'ਪੰਜਾਬ ਸਰਕਾਰ ਤੁਹਾਡੇ ਦੁਆਰ' ਮੁਹਿੰਮ ਤਹਿਤ ਜਨਾਲ ਵਿਖੇ ਸੁਵਿਧਾ ਕੈਂਪ ਲਗਾਇਆ 

ਦਿੜ੍ਹਬਾ, 20 ਦਸੰਬਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਹਦਾਇਤਾਂ ’ਤੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨਜ਼ਦੀਕ ਹੀ ਵੱਖ-ਵੱਖ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਲਈ ਚਲਾਈ ਜਾ ਰਹੀ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਅੱਜ ਸਬ ਡਵੀਜ਼ਨ ਦਿੜ੍ਹਬਾ ਦੇ ਪਿੰਡ ਜਨਾਲ ਵਿਖੇ ਸੁਵਿਧਾ ਕੈਂਪ ਲਾਇਆ ਗਿਆ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਪ ਮੰਡਲ ਮੈਜਿਸਟਰੇਟ ਦਿੜ੍ਹਬਾ ਰਾਜੇਸ਼ ਸ਼ਰਮਾ ਨੇ ਇਸ ਕੈਂਪ ਦੀ ਨਿਗਰਾਨੀ ਕੀਤੀ ਅਤੇ ਇੱਥੇ ਪਹੁੰਚਣ ਵਾਲੇ ਲੋਕਾਂ ਦੀਆਂ ਸਰਕਾਰੀ ਵਿਭਾਗਾਂ ਨਾਲ ਸਬੰਧਤ ਸਮੱਸਿਆਵਾਂ ਦੇ ਢੁਕਵੇਂ ਹੱਲ ਨੂੰ ਯਕੀਨੀ ਬਣਾਇਆ। ਉਨ੍ਹਾਂ ਦੱਸਿਆ ਕਿ ਸੁਵਿਧਾ ਕੈਂਪ ’ਚ ਆਪਣੇ ਮਸਲੇ, ਸ਼ਿਕਾਇਤਾਂ ਜਾਂ ਕੋਈ ਹੋਰ ਪ੍ਰਸ਼ਾਸਨਿਕ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਮੌਕੇ ’ਤੇ ਹੀ ਬਣਦੀ ਰਾਹਤ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਲੋਕਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਲਈ ਅਧਿਕਾਰੀਆਂ ਵੱਲੋਂ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਇਸ ਕੈਂਪ ਦਾ ਵੱਡੀ ਗਿਣਤੀ ਲੋਕਾਂ ਨੇ ਲਾਭ ਉਠਾਇਆ। ਕੈਂਪ ਦੌਰਾਨ ਮਾਲ ਵਿਭਾਗ, ਸਿਹਤ, ਖੇਤੀਬਾੜੀ, ਕਿਰਤ, ਸਹਿਕਾਰਤਾ ਸਮੇਤ ਹੋਰ ਵਿਭਾਗਾਂ ਨਾਲ ਸਬੰਧਤ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।