ਸਰਕਾਰੀ ਕਾਲਜ ਰੋਪੜ ਵਿਖੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਵੱਲੋਂ ਕੰਪਿਊਟਰ ਲੈਬ ਦਾ ਉਦਘਾਟਨ

ਰੂਪਨਗਰ, 21 ਅਪ੍ਰੈਲ : ਸਰਕਾਰੀ ਕਾਲਜ ਰੋਪੜ ਵਿਖੇ ਕੰਪਿਊਟਰ ਸਾਇੰਸ ਦੇ ਵਿਦਿਆਰਥੀਆਂ ਲਈ ਕੰਪਿਊਟਰ ਲੈਬ ਤਿਆਰ ਕੀਤੀ ਗਈ, ਜਿਸ ਦਾ ਉਦਘਾਟਨ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਹਲਕਾ ਵਿਧਾਇਕ ਦਾ ਸਰਕਾਰੀ ਕਾਲਜ ਰੋਪੜ ਦੀ ਸਿੱਖਿਆ ਸਹੂਲਤਾਂ ਨੂੰ ਉੱਚਾ ਚੁੱਕਣ ਲਈ ਧੰਨਵਾਦ ਕੀਤਾ। ਵਾਈਸ ਪ੍ਰਿੰਸੀਪਲ ਡਾ. ਹਰਜਸ ਕੌਰ ਨੇ ਦੱਸਿਆ ਕਿ ਇਸ ਲੈਬ ਦਾ ਨਾਂ ਆਧੁਨਿਕ ਕੰਪਿਊਟਰ ਦੇ ਪਿਤਾਮਾ ਐਲਨ ਟਿਊਰਿਗ ਦੇ ਨਾਂ ਤੇ ਰੱਖਿਆ ਗਿਆ ਹੈ। ਕੰਪਿਊਟਰ ਲੈਬ ਦਾ ਉਦਘਾਟਨ ਕਰਦੇ ਹੋਏ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਕੁਮਾਰ ਚੱਢਾ ਨੇ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕੰਪਿਊਟਰ ਲੈਬ ਦੀ ਸਹਾਇਤਾ ਨਾਲ ਪਿੰਡਾਂ, ਸ਼ਹਿਰਾਂ ਅਤੇ ਇਲਾਕੇ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ਼ ਸੰਬੰਧੀ ਜਾਣਕਾਰੀ ਹਾਸਲ ਕਰਕੇ ਆਮ ਲੋਕਾਂ ਵਿੱਚ ਇਸਦਾ ਪ੍ਰਚਾਰ ਅਤੇ ਪ੍ਰਸਾਰ ਕਰਨ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਲੈਬ ਦੀ ਮੱਦਦ ਨਾਲ਼ ਪਿੰਡਾਂ ਅਤੇ ਦਿਹਾਤੀਆਂ ਇਲਾਕੇ ਵਿਚੋਂ ਆਉਣ ਵਾਲ਼ੇ ਵਿਦਿਆਰਥੀਆਂ ਲਈ ਘੱਟ ਫੀਸ ਉਤੇ ਬਿਹਤਰ ਤਕਨੀਕੀ ਸਿੱਖਿਆ ਪ੍ਰਾਪਤ ਕਰ ਸਕਣਗੇ ਜੋ ਕਿ ਵਰਤਮਾਨ ਸਮੇਂ ਵਿਚ ਮੰਗ ਵਿਚ ਰਹਿਣ ਵਾਲ਼ੀ ਨੌਕਰੀ ਨੂੰ ਪ੍ਰਾਪਤ ਕਰਨ ਵਿਚ ਅਹਿਮ ਯੋਗਦਾਨ ਪਾਉਂਦੀ ਹੈ। ਇਸ ਦੌਰਾਨ ਉਨ੍ਹਾਂ ਜੋਗਰਫੀ ਵਿਭਾਗ ਵੱਲੋਂ ‘ਅੰਤਰ-ਰਾਸ਼ਟਰੀ ਧਰਤੀ ਦਿਵਸ’ ਦੇ ਸਬੰਧ ਵਿੱਚ ਮਨਾਏ ਜਾ ਰਹੇ ਪ੍ਰੋਗਰਾਮਾਂ ਦੀ ਲੜੀ ਤਹਿਤ ਕਾਲਜ ਕੈਂਪਸ ਵਿੱਚ ਪੌਦਾ ਲਗਾ ਕੇ ਇਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਕਾਲਜ ਕੌਂਸਲ ਮੈਂਬਰ ਡਾ. ਸੁਖਜਿੰਦਰ ਕੌਰ, ਪ੍ਰੋ. ਮੀਨਾ ਕੁਮਾਰੀ, ਪ੍ਰੋ. ਸ਼ਮਿੰਦਰ ਕੌਰ, ਡਾ. ਨਿਰਮਲ ਸਿੰਘ ਬਰਾੜ, ਡਾ. ਦਲਵਿੰਦਰ ਸਿੰਘ, ਡਾ. ਜਤਿੰਦਰ ਕੁਮਾਰ, ਪ੍ਰੋ. ਰਣਦੀਪ ਸਿੰਘ, ਪ੍ਰੋ. ਡਿੰਪਲ ਧੀਰ, ਪ੍ਰੋ. ਗੁਰਦੀਪ ਸਿੰਘ ਅਤੇ ਪ੍ਰੋ. ਮਨਪ੍ਰੀਤ ਸਿੰਘ ਤੋਂ ਇਲਾਵਾ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।