ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਚੱਪੜਚਿੜੀ ਵਿਖੇ ਯਾਦਗਾਰ ਨੂੰ ਜਾਂਦੀ ਸੜਕ ਦੀ ਹਾਲਤ ਮਾੜੀ

  •  ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਕੀਤੀ ਨਿਖੇਧੀ 

ਮੁਹਾਲੀ, 5 ਮਈ : ਸਿੱਖ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਚੱਪੜਚਿੜੀ ਵਿਖੇ ਯਾਦਗਾਰ ਨੂੰ ਜਾਂਦੀ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਅੱਜ ਚੱਪੜਚਿੜੀ ਯਾਦਗਾਰ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਮਈ ਦਾ ਮਹੀਨਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਸੇ ਮਹੀਨੇ ਸਿੱਖ ਪੰਥ ਦਾ ਰਾਜ ਸਥਾਪਤ ਕੀਤਾ ਸੀ। ਉਨ੍ਹਾਂ ਕਿਹਾ ਕਿ ਗੂਗਲ ਸਰਚ ਉੱਤੇ ਜੋ ਸੜਕ ਚੱਪੜਚਿੜੀ ਨੂੰ ਜਾਂਦੀ ਹੈ ਉਸ ਦੀ ਹਾਲਤ ਤਰਸਯੋਗ ਹੈ ਅਤੇ ਇਸ ਸੜਕ ਉੱਤੇ ਵੱਡੇ ਵੱਡੇ ਟੋਏ ਪਾਏ ਹੋਏ ਹਨ। ਇੱਥੇ ਗੱਡੀ ਚਲਾਉਣੀ ਲਗਭਗ ਨਾਮੁਮਕਿਨ ਹੈ। ਉਨ੍ਹਾਂ ਕਿਹਾ ਕਿ ਹਾਲਾਂਕਿ ਲਾਂਡਰਾਂ ਵਾਲੇ ਪਾਸੇ ਤੋਂ ਸੜਕ ਠੀਕ ਹੈ ਪਰ ਇਥੇ ਵੀ ਕੋਈ ਬੋਰਡ ਆਦਿ ਨਾ ਲੱਗਾ ਹੋਣ ਕਰਕੇ ਅਤੇ ਜ਼ਿਆਦਾਤਰ ਲੋਕਾਂ ਵੱਲੋਂ ਗੂਗਲ ਮੈਪ ਦੀ ਵਰਤੋਂ ਕਰਨ ਕਾਰਨ ਉਹ ਇਸ ਟੁੱਟੀ ਹੋਈ ਸੜਕ ਤੇ ਹੀ ਪੁੱਜਦੇ ਹਨ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਚੱਪੜਚਿੜੀ ਦੇ ਨਾਲ ਲਗਦੇ ਖਰੜ ਦੇ ਵਿਧਾਇਕ ਅਨਮੋਲ ਗਗਨ ਮਾਨ ਨੇ ਪੰਜਾਬ ਦੇ ਸੈਰ-ਸਪਾਟਾ ਮੰਤਰੀ ਵੀ ਹਨ। ਉਹਨਾ ਕਿਹਾ ਕੇ ਇੰਜ ਜਾਪਦਾ ਹੈ ਕਿ ਟੂਰਿਸਟ ਮੰਤਰੀ ਨੇ ਵੀ ਅੱਜਤਕ ਇਸ ਥਾਂ ਦਾ ਦੌਰਾ ਨਹੀਂ ਕੀਤਾ ਕਿਉਂਕਿ ਜੇਕਰ ਮੰਤਰੀ ਨੇ ਦੌਰਾ ਕੀਤਾ ਹੁੰਦਾ ਤਾਂ ਇਸ ਸੜਕ ਦੀ ਤਰਸਯੋਗ ਹਾਲਤ ਵੀ ਉਨ੍ਹਾਂ ਨੂੰ ਦਿਖਾਈ ਦਿੰਦੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਇਸ ਮਹਾਨ ਯਾਦਗਾਰ ਨੂੰ ਏਸ ਤਰ੍ਹਾਂ ਅਣਗੌਲਿਆਂ ਕੀਤਾ ਜਾਣਾ ਬੇਹੱਦ ਤਕਲੀਫਦੇਹ ਹੈ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਇਸ ਮਹਾਨ ਯਾਦਗਾਰ ਦਾ ਪ੍ਰਚਾਰ-ਪ੍ਰਸਾਰ ਵੀ ਪੰਜਾਬ ਸਰਕਾਰ ਨੇ ਨਹੀਂ ਕੀਤਾ ਜਿਸ ਕਾਰਨ ਵੱਡੀ ਗਿਣਤੀ ਲੋਕ ਅਤੇ ਖਾਸ ਤੌਰ ਤੇ ਨੌਜਵਾਨ ਵਰਗ ਏਸ ਯਾਦਗਾਰ ਤੱਕ ਪਹੁੰਚਿਆ ਹੀ ਨਹੀ। ਉਨ੍ਹਾਂ ਕਿਹਾ ਕਿ ਹਾਲਾਂਕਿ ਚੱਪੜਚਿੜੀ ਯਾਦਗਾਰ ਦੇ ਅੰਦਰ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਪ੍ਰਾਈਵੇਟ ਕੰਪਨੀ ਨੂੰ ਦਿਤੀ ਹੋਈ ਹੈ ਪਰ ਇਸ ਯਾਦਗਾਰ ਵਿੱਚ ਉੱਪਰ ਜਾਣ ਲਈ ਬਣਾਈ ਗਈ ਲਿਫਟ ਵੀ ਅੱਜ ਤੱਕ ਚਾਲੂ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਗਮਾਡਾ ਇਸ ਖੇਤਰ ਦੀ ਜ਼ਮੀਨਾਂ ਵੇਚ ਵੇਚ ਕੇ ਕਰੋੜਾਂ ਅਰਬਾਂ ਦੀ ਕਮਾਈ ਕਰਦਾ ਹੈ ਪਰ ਚਪੜ ਚਿੜੀ ਯਾਦਗਾਰ ਦੇ ਨਾਲ ਪਈ ਖਾਲੀ ਥਾਂ, ਜਿਥੇ ਜੰਗਲੀ ਬੂਟੀ ਉੱਗੀ ਪਈ ਹੈ, ਨੂੰ ਵਿਕਸਿਤ ਕਰਨ ਦੀ ਥਾਂ ਉੱਤੇ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨਿੱਜੀ ਦਿਲਚਸਪੀ ਲੈ ਕੇ ਚੱਪੜਚਿੜੀ ਯਾਦਗਾਰ ਦੇ ਨਾਲ ਟੁੱਟੀ ਸੜਕ ਦੀ ਹਾਲਤ ਸੁਧਾਰ ਕਰਵਾਉਣ ਅਤੇ ਇੱਥੇ ਖ਼ਾਲੀ ਪਈ ਜ਼ਮੀਨ ਨੂੰ ਸੁੰਦਰ ਪਾਰਕ ਵਿੱਚ ਤਬਦੀਲ ਕਰਵਾਉਣ ਤਾਂ ਜੋ ਦੂਰੋਂ-ਨੇੜਿਓਂ ਲੋਕ ਵੱਡੀ ਗਿਣਤੀ ਵਿੱਚ ਪਹੁੰਚ ਕਰਕੇ ਯਾਦਗਾਰ ਦੇ ਦਰਸ਼ਨ ਕਰਨ। ਉਨ੍ਹਾਂ ਕਿਹਾ ਕਿ 14 ਮਈ ਨੂੰ ਫਤਿਹ ਮਾਰਚ ਵੀ ਇੱਥੇ ਪੁੱਜਣਾ ਹੈ ਇਸ ਲਈ ਇਸ ਤੋਂ ਪਹਿਲਾਂ- ਪਹਿਲਾਂ ਇਹ ਸੜਕ ਦੀ ਹਾਲਤ ਠੀਕ ਕਰਵਾਈ ਜਾਵੇ।