਵਲਪ੍ਰੀਤ ਸਿੰਘ ਖੱਖ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ,ਐਸ.ਡੀ.ਐਮ. ਸ੍ਰੀ ਅਪਰਨਾ ਐਮ.ਬੀ.,ਨਾਮਧਾਰੀ ਸੁਰਿੰਦਰ ਸਿੰਘ ਸਾਬਕਾ ਰਾਜ ਸਭਾ ਮੈਂਬਰ ਸ੍ਰੀ ਅਭਿਨਾਸ ਰਾਏ ਖੰਨਾ, ਸਾਬਕਾ ਮੰਤਰੀ ਸ੍ਰੀ ਹੀਰਾ ਸਿੰਘ ਗਾਬੜੀਆਂ ਅਤੇ ਵੱਡੀ ਗਿਣਤੀ ਵਿੱਚ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਸੰਗਤਾਂ ਹਾਜ਼ਰ ਸਨ।