ਨੌਜਵਾਨ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ 'ਚ ਪੁਲਿਸ ਮੁਲਾਜ਼ਮ ਖਿਲਾਫ ਪਰਚਾ ਦਰਜ  

ਸੰਗਰੂਰ, 30 ਜੁਲਾਈ : ਪਿੰਡ ਕਾਂਝਲਾ ਦੇ 28 ਸਾਲਾਂ ਨੌਜਵਾਨ ਲਖਵਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਦੀ ਅਸਾਧਾਰਨ ਹਾਲਤਾਂ ਵਿੱਚ ਹੋਈ ਮੌਤ ਨੂੰ ਇਨਸਾਫ਼ ਦਿਵਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੀ ਅਗਵਾਈ ਵਿੱਚ ਕਿਸਾਨਾਂ ਅਤੇ ਇਲਾਕੇ ਦੇ ਇਨਸਾਫ਼-ਪਸੰਦ ਲੋਕਾਂ ਵੱਲੋਂ, ਐੱਸਐੱਸਪੀ ਸੰਗਰੂਰ ਦੇ ਦਫ਼ਤਰ ਦੇ ਬਾਹਰ ਲੱਗਾਏ ਹੋਏ ਪੱਕੇ ਮੋਰਚੇ ਦੇ 9ਵੇਂ ਦਿਨ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਕਮੇਟੀ ਮੈਂਬਰ ਸਾਹਿਬ ਸਿੰਘ ਬਡਬਰ, ਐਕਸ਼ਨ ਕਮੇਟੀ ਦੇ ਕਨਵੀਨਰ ਜਗਰਾਜ ਸਿੰਘ ਹਰਦਾਸਪੁਰਾ, ਜ਼ਿਲ੍ਹਾ ਜਨਰਲ ਸਕੱਤਰ ਜਗਤਾਰ ਸਿੰਘ ਦੁੱਗਾਂ, ਜ਼ਿਲ੍ਹਾ ਖ਼ਜ਼ਾਨਚੀ ਸੁਖਦੇਵ ਸਿੰਘ ਘਰਾਚੋਂ ਨੇ ਐਲਾਨ ਕੀਤਾ 9 ਦਿਨਾਂ ਤੋਂ ਨੌਜਵਾਨ ਲਖਵਿੰਦਰ ਸਿੰਘ ਨੂੰ ਖੁਦਕੁਸ਼ੀ ਲਈ ਮਜ਼ਬੂਰ ਕਰਨ ਵਾਲੀ ਪੁਲਿਸ ਮੁਲਾਜ਼ਮ ਰਵਿੰਦਰ ਕੌਰ ਦੇ ਖ਼ਿਲਾਫ਼ ਪੁਲਿਸ ਥਾਣਾ ਲੌਂਗੋਵਾਲ ਵਿਖੇ ਐੱਫ ਆਈ ਆਰ 0080 ਮਿਤੀ 29-07-2023 ਧਾਰਾ 306 ਦਾ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਡੀਐੱਸਪੀ ਭਰਪੂਰ ਸਿੰਘ ਨੂੰ ਪੜਤਾਲ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਸ ਕੇਸ ਦੀ ਪੜਤਾਲ ਐੱਸ ਪੀ ਐੱਚ ਰਾਕੇਸ਼ ਕੁਮਾਰ ਦੀ ਅਗਵਾਈ ਵਿੱਚ ਟੀਮ ਬਣਾ ਦਿੱਤੀ ਹੈ ਅਤੇ ਇਸ ਦੇ ਨਾਲ ਬੀਕੇਯੂ (ਡਕੌਂਦਾ-ਧਨੇਰ) ਅਤੇ ਪਰਿਵਾਰ ਦੇ ਪੰਜ ਮੈਂਬਰ ਇਸ ਟੀਮ ਵੱਲੋਂ ਕੀਤੀ ਜਾਣ ਵਾਲੀ ਪੜਤਾਲ ਸਮੇਂ ਨਾਲ ਹੋਣਗੇ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਧੀਰ ਸਿੰਘ ਭੱਟੀਵਾਲ, ਗੁਰਪ੍ਰੀਤ ਸਿੰਘ ਛੰਨਾਂ, ਭਿੰਦਰ ਸਿੰਘ ਮੂੰਮ, ਬਾਬੂ ਸਿੰਘ ਮੂਲੋਵਾਲ, ਪਰਗਟ ਸਿੰਘ ਖਿਆਲਾ, ਵਰਿਆਮ ਸਿੰਘ ਖਿਆਲਾ, ਜਗਤਾਰ ਸਿੰਘ ਕਲੇਰਾਂ, ਕੁਲਵਿੰਦਰ ਸਿੰਘ ਕਾਂਝਲਾ ਤੇ ਗੁਰਮੁੱਖ ਸਿੰਘ ਸ਼ੇਰਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਕੂਮਤਾਂ ਦਾ ਇਹ ਦਸਤੂਰ ਰਿਹਾ ਹੈ ਕਿ ਭਾਵੇਂ ਕਿਸੇ ਵੀ ਰੰਗ ਦੀ ਪਾਰਟੀ ਸਤਾ ਦੀ ਕੁਰਸੀ ਉਪਰ ਬਿਰਾਜਮਾਨ ਹੋ ਜਾਵੇ, ਉਹ ਹਮੇਸ਼ਾ ਲੋਕ ਹਿੱਤਾਂ ਨੂੰ ਵਿਸਾਰ ਦਿੰਦੇ ਹਨ।