ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ’ਤੇ ਝੂਠਾ ਪਰਚਾ ਦਰਜ ਕਰਨ ਦੀ ਨਿੰਦਾ

ਰਾਏਕੋਟ, 14 ਜਨਵਰੀ : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਕਮੇਟੀ ਨੇ ਬੀਤੇ ਦਿਨੀਂ ਫਿਰੋਜ਼ਪੁਰ ਪੁਲਸ ਵਲੋਂ ਜਥੇਬੰਦੀ ਦੇ ਸੂਬਾਈ ਆਗੂ ਹਰਨੇਕ ਸਿੰਘ ਮਹਿਮਾ ’ਤੇ ਝੂਠਾ ਪਰਚਾ ਦਰਜ ਕਰਨ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦਿਆਂ ਪੰਜਾਬ ਸਰਕਾਰ ਤੋਂ ਇਹ ਪਰਚਾ ਤੁਰੰਤ ਰੱਦ ਕਰਨ ਦੀ ਜੋਰਦਾਰ ਮੰਗ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਫਿਰੋਜ਼ਪੁਰ ਪੁਲਸ ਦੇ ਇਸ ਪਰਚੇ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਮਨਸੂਰਵਾਲ ਸ਼ਰਾਬ ਫੈਕਟਰੀ ਖਿਲਾਫ ਚਲ ਰਹੇ ਸੰਘਰਸ਼ ਨੂੰ ਕਮਜੋਰ ਕਰਨ ਲਈ ਪਹਿਲਾਂ ਵੀ ਕਿਸਾਨ ਆਗੂਆਂ ਖਿਲਾਫ ਪਰਚੇ ਦਰਜ ਕਰਕੇ ਫਿਰੋਜ਼ਪੁਰ ਜੇਲ੍ਹ ’ਚ ਡੱਕੇ ਸਨ ਤੇ ਫਿਰ ਜਨਤਕ ਦਬਾਅ ਚ ਬਿਨਾਂ ਸ਼ਰਤ ਪ੍ਰਸਾਸ਼ਨ ਨੂੰ ਰਿਹਾ ਕਰਨ ਪਏ ਸਨ। ਉਨਾਂ ਕਿਹਾ ਕਿ ਪਰਚਾ ਰੱਦ ਨਾ ਹੋਣ ਦੀ ਸੂਰਤ ’ਚ ਪ੍ਰਸਾਸ਼ਨ ਨੂੰ ਕਿਸਾਨਾਂ ਦੇ ਤਿੱਖੇ ਗੁੱਸੇ ਤੇ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਵਾਰਨਿੰਗ ਦਿੱਤੀ ਹੈ। ਜਥੇਬੰਦੀ ਨੇ ਇਕ ਹੋਰ ਮਤੇ ਰਾਹੀਂ ਚੰਡੀਗੜ੍ਹ ਵਿਖੇ ਸਿੱਖ ਬੰਦੀਆਂ ਦੀ ਰਿਹਾਈ ਲਈ ਚਲ ਰਹੇ ਸੰਘਰਸ਼ ਦੀ ਹਿਮਾਇਤ ਦਾ ਵੀ ਐਲਾਨ ਦੇ ਨਾਲ ਲਤੀਫ਼ਪੁਰਾ ਉਜਾੜੇ ਖਿਲਾਫ ਚਲ ਰਹੇ ਜਨਤਕ ਸੰਘਰਸ਼ ਦੀ ਹਿਮਾਇਤ ਦਾ ਵੀ ਐਲਾਨ ਕੀਤਾ ਹੈ। ਇਸ ਸਮੇਂ  ਜਗਤਾਰ ਸਿੰਘ ਦੇਹੜਕਾ, ਸੁਖਵਿੰਦਰ ਸਿੰਘ ਹੰਬੜਾਂ, ਤਾਰਾ ਸਿੰਘ ਅੱਚਰਵਾਲ, ਕੁਲਵਿੰਦਰ ਸਿੰਘ ਗਰੇਵਾਲ ਆਦਿ ਆਗੂ ਹਾਜਰ ਸਨ।