ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ  ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।

ਰਾਏਕੋਟ, 04 ਫਰਵਰੀ (ਚਮਕੌਰ ਸਿੰਘ ਦਿਓਲ) : ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ’ਚ ਅੱਜ ਸਥਾਨਕ ਗੁਰੂਦੁਆਰਾ ਭਗਤ ਰਵਿਦਾਸ ਜੀ ਦੀ ਪ੍ਰਬੰਧਕੀ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਰਹਿਨੁਮਾਈ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਅਰੰਭ ਹੋਇਆ ਅਤੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਦੁਪਹਿਰ ਬਾਅਦ ਸਥਾਨਕ ਪੁਰਾਣਾ ਬੱਸ ਸਟੈਂਡ ਨੇੜੇ ਬਣਾਏ ਗਏ ਪੜਾਅ ’ਤੇ ਪੁੱਜਾ, ਜਿੱਥੇ ਸੰਗਤਾਂ ਵਲੋਂ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਨਗਰ ਕੀਰਤਨ ਦੇ ਸਵਾਗਤ ਲਈ ਸਾਬਕਾ ਸੰਸਦੀ ਸਕੱਤਰ ਅਤੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਮੈਂਬਰ ਬਿਕਰਮਜੀਤ ਸਿੰਘ ਖਾਲਸਾ ਵੀ ਉਚੇਚੇ ਤੌਰ ’ਤੇ ਹਾਜ਼ਰ ਹੋਏ ਅਤੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਅਸ਼ੀਰਵਾਦ ਹਾਸਲ ਕੀਤਾ। ਇਸ ਮੌਕੇ ਗੁਰਦੁਆਰਾ ਕਮੇਟੀ ਵਲੋਂ ਪ੍ਰਧਾਨ ਬੂਟਾ ਸਿੰਘ ਸਪਰਾ  ਅਤੇ ਮੀਤ ਪ੍ਰਧਾਨ ਗੁਰਮੀਤ ਸਿੰਘ ਪੰਮੀ ਦੀ ਅਗਵਾਈ ’ਚ ਸ. ਖਾਲਸਾ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਖਾਲਸਾ ਵਲੋਂ ਨਗਰ ਕੀਰਤਨ ਦੇ ਸਬੰਧ ’ਚ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਲਗਾਏ ਗਏ ਕੜਾਹ ਪ੍ਰਸਾਦ ਦੇ ਲੰਗਰ ਵਿੱਚ ਵੀ ਸੇਵਾ ਕੀਤੀ ਅਤੇ ਸੰਗਤਾਂ ਨੂੰ ਗੁਰਪੁਰਬ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਪ੍ਰਧਾਨ ਬੂਟਾ ਸਿੰਘ ਸਪਰਾ ਨੇ ਸਮੂਹ ਸੰਗਤ ਨੂੰ ਗੁਰੂ ਰਵਿਦਾਸ ਜੀ ਦੇ ਪਾਵਨ ਆਗਮਨ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਪ੍ਰਧਾਨ ਬੂਟਾ ਸਿੰਘ ਹਰਦਾਸਪੁਰਾ, ਮੀਤ ਪ੍ਰਧਾਨ ਗੁਰਮੀਤ ਸਿੰਘ, ਕੈਸ਼ੀਅਰ ਸੁਖਵਿੰਦਰ ਸਿੰਘ ਮੁਖਤਿਆਰ ਸਿੰਘ ਛਾਪਾ, ਕੁਲਦੀਪ ਸਿੰਘ ਚੀਮਾ, ਸਕੱਤਰ ਅਵਤਾਰ ਸਿੰਘ, ਬਲਵੀਰ ਸਿੰਘ, ਹਾਕਮ ਸਿੰਘ ਬਾਲਾ ਜੀ, ਧਰਮਪਾਲ ਠੇਕੇਦਾਰ, ਰਾਮ ਗੋਪਾਲ ਰਾਏਕੋਟੀ, ਸੁਸ਼ੀਲ ਕੁਮਾਰ, ਡਾ. ਪ੍ਰਵੀਨ ਅੱਗਰਵਾਲ, ਲਵਲੀ ਨਾਰੰਗ, ਰਾਜੂ, ਜੱਗਾ ਚੋਪੜਾ, ਚਮਕੌਰ ਸਿੰਘ ਦਿਓਲ, ਰਮਨਦੀਪ ਵਰਮਾਂ, ਲਖਵਿੰਦਰ ਮੱਲ੍ਹੀ, ਵਿਨੋਦ ਜੈਨ, ਅਖਤਰ ਜੂਬੈਰੀ, ਰਛਪਾਲ ਸਿੰਘ ਗਰੇਵਾਲ, ਗੁਰਮੀਤ ਸਿੰਘ ਬੱਸੀਆਂ, ਨਾਥ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।