ਜ਼ਿਲੇ ਭਰ ਦੇ ਸਕੂਲਾਂ, ਕਾਲਜਾਂ ਦੇ ਖੇਡ ਮੈਦਾਨਾ ਦੀ ਦਸ਼ਾ ਸੁਧਾਰ ਕੇ ਦਿੱਤੀ ਜਾਵੇਗੀ ਨਵੀਂ ਦਿੱਖ : ਢਿੱਲਵਾਂ

  • ਇੰਜੀ. ਢਿੱਲਵਾਂ ਨੇ ਸਕੂਲ ਆਫ ਐਮੀਨੈਂਸ ਕੋਟਕਪੂਰਾ ਦਾ ਕੀਤਾ ਅਚਨਚੇਤ ਦੌਰਾ!

ਕੋਟਕਪੂਰਾ, 8 ਜੁਲਾਈ : ਅੱਜ ਡਾ ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਸਕੂਲ ਫਾਰ ਐਮੀਨੈਂਸ) ਕੋਟਕਪੂਰਾ ਵਿਖੇ ਫੁੱਟਬਾਲ ਅਤੇ ਬਾਸਕਿਟਬਾਲ ਦੇ ਗਰਾਊਂਡਾਂ ਦੀ ਸਫਾਈ ਅਤੇ ਮੁਰੰਮਤ ਸਮੇਤ ਸਕੂਲ ਦੀਆਂ ਹੋਰ ਸਮੱਸਿਆਵਾਂ ਬਾਰੇ ਜਾਇਜਾ ਲੈਣ ਪੁੱਜੇ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਕਮੇਟੀ ਫਰੀਦਕੋਟ ਨੇ ਉੱਥੇ ਹਾਜਰ ਅਧਿਆਪਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਸਰਕਾਰ ਵਲੋਂ ਜਲਦ ਹੀ ਇਸ ਸਕੂਲ ਦੀਆਂ ਸਮੱਸਿਆਵਾਂ ਦਾ ਹੱਲ ਕਰਕੇ ਇਸ ਨੂੰ ਨਿਵੇਕਲਾ ਰੂਪ ਦਿੱਤਾ ਜਾਵੇਗਾ। ਇੰਜੀ. ਢਿੱਲਵਾਂ ਨੇ ਦੱਸਿਆ ਕਿ ਕਿਸੇ ਸਮੇਂ ਇਸ ਸਕੂਲ ਦੇ ਉਕਤ ਗਰਾਊਂਡ ਵਿੱਚ ਅੰਤਰਰਾਸ਼ਟਰੀ ਬਾਸਕਿਟਬਾਲ ਟੂਰਨਾਮੈਂਟ ਹੁੰਦੇ ਸਨ ਪਰ ਉਸ ਤੋਂ ਬਾਅਦ ਉਕਤ ਗਰਾਊਂਡ ਦੀ ਸਾਂਭ ਸੰਭਾਲ ਨਾ ਹੋਣ ਕਰਕੇ ਵੀਰਾਨੀ ਛਾਈ ਹੋਈ ਹੈ। ਇਸੇ ਤਰਾਂ ਫੁੱਟਬਾਲ ਅਤੇ ਹਾਕੀ ਦੇ ਮੈਚ ਵੀ ਇਸ ਸਕੂਲ ਦੀਆਂ ਗਰਾਊਂਡ ਵਿੱਚ ਸੂਬਾਈ ਜਾਂ ਦੇਸ਼ ਪੱਧਰੀ ਮੁਕਾਬਲੇ ਹੁੰਦੇ ਰਹੇ ਪਰ ਤਤਕਾਲੀਨ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵਲੋਂ ਇਸ ਪਾਸੇ ਧਿਆਨ ਨਾ ਦੇਣ ਕਰਕੇ ਨਾ ਤਾਂ ਵਿਦਿਆਰਥੀ-ਵਿਦਿਆਰਥਣਾ ਨੂੰ ਖੇਡਾਂ ਨਾਲ ਜੋੜਨ ਦੇ ਕੋਈ ਉਪਰਾਲੇ ਕੀਤੇ ਗਏ ਅਤੇ ਨਾ ਹੀ ਹਾਕੀ, ਫੁੱਟਬਾਲ, ਬਾਸਕਿਟਬਾਲ ਜਾਂ ਅਜਿਹੀਆਂ ਹੋਰ ਖੇਡਾਂ ਵਾਲੀਆਂ ਪੰਜਾਬ ਭਰ ਦੀਆਂ ਗਰਾਊਂਡਾਂ ਵੱਲ ਧਿਆਨ ਦੇਣ ਦੀ ਜਰੂਰਤ ਸਮਝੀ ਗਈ। ਉਹਨਾਂ ਦਾਅਵਾ ਕੀਤਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵਲੋਂ ਪੰਜਾਬ ਭਰ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੜਦੇ ਬੱਚਿਆਂ ਤੇ ਨੌਜਵਾਨਾ ਨੂੰ ਖੇਡਾਂ ਨਾਲ ਜੋੜਨ ਲਈ ਖੇਡ ਮੇਲਿਆਂ ਦੋਰਾਨ ਵੱਖ ਵੱਖ ਕਿਸਮਾ ਦੇ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਬੱਚਿਆਂ ਅਤੇ ਨੌਜਵਾਨਾਂ ਦੀ ਭਰਪੂਰ ਦਿਲਚਸਪੀ ਦੇਖਣ ਨੂੰ ਮਿਲੀ। ਇੰਜੀ. ਢਿੱਲਵਾਂ ਨੇ ਦੱਸਿਆ ਕਿ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੀਆਂ ਹਦਾਇਤਾਂ ਮੁਤਾਬਿਕ ਜਿਲਾ ਫਰੀਦਕੋਟ ਦੇ ਸਾਰੇ ਸਕੂਲਾਂ ਅਤੇ ਕਾਲਜਾਂ ਦੀਆਂ ਖੇਡ ਗਰਾਊਂਡਾਂ ਦੀ ਦਸ਼ਾ ਸੁਧਾਰ ਕੇ ਉਸਨੂੰ ਵਧੀਆ ਦਿੱਖ ਦਿੱਤੀ ਜਾਵੇਗੀ। ਉਂਝ ਉਹਨਾਂ ਦੱਸਿਆ ਕਿ ਇਸ ਬਾਰੇ ਮੇਵਾ ਸਿੰਘ ਸਿੱਧੂ ਜਿਲਾ ਸਿੱਖਿਆ ਅਫਸਰ (ਸੈਕੰਡਰੀ) ਅਤੇ ਜਿਲਾ ਖੇਡ ਅਫਸਰ ਫਰੀਦਕੋਟ ਨਾਲ ਵੀ ਬਕਾਇਦਾ ਸੰਪਰਕ ਕਰਕੇ ਅਗਲੇਰੀ ਰਣਨੀਤੀ ਤਿਆਰ ਕੀਤੀ ਜਾਵੇਗੀ ਤਾਂ ਜੋ ਜਿਲਾ ਫਰੀਦਕੋਟ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਸਥਿੱਤ ਸਰਕਾਰੀ ਸਕੂਲਾਂ ਅਤੇ ਕਾਲਜਾਂ ਦੇ ਖੇਡ ਮੈਦਾਨਾ ਦੀ ਦਸ਼ਾ ਸੁਧਾਰੀ ਜਾ ਸਕੇ। ਇੰਜੀ. ਢਿੱਲਵਾਂ ਨੇ ਦਾਅਵਾ ਕੀਤਾ ਕਿ ‘ਆਪ’ ਸਰਕਾਰ ਵਲੋਂ ਜਿੱਥੇ ਸਿੱਖਿਆ ਅਤੇ ਸਿਹਤ ਪ੍ਰਬੰਧਾਂ ਦੇ ਸੁਧਾਰ ਅਤੇ ਵਧੀਆ ਤੇ ਮੁਫਤ ਮੁਹੱਈਆ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਨੋਜਵਾਨਾ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੀ ਵਿਉਂਤਬੰਦੀ ਵੀ ਉਲੀਕੀ ਜਾ ਰਹੀ ਹੈ।