ਸ਼ਹੀਦੀ ਸਭਾ ਮੌਕੇ ਕੀਤੇ ਸੁਚਾਰੂ ਪ੍ਰਬੰਧਾਂ ਲਈ ਹਲਕਾ ਵਿਧਾਇਕ, ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਕੀਤਾ ਗਿਆ ਸਨਮਾਨਤ

  • ਜ਼ਿਲ੍ਹਾ ਪੱਤਰਕਾਰ ਯੂਨੀਅਨ ਵੱਲੋਂ ਕਰਵਾਏ ਸਮਾਗਮ ਦੌਰਾਨ ਐਸ.ਪੀ. (ਡੀ), ਐਸ.ਡੀ.ਐਮ., ਕਾਰਜ ਸਾਧਕ ਅਫਸਰ ਦਾ ਕੀਤਾ ਗਿਆ ਸਨਮਾਨ
  • ਸਲਾਨਾਂ ਸ਼ਹੀਦੀ ਸਭਾ ਦੌਰਾਨ 40 ਲੱਖ ਤੋਂ ਵੱਧ ਸੰਗਤ ਫ਼ਤਹਿਗੜ੍ਹ ਸਾਹਿਬ ਵਿਖੇ ਹੋਈ ਨਤਮਸਤਕ

ਫ਼ਤਹਿਗੜ੍ਹ ਸਾਹਿਬ, 04 ਜਨਵਰੀ : ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਹਰੇਕ ਸਾਲ ਆਯੋਜਿਤ ਕੀਤੀ ਜਾਣ ਵਾਲੀ ਸ਼ਹੀਦੀ ਸਭਾ ਦੌਰਾਨ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੰਗਤ ਦੀ ਸੁਰੱਖਿਆ ਤੇ ਸਹੂਲਤ ਲਈ ਕੀਤੇ ਗਏ ਪ੍ਰਬੰਧਾਂ ਕਾਰਨ ਅੱਜ ਜ਼ਿਲ੍ਹਾ ਪੱਤਰਕਾਰ ਯੂਨੀਅਨ ਵੱਲੋਂ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ, ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ, ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ, ਐਸ.ਪੀ. (ਡੀ) ਰਾਕੇਸ਼ ਯਾਦਵ, ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ਼੍ਰੀ ਅਰਵਿੰਦ ਕੁਮਾਰ, ਜ਼ਿਲ੍ਹਾ ਲੋਕ ਸੰਪਰਕ ਅਫਸਰ ਸ਼੍ਰੀ ਭੁਪੇਸ਼ ਚੱਠਾ, ਨਗਰ ਕੌਂਸਲ ਸਰਹਿੰਦ ਦੇ ਕਾਰਜ ਸਾਧਕ ਅਫਸਰ ਸ਼੍ਰੀ ਸੰਗੀਤ ਕੁਮਾਰ ਅਤੇ ਸੈਨੇਟਰੀ ਇੰਸਪੈਕਟਰ ਸ਼੍ਰੀ ਮਨੋਜ ਕੁਮਾਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।  ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਵਿਧਾਇਕ ਸ. ਲਖਵੀਰ ਸਿੰਘ ਰਾਏ ਨੇ ਪੱਤਰਕਾਰ ਯੂਨੀਅਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਸਮਾਜ ਵਿੱਚ ਹੁੰਦੇ ਚੰਗੇ ਤੇ ਮਾੜੇ ਕੰਮਾਂ ਬਾਰੇ ਆਮ ਲੋਕਾਂ ਤੱਕ ਸੂਚਨਾ ਪਹੁੰਚਾਉਣ ਵਿੱਚ ਮੀਡੀਆ ਦਾ ਅਹਿਮ ਯੋਗਦਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਮੀਡੀਆ ਨੇ ਜਿਸ ਤਰ੍ਹਾਂ ਪ੍ਰਸ਼ਾਸ਼ਨ ਦਾ ਸਹਿਯੋਗ ਦਿੱਤਾ ਉਹ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਵਿਖੇ ਇਸ ਵਾਰ ਆਯੋਜਿਤ ਕੀਤੀ ਗਈ ਸ਼ਹੀਦੀ ਸਭਾ ਦੌਰਾਨ ਸੰਗਤ ਦਾ ਰਿਕਾਰਡ ਇਕੱਠ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਿਆ ਹੈ ਅਤੇ ਸਥਾਨਕ ਵਿਧਾਇਕ ਹੋਣ ਕਾਰਨ ਉਨ੍ਹਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਹਲਕੇ ਵਿੱਚ ਆਈ ਸੰਗਤ ਦੀ ਪੂਰੀ ਤਰ੍ਹਾਂ ਦੇਖ-ਰੇਖ ਕਰਦੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਸ਼ਹੀਦੀ ਸਭਾ ਦੌਰਾਨ ਕੀਤੇ ਗਏ ਪ੍ਰਬੰਧਾਂ ਦੀ ਨਿੱਜੀ ਤੌਰ ਤੇ ਨਿਗਰਾਨੀ ਕਰ ਰਹੇ ਸਨ ਅਤੇ ਉਨ੍ਹਾਂ ਵੱਲੋਂ ਇਹ ਸਪਸ਼ਟ ਹਦਾਇਤ ਦਿੱਤੀ ਗਈ ਸੀ ਕਿ ਸੰਗਤ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕੀਤੇ ਪ੍ਰਬੰਧਾਂ ਲਈ ਵਿਸ਼ੇਸ਼ ਤੌਰ ਤੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਦੀ ਭਰਪੂਰ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹਾ ਪੱਤਰਕਾਰ ਯੂਨੀਅਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੱਖਾਂ ਦੀ ਗਿਣਤੀ ਵਿੱਚ ਫ਼ਤਹਿਗੜ੍ਹ ਸਾਹਿਬ ਪੁੱਜੀ ਸੰਗਤ ਦੀ ਸਹੂਲਤ ਲਈ ਚਲਾਈ ਗਈ ਸ਼ਟਲ ਬੱਸ ਸੇਵਾ, ਆਵਾਜਾਈ ਦੇ ਬਦਲਵੇਂ ਪ੍ਰਬੰਧਾਂ , ਆਰਜੀ ਬੱਸ ਸਟੈਂਡ, ਪੁਲਿਸ ਦੇ ਸਮਾਧਾਨ ਕੇਂਦਰਾਂ ਦੀ ਸ਼ਹੀਦੀ ਸਭਾ ਦੌਰਾਨ ਵਿਸ਼ੇਸ਼ ਸ਼ਲਾਘਾ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਕੰਮ ਬਿਨਾਂ ਟੀਮ ਤੋਂ ਨਹੀਂ ਹੋ ਸਕਦਾ, ਇਸ ਲਈ ਸ਼ਹੀਦੀ ਸਭਾ ਦੌਰਾਨ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਖਿੜੇ ਮੱਥੇ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਹੈ ਜਿਨ੍ਹਾਂ ਦਾ ਸਹਿਯੋਗ ਸਦਕਾ ਹੀ ਸ਼ਹੀਦੀ ਸਭਾ ਬਿਨਾਂ ਕਿਸੇ ਮੁਸ਼ਕਲ ਤੋਂ ਸੰਪਨ ਹੋ ਸਕੀ। ਉਨ੍ਹਾਂ ਨਗਰ ਕੌਂਸਲ ਸਰਹਿੰਦ ਦੇ ਕਾਰਜ ਸਾਧਕ ਅਫਸਰ ਅਤੇ ਉਨ੍ਹਾਂ ਦੀ ਸਫਾਈ ਸੇਵਕਾਂ ਦੀ ਟੀਮ ਦੀ ਵੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਕਿਹਾ ਕਿ ਸ਼ਹੀਦੀ ਸਭਾ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਦੀ ਸਹੂਲਤ ਤੇ ਸੁਰੱਖਿਆ ਲਈ ਜ਼ਿਲ੍ਰਾ ਪੁਲਿਸ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਦਿਨ ਰਾਤ ਇੱਕ ਕਰਕੇ ਡਿਊਟੀ ਨਿਭਾਈ ਜਿਸ ਸਦਕਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਈ। ਉਨ੍ਹਾਂ ਕਿਹਾ ਕਿ ਇੱਕ ਅਨੁਮਾਨ ਅਨੁਸਾਰ 25 ਦਸੰਬਰ ਤੱਕ ਹੀ ਲਗਭਗ 40 ਲੱਖ ਸ਼ਰਧਾਲੂ ਗੁਰਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਸਨ। ਉਨ੍ਹਾਂ ਜ਼ਿਲ੍ਹਾ ਪੱਤਰਕਾਰ ਯੂਨੀਅਨ ਵੱਲੋਂ ਕਰਵਾਏ ਇਸ ਸਨਮਾਨ ਸਮਾਰੋਹ ਦੀ ਵੀ ਸ਼ਲਾਘਾ ਕੀਤੀ ਅਤੇ ਯੂਨੀਅਨ ਦਾ ਧੰਨਵਾਦ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸ਼੍ਰੀ ਗੁਰਸਤਿੰਦਰ ਸਿੰਘ ਜੱਲਾ, ਸ਼੍ਰੀ ਸਤੀਸ਼ ਲਟੌਰ, ਸ਼੍ਰੀ ਪ੍ਰਿਤਪਾਲ ਸਿੰਘ ਜੱਸੀ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।