ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਲਾਇਸੈਂਸ ਧਾਰਕਾਂ ਦੇ ਹਥਿਆਰਾਂ ਦੇ ਕੇਸਾਂ ਦਾ ਫੈਸਲਾ ਕਰਨ ਲਈ ਕਮੇਟੀਆਂ ਗਠਿਤ

ਲੁਧਿਆਣਾ, 17 ਮਾਰਚ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਲੁਧਿਆਣਾ ਵਿੱਚ ਆਮ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸਕਰੀਨਿੰਗ ਕਮੇਟੀਆਂ ਦਾ ਗਠਨ ਕੀਤਾ ਹੈ। ਇਹ ਕਮੇਟੀਆਂ ਆਪਣੇ ਅਧਿਕਾਰ ਖੇਤਰ ਅਧੀਨ ਥਾਣਿਆਂ ਵਿੱਚ ਲਾਇਸੈਂਸ ਧਾਰਕਾਂ ਦੀ ਮਾਲਕੀ ਵਾਲੇ ਹਥਿਆਰਾਂ ਨੂੰ ਸੁਚਾਰੂ ਢੰਗ ਨਾਲ ਜਮ੍ਹਾਂ ਕਰਵਾਉਣ ਦੀ ਨਿਗਰਾਨੀ ਕਰਨਗੀਆਂ। ਲੁਧਿਆਣਾ ਕਮਿਸ਼ਨਰੇਟ ਪੁਲਿਸ ਖੇਤਰ ਲਈ, ਸਕਰੀਨਿੰਗ ਕਮੇਟੀ ਦੀ ਅਗਵਾਈ ਜੁਆਇੰਟ ਪੁਲਿਸ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਕਰਨਗੇ। ਉਹ ਲੁਧਿਆਣਾ ਦੱਖਣੀ, ਲੁਧਿਆਣਾ ਪੱਛਮੀ, ਲੁਧਿਆਣਾ ਕੇਂਦਰੀ, ਲੁਧਿਆਣਾ ਉੱਤਰੀ, ਲੁਧਿਆਣਾ ਪੂਰਬੀ, ਆਤਮ ਨਗਰ, ਸਾਹਨੇਵਾਲ ਅਤੇ ਗਿੱਲ ਹਲਕਿਆਂ ਵਿੱਚ ਲਾਇਸੈਂਸ ਧਾਰਕਾਂ ਦੇ ਹਥਿਆਰਾਂ ਦੇ ਕੇਸਾਂ ਦੀ ਸਮੀਖਿਆ ਕਰਨਗੇ। ਇਸੇ ਤਰ੍ਹਾਂ ਖੰਨਾ ਲਈ ਕਮੇਟੀ ਦੀ ਅਗਵਾਈ ਸੀਨੀਅਰ ਪੁਲਿਸ ਕਪਤਾਨ (ਖੰਨਾ) ਅਤੇ ਵਧੀਕ ਡਿਪਟੀ ਕਮਿਸ਼ਨਰ (ਖੰਨਾ) ਕਰਨਗੇ। ਉਹ ਖੰਨਾ, ਸਮਰਾਲਾ ਅਤੇ ਪਾਇਲ ਹਲਕਿਆਂ ਵਿੱਚ ਲਾਇਸੈਂਸ ਧਾਰਕਾਂ ਦੇ ਅਸਲਾ ਸਬੰਧੀ ਕੇਸਾਂ ਦਾ ਫੈਸਲਾ ਕਰਨਗੇ। ਦਾਖਾ, ਜਗਰਾਉਂ ਅਤੇ ਰਾਏਕੋਟ ਵਿਧਾਨ ਸਭਾ ਹਲਕਿਆਂ ਵਿੱਚ ਲਾਇਸੈਂਸ ਧਾਰਕਾਂ ਦੇ ਹਥਿਆਰਾਂ ਲਈ ਸਕਰੀਨਿੰਗ ਕਮੇਟੀ ਦੀ ਅਗਵਾਈ ਸੀਨੀਅਰ ਪੁਲਿਸ ਕਪਤਾਨ (ਲੁਧਿਆਣਾ ਦਿਹਾਤੀ) ਅਤੇ ਵਧੀਕ ਡਿਪਟੀ ਕਮਿਸ਼ਨਰ (ਜਗਰਾਉਂ) ਕਰਨਗੇ ਅਤੇ ਕੇਸਾਂ ਦੀ ਨਿਗਰਾਨੀ ਕਰਨਗੇ।