ਕਮਿਊਨਿਟੀ ਹੈਲਥ ਸੈਂਟਰ ਬਹੁ ਗਿਣਤੀ ਪਿੰਡਾਂ ਤੇ ਸ਼ਹਿਰੀ ਵਸੋਂ ਲਈ ਵਰਦਾਨ ਸਾਬਤ ਹੋਵੇਗਾ : ਸਿਹਤ ਮੰਤਰੀ  

ਸੰਗਰੂਰ, 9 ਮਾਰਚ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਕੌਹਰੀਆਂ ਵਿਖੇ 11.01 ਕਰੋੜ ਦੀ ਲਾਗਤ ਨਾਲ ਕਮਿਊਨਿਟੀ ਹੈਲਥ ਸੈਂਟਰ ਦੀ ਨਵੀਂ ਇਮਾਰਤ ਦੀ ਉਸਾਰੀ ਕਰਵਾਈ ਜਾ ਰਹੀ ਹੈ ਜੋ ਕਿ ਅਗਲੇ ਵਰ੍ਹੇ ਮੁਕੰਮਲ ਕਰਕੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ।  ਇਹ ਪ੍ਰਗਟਾਵਾ ਅੱਜ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕੌਹਰੀਆਂ ਵਿਖੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਵਿੱਤ ਮੰਤਰੀ ਦੇ ਓ.ਐਸ.ਡੀ ਤਪਿੰਦਰ ਸਿੰਘ ਸੋਹੀ ਸਮੇਤ ਇਸ ਅਤਿ ਆਧੁਨਿਕ ਇਮਾਰਤ ਦੇ ਉਸਾਰੀ ਕਾਰਜਾਂ ਦੀ ਰਸਮੀ ਸ਼ੁਰੂਆਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਸਾਰੀ ਕਾਰਜਾਂ ਦੀ ਸ਼ੁਰੂਆਤ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੀਤੀ ਜਾਣੀ ਸੀ ਪਰ ਨਾ ਛੱਡੇ ਜਾ ਸਕਣ ਵਾਲੇ ਰੁਝੇਵਿਆਂ ਕਾਰਨ ਉਨ੍ਹਾਂ ਦੀ ਤਰਫੋਂ ਉਹ ਇਸ ਸ਼ੁਭ ਕਾਰਜ ਦੇ ਮੌਕੇ ’ਤੇ ਇਲਾਕਾ ਵਾਸੀਆਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਵਿਸ਼ੇਸ਼ ਤੌਰ ’ਤੇ ਇਥੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਇਸ ਇਮਾਰਤ ਦੀ ਉਸਾਰੀ ਦਾ ਨੀਂਹ ਪੱਥਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਚੀਮਾ ਮੰਡੀ ਵਿਖੇ ਆਯੋਜਿਤ ਵਿਕਾਸ ਕ੍ਰਾਂਤੀ ਰੈਲੀ ਦੌਰਾਨ ਆਨਲਾਈਨ ਪ੍ਰਣਾਲੀ ਰਾਹੀਂ ਰੱਖਿਆ ਗਿਆ ਹੈ।ਸਿਹਤ ਮੰਤਰੀ ਨੇ ਕਿਹਾ ਕਿ ਸਾਲ 2025 ਵਿੱਚ ਇਸ ਇਮਾਰਤ ਦੇ ਨਿਰਮਾਣ ਕਾਰਜ ਮੁਕੰਮਲ ਕਰਨ ਮਗਰੋਂ ਇਹ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ 30 ਬਿਸਤਰਿਆਂ ਦੀ ਸਮਰੱਥਾ ਵਾਲਾ ਇਹ ਕਮਿਊਨਿਟੀ ਹੈਲਥ ਸੈਂਟਰ ਆਲੇ ਦੁਆਲੇ ਵਸਦੇ ਬਹੁ ਗਿਣਤੀ ਪਿੰਡਾਂ ਤੇ ਸ਼ਹਿਰੀ ਵਸੋਂ ਲਈ ਵਰਦਾਨ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦੀ ਇਮਾਰਤ ਅਣਸੁਰੱਖਿਅਤ ਸੀ ਜਿਸ ਕਰਕੇ ਮਾਨ ਸਰਕਾਰ ਨੇ ਅਹਿਮ ਫੈਸਲਾ ਲੈਂਦੇ ਹੋਏ ਇਨ੍ਹਾਂ ਇਮਾਰਤਾਂ ਦੀ ਨਵੇਂ ਸਿਰਿਓਂ ਉਸਾਰੀ ਦਾ ਪ੍ਰੋਜੈਕਟ ਅਮਲੀ ਰੂਪ ਵਿੱਚ ਆਰੰਭਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹੁਣ 829 ਆਮ ਆਦਮੀ ਕਲੀਨਿਕ ਸਫ਼ਲਤਾਪੂਰਵਕ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਜੋ ਕਿ ਸਰਕਾਰ ਦੀ ਸਿਹਤ ਦੇ ਖੇਤਰ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਵਾਸੀਆਂ ਨੂੰ ਸਿਹਤਮੰਦ ਬਣਾਉਣ ਦੀ ਦਿਸ਼ਾ ਵਿੱਚ ਸਾਰਥਕ ਉਪਰਾਲੇ ਕਰ ਰਹੇ ਹਨ ਅਤੇ ਨਾਲ ਹੀ ਲੋੜ ਅਨੁਸਾਰ ਡਾਕਟਰਾਂ ਸਮੇਤ ਹੋਰ ਪੈਰਾ ਮੈਡੀਕਲ ਸਟਾਫ਼ ਦੀਆਂ ਭਰਤੀਆਂ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੇ ਹਰ ਹਲਕੇ ਵਿੱਚ ਅੱਜ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਇਹ ਬਦਕਿਸਮਤੀ ਰਹੀ ਹੈ ਕਿ ਪਿਛਲੇ ਸਮਿਆਂ ਦੀਆਂ ਸਰਕਾਰਾਂ ਨੇ ਲੋਕ ਹਿੱਤਾਂ ਨਾਲ ਜੁੜੇ ਮੁੱਦਿਆਂ ਦੀ ਅਣਦੇਖੀ ਕੀਤੀ ਪਰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲਾਂ ਦੇ ਵੀ ਘੱਟ ਸਮੇਂ ਅੰਦਰ ਹਰ ਖੇਤਰ ਵਿੱਚ ਬੇਮਿਸਾਲ ਪ੍ਰਾਪਤੀਆਂ ਦਰਜ ਕਰ ਦਿਖਾਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਿਹਤ, ਸਿੱਖਿਆ  ਤੇ ਰੋਜ਼ਗਾਰ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਿਹਾ ਹੈ। ਉਨ੍ਹਾਂ ਕਿਹਾ ਕਿ 42 ਹਜ਼ਾਰ ਤੋਂ ਵੱਧ ਨੌਜਵਾਨਾਂ ਤੇ ਲੜਕੀਆਂ ਨੂੰ ਸਰਕਾਰੀ ਨੌਕਰੀਆ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਸਕੂਲ ਆਫ਼ ਐਮੀਨੈਂਸ ਬਣਾ ਕੇ ਅਕਾਦਮਿਕ ਮਾਹੌਲ ਨੂੰ ਵਧੇਰੇ ਸੁਖਾਵਾਂ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਦੀ ਹਰ ਲੋੜ ਨੂੰ ਅਸੀਂ ਤਰਜੀਹੀ ਆਧਾਰ ’ਤੇ ਪੂਰਾ ਕਰ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਹਰ ਖੇਤਰ ਵਿੱਚ ਮੋਹਰੀ ਨਜ਼ਰ ਆਵੇਗਾ। ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਤਰਫੋਂ ਓ.ਐਸ.ਡੀ ਤਪਿੰਦਰ ਸਿੰਘ ਸੋਹੀ ਨੇ ਪੰਜਾਬ ਸਰਕਾਰ, ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਅਮਨ ਅਰੋੜਾ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਹਲਕਾ ਦਿੜ੍ਹਬਾ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਡਾਇਰੈਕਟਰ ਸਿਹਤ ਡਾ. ਆਦਰਸ਼ਪਾਲ ਕੌਰ, ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਡਾ. ਅਨਿਲ ਕੁਮਾਰ, ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਸ਼ਰਮਾ, ਕਰਨਲ ਜੇ.ਵੀ ਸਿੰਘ, ਸਿਵਲ ਸਰਜਨ ਡਾ. ਕਿਰਪਾਲ ਸਿੰਘ, ਵੱਡੀ ਗਿਣਤੀ ਵਿੱਚ ਪਿੰਡ ਵਾਸੀ, ਆਗੂ ਤੇ ਅਧਿਕਾਰੀ ਵੀ ਹਾਜ਼ਰ ਸਨ।