ਸਟਾਪ ਡਾਇਰੀਆਂ ਮੁਹਿੰਮ ਦੇ ਸਬੰਧ ਵਿੱਚ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਖੇ ਬਨਾਏ ਗਏ ਹਨ ਓਆਰਐਸ ਅਤੇ ਜਿੰਕ ਕਾਰਨਰ

  • ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਪ੍ਰਸ਼ਾਸ਼ਣ ਅਤੇ ਸਿਹਤ ਵਿਭਾਗ ਚੌਕਸ: ਡਾ ਸੇਨੂੰ ਦੁੱਗਲ
  • ਦਸਤਾਂ ਦਾ ਸਮੇਂ ਸਿਰ ਇਲਾਜ ਕਰਨ ਨਾਲ ਛੋਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਇਆ ਜਾ ਸਕਦਾ ਹੈ: ਡਾ ਚੰਦਰ ਸ਼ੇਖਰ ਕੱਕੜ
  • ਸਿਹਤ ਵਿਭਾਗ ਫਾਜਿਲਕਾ 31 ਅਗਸਤ ਤੱਕ ਮਨਾ ਰਿਹਾ ਹੈ ਸਟਾਪ ਡਾਇਰੀਆਂ ਮੁਹਿੰਮ: ਡਾ ਚੰਦਰ ਸ਼ੇਖਰ ਕੱਕੜ

ਫਾਜਿਲਕਾ 17 ਜੁਲਾਈ 2024 : ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਤਹਿਤ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੀ ਯੋਗ ਅਗਵਾਈ ਵਿੱਚ ਜਿਲ੍ਹਾ ਫਾਜਿਲਕਾ ਵਿੱਚ 31 ਅਗਸਤ ਤੱਕ ਸਟਾਪ ਡਾਇਰੀਆਂ ਮੁਹਿੰਮ ਚੱਲ ਰਹੀ ਹੈ। ਇਸ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਸਿਹਤ ਵਿਭਾਗ 31 ਅਗਸਤ ਤੱਕ ਜਿਲ੍ਹੇ ਅੰਦਰ ਸਟਾਪ ਡਾਇਰੀਆ ਮੁਹਿੰਮ ਚਲਾ ਰਿਹਾ ਹੈ। ਉਹਨਾਂ ਦੱਸਿਆ ਕਿ ਭਾਰਤ ਵਿੱਚ ਡਾਇਰੀਏ ਨਾਲ ਛੋਟੇ ਬੱਚਿਆਂ ਦੀ ਮੌਤ ਦਰ ਬਹੁਤ ਜ਼ਿਆਦਾ ਹੈ। ਇਸ ਮੁਹਿੰਮ ਦਾ ਮਕਸਦ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਡਾਇਰੀਏ ਕਾਰਨ ਹੋਣ ਵਾਲੀਆਂ ਮੌਤਾਂ ਤੇ ਕੰਟਰੋਲ ਕਰਨਾ ਹੈ। ਉਹਨਾਂ ਦੱਸਿਆ ਕਿ ਬਰਸਾਤੀ ਮੌਸਮ ਵਿੱਚ ਬੱਚੇ ਦਸਤਾਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਰਕੇ ਬੱਚਿਆਂ ਵਿੱਚ ਪਾਣੀ ਦੀ ਘਾਟ ਹੋ ਜਾਂਦੀ ਹੈ ਅਤੇ ਕਈ ਵਾਰੀ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਜਾਗਰੂਕਤਾ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ ਜਿਲ੍ਹੇ ਦੀਆਂ ਸਿਹਤ ਸੰਸਥਾਵਾਂ ਵਿੱਚ ਓ ਆਰ ਐਸ ਅਤੇ ਜਿੰਕ ਕਾਰਨਰ ਬਨਾਏ ਗਏ ਹਨ। ਜਿੰਕ ਕਾਰਨਰ ਤੋਂ ਕੋਈ ਵੀ ਵਿਅਕਤੀ ਓ ਆਰ ਐਸ ਅਤੇ ਜਿੰਕ ਗੋਲੀਆਂ ਪ੍ਰਾਪਤ ਕਰ ਸਕਦਾ ਹੈ। ਉਹਨਾਂ ਸਿਹਤ ਵਿਭਾਗ ਨੂੰ ਆਦੇਸ਼ ਦਿੱਤੇ ਕਿ ਜਿਲ੍ਹੇ ਵਿੱਚ ਪਾਣੀ ਦੀ ਗੁਣਵੱਤਾ ਨੂੰ ਯਕੀਨੀ ਬਨਾਉਣ ਲਈ ਪਾਣੀ ਦੇ ਵੱਖ ਵੱਖ ਸਰੋਤਾਂ ਤੋਂ ਸੈਂਪਲਿੰਗ ਕਰਵਾਈ ਜਾਵੇ। ਡਾ ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਸਿਹਤ ਵਿਭਾਗ ਹਰੇਕ ਘਰ ਵਿੱਚ 5 ਸਾਲ ਤੱਕ ਦੇ ਬੱਚਿਆਂ ਲਈ ਓਆਰਐਸ ਦੇ ਰਿਹਾ ਹੈ ਅਤੇ ਲੋੜ ਪੈਣ ਤੇ ਜਿੰਕ ਦੀਆਂ ਗੋਲੀਆਂ ਵੀ 14 ਦਿਨਾਂ ਲਈ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਕਿਸੇ ਸਮੇਂ ਘਰ ਵਿੱਚ ਓ ਆਰ ਐਸ ਨਾ ਹੋਣ ਤੇ ਘਰ ਵਿੱਚ ਓਆਰ ਐਸ ਬਨਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇਕਰ ਬੱਚਿਆਂ ਜਾਂ ਬਾਲਗਾਂ ਨੂੰ ਜ਼ਿਆਦਾ ਦਸਤ ਲੱਗੇ ਹੋਣ, ਟੱਟੀ ਵਿੱਚ ਖੂਨ ਆ ਰਿਹਾ ਹੋਵੇ, ਜੇ ਬੱਚਾ ਪਾਣੀ ਜਾਂ ਮਾਂ ਦਾ ਦੁੱਧ ਨਾ ਪੀ ਸਕੇ ਅਤੇ ਨਿਢਾਲ ਹੋਵੇ, ਮਰੀਜ਼ ਕੰਮਜ਼ੋਰੀ ਮਹਿਸੂਸ ਕਰ ਰਿਹਾ ਹੋਵੇ, ਪਿਸ਼ਾਬ ਘੱਟ ਆ ਰਿਹਾ ਹੋਵੇ, ਅੱਖਾਂ ਪਿੱਛੇ ਨੂੰ ਧੱਸੀਆਂ ਹੋਣ, ਸਰੀਰ ਵਿੱਚ ਪਾਣੀ ਦੀ ਘਾਟ ਮਹਿਸੂਸ ਹੋਵੇ ਤਾਂ ਨੇੜੇ ਦੀ ਸਿਹਤ ਸੰਸਥਾ ਨਾਲ ਜਲਦੀ ਸੰਪਰਕ ਕੀਤਾ ਜ਼ਾਵੇ। ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਦਸਤਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਉਹਨਾਂ ਦੱਸਿਆ ਕਿ ਪਿਛਲੇ ਸਮੇਂ ਵਿੱਚ ਜਿਨ੍ਹਾਂ ਏਰੀਆਂ ਵਿੱਚ ਡਾਇਰੀਏ ਦੇ ਜ਼ਿਆਦਾ ਮਰੀਜ਼ ਆਏ ਸਨ, ਨੀਵੇਂ ਖੇਤਰ ਅਤੇ ਸਲੱਮ ਏਰੀਏ ਵਿੱਚੋਂ ਪਾਣੀ ਦੇ ਸੈਂਪਲ ਲੈ ਕੇ ਟੈਸਟ ਲਈ ਲੈਬ ਵਿੱਚ ਭੇਜੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਡਾਇਰੀਏ ਤੋਂ ਬਚਣ ਲਈ ਇਲਾਜ ਦੇ ਨਾਲ ਨਾਲ ਨਿੱਜੀ ਸਫ਼ਾਈ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਹਨਾਂ ਦੱਸਿਆ ਕਿ ਘਰ ਵਿੱਚ ਖਾਣਾ ਬਨਾਉਣ ਅਤੇ ਖਾਣਾ ਵਰਤਾਉਣ ਤੋਂ ਪਹਿਲਾਂ ਅਤੇ ਸ਼ੋਚ ਜਾਣ ਤੋਂ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕੀਤਾ ਜਾਵੇ, ਖਾਣਾ ਢੱਕ ਕੇ ਰੱਖਿਆ ਜਾਵੇ, ਪਾਣੀ ਉਬਾਲ ਕੇ ਪੀਤਾ ਜਾਵੇ, ਘਰ ਵਿੱਚ ਬਣਿਆ ਖਾਣਾ ਹੀ ਖਾਧਾ ਜਾਵੇ, ਸਬਜੀਆਂ ਅਤੇ ਫ਼ਲ ਸਾਫ਼ ਕਰਕੇ ਵਰਤੋਂ ਵਿੱਚ ਲਿਆਂਦੇ ਜਾਣ। ਡਾਇਰੀਏ ਤੋਂ ਬਚਣ ਲਈ ਸਿਹਤ ਵਿਭਾਗ ਸਿਹਤ ਸੰਸਥਾਵਾਂ, ਸਕੂਲ, ਕਾਲਜਾਂ ਅਤੇ ਹੋਰ ਜਨਤਕ ਥਾਵਾਂ ਤੇ ਜਾਗਰੂਕਤਾ ਕਰ ਰਿਹਾ ਹੈ।