'ਸਮਾਨਤਾ ਅਤੇ ਭਾਈਚਾਰੇ ਦੇ ਉਸਾਰੂ ਟੀਚਿਆਂ ਲਈ ਅੰਤਰ ਧਾਰਮਿਕ ਸਮਝ ਅਤੇ ਪ੍ਰੋਗਰਾਮਿੰਗ'ਵਿਸ਼ੇ ਤੇ ਕਾਨਫਰੰਸ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ਇੰਸਟੀਚੂਟ ਆਫ਼ ਓਬਜ਼ੈਕਟਿਵ ਸਟੱਡੀਜ਼, ਨਵੀਂ ਦਿੱਲੀ ਅਤੇ ਬਾਬਾ ਫ਼ਰੀਦ ਸੈਂਟਰ ਫ਼ਾਰ ਸੂਫ਼ੀ ਸਟੱਡੀਜ਼ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਦੋ ਰੋਜ਼ਾ ਰਾਸ਼ਟਰੀ ਕਾਨਫਰੰਸ ਦਾ ਅਗਾਜ਼ ਹੋ ਗਿਆ। ''ਸਮਾਨਤਾ ਅਤੇ ਭਾਈਚਾਰੇ ਦੇ ਉਸਾਰੂ ਟੀਚਿਆਂ ਲਈ ਅੰਤਰ ਧਾਰਮਿਕ ਸਮਝ ਅਤੇ ਪ੍ਰੋਗਰਾਮਿੰਗ'' ਵਿਸ਼ੇ ਉੱਤੇ ਕਰਵਾਈ ਜਾ ਰਹੀ ਇਸ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਵਿੱਚ ਬੋਲਦਿਆਂ ਸੈਂਟਰਲ ਯੂਨੀਵਰਸਿਟੀ ਆਫ਼ ਹਿਮਾਚਲ ਪ੍ਰਦੇਸ ਦੇ ਚਾਂਸਲਰ ਪ੍ਰੋ.ਹਰਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਗੋਸ਼ਟਿ ਦੀ ਪ੍ਰਥਾ ਦਿੱਤੀ ਹੈ ਜਿਸ ਅਨੁਸਾਰ ਅਸੀਂ ਨਿਰੰਤਰ ਰੂਪ ਵਿੱਚ ਸਮਾਨਾਂਤਰ ਧਾਰਮਿਕ ਵਿਚਾਰਧਾਰਾਵਾਂ ਨਾਲ਼ ਸੰਪਰਕ ਵਿੱਚ ਰਹਿ ਸਕਦੇ ਹਾਂ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਸਾਨੂੰ ਬਿਨਾਂ ਕੋਈ ਗ਼ੁੱਸਾ ਕੀਤੇ ਹਰ ਧਰਮ ਜਾਂ ਵਿਅਕਤੀ ਨਾਲ਼ ਸੰਵਾਦ ਦਾ ਰਿਸ਼ਤਾ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸੰਵਾਦ ਦੀ ਇਹ ਰਵਾਇਤ ਸਾਡੇ ਮਹਾਨ ਵਿਰਸੇ ਵਿੱਚੋਂ ਹੀ ਪ੍ਰਾਪਤ ਹੋਈ ਹੈ। ਕਾਨਫਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਸਾਨੂੰ ਮਜ਼ਹਬੀ ਸੰਵਾਦ ਰਚਾਉਂਦਿਆਂ ਸਾਨੂੰ ਗ਼ੈਰ-ਮਜ਼ਹਬੀ ਲੋਕਾਂ ਨੂੰ ਵੀ ਇਸ ਵਿੱਚ ਸ਼ਾਮਿਲ ਕਰਨ ਦੀ ਲੋੜ ਹੈ। ਸੰਵਾਦ ਦਾ ਘੇਰਾ ਹੋਰ ਮੋਕਲ਼ਾ ਹੋਣਾ ਚਾਹੀਦਾ ਹੈ। ਅਜਿਹਾ ਹੋਣ ਨਾਲ ਗ਼ੈਰ ਮਜ਼ਹਬੀ ਲੋਕਾਂ ਦੀ ਰੂਹਾਨੀਅਤ ਦਾ ਅਨੁਭਵ ਵੀ ਵਿੱਚ ਸ਼ਾਮਿਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਸੰਵਾਦ ਦੇ ਘੇਰੇ ਨੂੰ ਵੱਡਾ ਕਰਦਿਆਂ ਇਸ ਵਿੱਚ ਸਭ ਨੂੰ ਲੈ ਕੇ ਆਉਣਾ ਚਾਹੀਦਾ ਹੈ। ਕਿਸੇ ਵੀ ਖੇਤਰ ਦਾ ਕੋਈ ਵੀ ਵਿਅਕਤੀ ਸੰਵਾਦ ਦੇ ਘੇਰੇ ਤੋਂ ਬਾਹਰ ਨਹੀਂ ਰਹਿਣਾ ਚਾਹੀਦਾ ਹੈ। ਅਜਿਹਾ ਹੋਣ ਨਾਲ ਹੀ ਸਾਰਥਿਕ ਸਿੱਟੇ ਸਾਹਮਣੇ ਆ ਸਕਦੇ ਹਨ। ਉਨ੍ਹਾਂ ਦੂਜੀ ਗੱਲ ਵਿਗਿਆਨ ਦੇ ਹਵਾਲੇ ਨਾਲ਼ ਕਰਦਿਆਂ ਕਿਹਾ ਕਿ ਹੁਣ ਤਾਜ਼ਾ ਖੋਜਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਮਨੁੱਖੀ ਨਸਲ ਵਿੱਚ ਨਿਰੋਲ ਜਾਂ ਸ਼ੁੱਧ ਨਾਮ ਦੀ ਕੋਈ ਚੀਜ਼ ਨਹੀਂ ਹੈ। ਨਸਲ ਦੇ ਪੱਧਰ ਉੱਤੇ ਅਜਿਹੀਆਂ ਸਾਂਝਾਂ ਦੀ ਵਿਗਿਆਨਕ ਪੁਸ਼ਟੀ ਹੋ ਜਾਣ ਦੀ ਸੂਰਤ ਵਿੱਚ ਵੱਖ-ਵੱਖ ਪੱਧਰ ਉੱਤੇ ਸਿਰਜੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਆਪਸੀ ਸੰਵਾਦ ਦੀ ਲੋੜ ਹੋਰ ਪ੍ਰਸੰਗਿਕ ਹੋ ਗਈ ਹੈ। ਪ੍ਰੋ. ਮੁਹੰਮਦ ਅਫਜ਼ਲਵਾਨੀ, ਪਰੋ-ਵਾਈਸ ਚਾਂਸਲਰ, ਆਈ.ਆਈ.ਐੱਲ.ਐੱਮ. ਯੂਨੀਵਰਸਿਟੀ, ਗ੍ਰੇਟਰ ਨੋਇਡਾ ਅਤੇ ਵਾਈਸ ਚੇਅਰਮੈਨ, ਆਬਜੈਕਟਿਵ ਸਟੱਡੀਜ਼, ਨਵੀਂ ਦਿੱਲੀ ਵੱਲੋਂ ਇਸ ਮੌਕੇ ਆਪਣਾ ਮੁੱਖ-ਸੁਰ ਭਾਸ਼ਣ ਦਿੰਦੇ ਹੋਏ ਵਿਸ਼ੇ ਦੇ ਵੱਖ-ਵੱਖ ਪਹਿਲੂਆਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਧਰਮਾਂ ਦੇ ਸੰਵਾਦ ਦੀ ਲੋੜ ਹੋਰ ਵਧੇਰੇ ਹੋ ਗਈ ਹੈ। ਕਾਨਫਰੰਸ ਦੇ ਥੀਮ ਦੀ ਬੁਨਿਆਦੀ ਜਾਣ-ਪਛਾਣ ਆਈ.ਓ.ਐੱਸ. ਫੋਰਮ ਫ਼ਾਰ ਇੰਟਰ-ਰਿਲੀਜੀਅਸ ਅੰਡਰਸਟੈਂਡਿੰਗ, ਨਵੀਂ ਦਿੱਲੀ ਦੇ ਕਨਵੀਨਰ ਪ੍ਰੋਫੈਸਰ ਹਮੀਦੁੱਲਾ ਮਰਾਜ਼ੀ ਵੱਲੋਂ ਕਰਵਾਈ ਗਈ। ਉਦਘਾਟਨੀ ਸੈਸ਼ਨ ਦੇ ਮੁੱਖ ਬੁਲਾਰਿਆਂ ਵਿੱਚ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ, ਪਟਨਾ ਦੇ ਮੈਂਬਰ ਮੌਲਾਨਾ ਅਨਿਸੁਰ ਰਹਿਮਾਨ ਕਾਸਮੀ, ਪਰਮਾਰਥ ਨਿਕੇਤਨ ਆਸ਼ਰਮ, ਰਿਸ਼ੀਕੇਸ਼ ਦੇ ਪ੍ਰਧਾਨ ਅਤੇ ਅਧਿਆਤਮਿਕ ਮੁਖੀ ਸਵਾਮੀ ਚਿੰਦਾਨੰਦ ਸਰਸਵਤੀ, ਇੰਸਟੀਚਿਊਟ ਆਫ਼ ਸਿੱਖ ਸਟੱਡੀਜ਼, ਚੰਡੀਗੜ੍ਹ ਦੇ ਸੰਸਥਾਪਕ ਮੈਂਬਰ ਭਾਈ ਅਤੇ ਸਾਬਕਾ ਪ੍ਰਧਾਨ ਅਸ਼ੋਕ ਸਿੰਘ ਬਾਗੜੀਆਂ, ਆਲ ਇੰਡੀਆ ਕ੍ਰਿਸਚੀਅਨ ਕੌਂਸਲ ਦੇ ਸਕੱਤਰ ਜਨਰਲ ਜੌਹਨ ਦਿਆਲ ਅਤੇ ਨਯਾਘਰ ਆਟੋਨੋਮਸ ਉਤਕਲ ਯੂਨੀਵਰਸਿਟੀ ਓਡੀਸ਼ਾ ਤੋਂ ਮੁਖੀ ਡਾ. ਪ੍ਰਮੋਦ ਕੁਮਾਰ ਦਾਸ਼ ਸ਼ਾਮਿਲ ਰਹੇ। ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਆਈ.ਓ.ਐੱਸ. ਸੈਂਟਰ ਫ਼ਾਰ ਹਿਸਟੋਰੀਕਲ ਐਂਡ ਸਿਵਿਲਾਈਜ਼ੇਸ਼ਨਲ ਸਟੱਡੀਜ਼, ਅਲੀਗੜ੍ਹ ਦੇ ਡਾਇਰੈਕਟਰ, ਪ੍ਰੋ. ਸਈਅਦ ਜਮਾਲੁੱਦੀਨ ਨੇ ਕੀਤੀ ਜਦਕਿ ਧੰਨਵਾਦ ਦਾ ਮਤਾ ਪ੍ਰੋ. ਹਰਵਿੰਦਰ ਕੌਰ, ਡੀਨ, ਸੋਸ਼ਲ ਸਾਇੰਸਿਜ਼, ਫੈਕਲਟੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪੇਸ਼ ਕੀਤਾ।
ਦੂਜੇ ਸੈਸ਼ਨ ਦੀ ਪ੍ਰਧਾਨਗੀ ਪ੍ਰੋਫ਼ੈਸਰ ਹਮੀਦੁੱਲਾ ਮਰਾਜ਼ੀ ਨੇ ਕੀਤੀ ਜਿਸ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਕਈ ਨਾਮਵਰ ਵਿਦਵਾਨਾਂ ਨੇ ਧਰਮ ਅਤੇ ਟਿਕਾਊ ਵਿਕਾਸ ਦੇ ਸੰਦਰਭ ਵਿੱਚ ਸ਼ਾਂਤੀ ਵਿਸ਼ੇ ’ਤੇ ਆਪਣੇ ਖੋਜ ਪੱਤਰ ਪੇਸ਼ ਕੀਤੇ।