ਕਾਮਰੇਡ ਦੀਪਾਂਕਰ ਭੱਟਾਚਾਰੀਆ ਮੁੜ ਚੁਣੇ ਗਏ ਲਿਬਰੇਸ਼ਨ ਦੇ ਜਨਰਲ ਸਕੱਤਰ

ਮਾਨਸਾ 21 ਫਰਵਰੀ : ਸੀਪੀਆਈ (ਐਮਐਲ) ਦਾ 11ਵਾਂ ਮਹਾਂ ਸੰਮੇਲਨ ਬੀਤੀ ਰਾਤ ਦੇਰ ਨਾਲ ਪਾਰਟੀ ਦੀ ਕੇਂਦਰੀ ਕਮੇਟੀ ਅਤੇ ਕੇਂਦਰੀ ਕੰਟਰੋਲ ਕਮਿਸ਼ਨ ਦੀ ਚੋਣ ਕਰਨ ਤੋਂ ਬਾਦ ਇਨਕਲਾਬੀ ਨਾਹਰਿਆਂ ਦੀ ਗੂੰਜ ਵਿੱਚ ਸੰਪਨ ਹੋਇਆ। ਡੈਲੀਗੇਟਾਂ ਨੇ ਗੁਪਤ ਵੋਟਿੰਗ ਰਾਹੀਂ 76 ਮੈਂਬਰੀ ਕੇਂਦਰੀ ਕਮੇਟੀ ਅਤੇ ਪੰਜ ਮੈਂਬਰੀ ਕੇਂਦਰੀ ਕੰਟਰੋਲ ਕਮਿਸ਼ਨ ਦੀ ਚੋਣ ਕੀਤੀ। ਮਹਾਂ ਸੰਮੇਲਨ ਵਿਚ ਦੇਸ਼ ਦੇ 20 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ 1639 ਡੈਲੀਗੇਟ ਅਤੇ 160 ਦਰਸ਼ਕ ਹਾਜ਼ਰ ਸਨ। ਬੇਸ਼ਕ ਪਿਛਲੀ ਕੇਂਦਰੀ ਕਮੇਟੀ ਵਲੋਂ ਪੇਸ਼ ਪੈਨਲ ਤੋਂ ਇਲਾਵਾ ਵੀ 6 ਉਮੀਦਵਾਰ ਮੈਦਾਨ ਵਿਚ ਸਨ, ਪਰ ਕਰੀਬ 85 ਪ੍ਰਤੀਸ਼ਤ ਡੈਲੀਗੇਟਾਂ ਨੇ ਪੈਨਲ ਵਿਚਲੇ ਉਮੀਦਵਾਰਾਂ ਨੂੰ ਹੀ ਵੋਟ ਦਿੱਤਾ। ਨਵੀਂ ਚੁਣੀ ਕੇਂਦਰੀ ਕਮੇਟੀ ਨੇ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੂੰ ਮੁੜ ਪਾਰਟੀ ਦਾ ਜਨਰਲ ਸਕੱਤਰ ਚੁਣਿਆ। ਜ਼ਿਕਰ ਯੋਗ ਹੈ ਕਿ ਕਾਮਰੇਡ ਦੀਪਾਂਕਰ ਪਿਛਲੇ ਦੋ ਦਹਾਕਿਆਂ ਤੋਂ ਪਾਰਟੀ ਦੇ ਜਨਰਲ ਸਕੱਤਰ ਚਲੇ ਆਏ ਰਹੇ ਹਨ। ਕੇਂਦਰੀ ਕੰਟਰੋਲ ਕਮਿਸ਼ਨ ਨੇ ਉਤਰਾਖੰਡ ਦੇ ਸੀਨੀਅਰ ਆਗੂ ਕਾਮਰੇਡ ਰਾਜਾ ਬਹੁਗੁਣਾ ਨੂੰ ਅਪਣਾ ਚੇਅਰਪਰਸਨ ਚੁਣਿਆ। ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਆਗੂ ਕਾਮਰੇਡ ਨਛੱਤਰ ਸਿੰਘ ਖੀਵਾ ਵੀ ਇਸ ਕੇਂਦਰੀ ਕਮਿਸ਼ਨ ਦੇ ਮੈਂਬਰ ਚੁਣੇ ਗਏ ਹਨ। ਇਸ ਵਾਰ ਕੇਂਦਰੀ ਕਮੇਟੀ ਵਿਚ ਵੱਖ ਵੱਖ ਸੂਬਿਆਂ ਅਤੇ ਮੋਰਚਿਆਂ ਤੋਂ 14ਨਵੇਂ ਮੈਂਬਰ ਸ਼ਾਮਲ ਕੀਤੇ ਗਏ ਹਨ। ਕਮੇਟੀ ਵਿਚ ਕੁਲ 13 ਔਰਤ ਪਾਰਟੀ ਆਗੂ ਸ਼ਾਮਲ ਹਨ ਤੇ ਭਵਿੱਖ ਵਿਚ ਔਰਤਾਂ ਦੀ ਪ੍ਰਤੀਨਿਧਤਾ ਨੂੰ ਹੋਰ ਵਧਾਉਣ ਦਾ ਟੀਚਾ ਵੀ ਤਹਿ ਕੀਤਾ ਗਿਆ। ਕਾਮਰੇਡ ਕੁਨਾਲ ਬਿਹਾਰ ਦੇ ਸੂਬਾ ਸਕੱਤਰ, ਜ਼ਿਕਰ ਯੋਗ ਹੈ ਕਿ ਸੀਪੀਆਈ (ਐਮ ਐਲ) ਦੇ ਮੋਢੀ ਸ਼ਹੀਦ ਕਾਮਰੇਡ ਚਾਰ ਮੌਜੂਮਦਾਰ ਦੇ ਬੇਟੇ ਅਤੇ ਪੱਛਮੀ ਬੰਗਾਲ ਇਕਾਈ ਦੇ ਸੂਬਾ ਸਕੱਤਰ ਕਾਮਰੇਡ ਅਭਿਜੀਤ ਮੌਜ਼ੂਮਦਾਰ, ਪਾਰਟੀ ਦੇ ਇਕ ਹੋਰ ਮੋਢੀ ਆਗੂ ਕਾਮਰੇਡ ਸਵਦੇਸ਼ ਭੱਟਾਚਾਰੀਆ ਅਤੇ ਬਿਹਾਰ ਵਿਧਾਨ ਸਭਾ ਵਿਚ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਕਾਮਰੇਡ ਮਹਿਬੂਬ ਆਲਮ ਵੀ ਸ਼ਾਮਲ ਹਨ। ਸਮਾਪਤੀ ਸੈਸ਼ਨ ਦੌਰਾਨ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਾਮਰੇਡ ਦੀਪਾਂਕਰ ਨੇ ਕਿਹਾ ਕਿ ਉਹ ਫਾਸ਼ੀਵਾਦ ਵਿਰੁੱਧ ਆਪਣੀ ਲੜਾਈ ਨੂੰ ਹੋਰ ਵਿਆਪਕ ਤੇ ਮਜ਼ਬੂਤ ​​ਕਰਨ ਲਈ ਅਪਣੀ ਪੂਰੀ ਤਾਕਤ ਝੋਂਕ ਦੇਵਾਂਗੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਮ ਜਨਤਾ ਦੇ, ਨੌਜਵਾਨਾਂ ਦੇ, ਧਾਰਮਿਕ ਤੇ ਕੌਮੀ ਘੱਟਗਿਣਤੀਆਂ, ਦਲਿਤਾਂ ਤੇ ਕਮਜ਼ੋਰ ਤਬਕਿਆਂ ਦੇ ਹਿੱਤਾਂ ਤੇ ਸਨਮਾਨ ਦੀ ਰਾਖੀ ਲਈ ਸੰਘਰਸ਼ ਤੇਜ਼ ਕਰਾਂਗੇ ਅਤੇ ਸੰਵਿਧਾਨ, ਲੋਕਤੰਤਰ ਅਤੇ ਦੇਸ਼ ਦੇ ਫੈਡਰਲ ਢਾਂਚੇ ਨੂੰ ਬਚਾਉਣ ਲਈ ਅਪਣੀ ਜਦੋਜਹਿਦ ਹੋਰ ਤੇਜ਼ ਕਰਾਂਗੇ।