ਸ਼ਹੀਦੀ ਸਭਾ ਸਬੰਧੀ ਸੰਤ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਸਫਾਈ ਮੁਹਿੰਮ ਜਾਰੀ

  • ਹਲਕਾ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਰਵਾਈ ਸੀ ਸਫ਼ਾਈ ਮੁਹਿੰਮ ਸ਼ੁਰੂ 

ਫ਼ਤਹਿਗੜ੍ਹ ਸਾਹਿਬ, 26 ਦਸੰਬਰ : ਦਸਮਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26 ਤੋਂ 28 ਦਸੰਬਰ ਤੱਕ ਹੋਣ ਵਾਲੀ ਸ਼ਹੀਦੀ ਸਭਾ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਨਤਮਸਤਕ ਹੋਣ ਵਾਸਤੇ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਸੰਤ ਬਾਬਾ ਕਸ਼ਮੀਰਾ ਸਿੰਘ ਕਾਰ ਸੇਵਾ ਭੂਰੀ ਵਾਲਿਆਂ, ਬਾਬਾ ਫ਼ਕੀਰ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਵੱਲੋਂ ਭੇਜੀਆਂ ਗਈਆਂ ਮਸ਼ੀਨਾਂ ਤੇ ਸਫ਼ਾਈ ਸੇਵਾਦਾਰਾਂ ਦੇ ਜੱਥੇ ਦੇ ਸਹਿਯੋਗ ਨਾਲ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਕਰਯੋਗ ਹੈ ਕਿ ਇਸ ਮੁਹਿੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਸ. ਲਖਬੀਰ ਸਿੰਘ ਰਾਏ ਤੇ ਡਿਵੀਜ਼ਨਲ ਕਮਿਸ਼ਨਰ ਸ਼੍ਰੀ ਦਲਜੀਤ ਸਿੰਘ ਮਾਂਗਟ ਵੱਲੋਂ ਕਰਵਾਈ ਗਈ ਸੀ। ਇਸੇ ਲੜੀ ਤਹਿਤ ਸਫ਼ਾਈ ਸੇਵਾਦਾਰ ਭਾਈ ਅਮਰਜੀਤ ਸਿੰਘ, ਹਰਦੀਪ ਸਿੰਘ, ਮੁਖਤਾਰ ਸਿੰਘ, ਬਾਬਾ ਆਤਮਾ ਸਿੰਘ ਤੇ ਬਾਬਾ ਅਵਤਾਰ ਸਿੰਘ ਦੀ ਅਗਵਾਈ ਵਿੱਚ ਜੱਥੇ ਵੱਲੋਂ ਅੱਜ ਗੁਰਦੁਆਰਾ ਜੋਤੀ ਸਰੂਪ ਦੇ ਆਲ਼ੇ ਦੁਆਲੇ, ਗੁਰਦੁਵਾਰਾ ਫ਼ਤਹਿਗੜ੍ਹ ਸਾਹਿਬ ਦੇ ਆਲੇ ਦੁਆਲੇ, ਦੀਵਾਨ ਟੋਡਰਮੱਲ ਗੇਟ ਸਮੇਤ ਵੱਖੋ ਵੱਖ ਖੇਤਰਾਂ ਦੀ ਸਫਾਈ ਕੀਤੀ ਗਈ। ਜੱਥੇ ਦੇ ਸੇਵਾਦਾਰਾਂ ਵੱਲੋਂ ਪੂਰੀ ਸ਼ਹੀਦੀ ਸਭਾ ਦੌਰਾਨ ਇਹ ਸਫਾਈ ਮੁਹਿੰਮ ਜਾਰੀ ਰਹੇਗੀ।