ਬਸੀ ਪਠਾਣਾ ਸ਼ਹਿਰ ਵਿੱਚ ਲਗਾਤਾਰ ਕਰਵਾਈ ਜਾ ਰਹੀ ਹੈ ਸਾਫ ਸਫਾਈ : ਕਾਰਜ ਸਾਧਕ ਅਫਸਰ

  • ਡੋਰ-ਟੂ-ਡੋਰ ਕੂੜਾ ਚੁੱਕਣ ਲਈ ਕੌਂਸਲ ਦੀਆਂ ਟੀਮਾਂ ਲਗਾਤਾਰ ਕਰ ਰਹੀਆਂ ਹਨ ਡਿਊਟੀ
  • ਸ਼ਹਿਰ ਵਿਚਲੇ 04 ਪਾਰਕਾਂ ਦੀ ਨਿਰੰਤਰ ਹੋ ਰਹੀ ਸਫਾਈ, ਸੈਂਕੜੇ ਲੋਕ ਰੋਜ਼ਾਨਾਂ ਕਰ ਰਹੇ ਸੈਰ

ਬਸੀ ਪਠਾਣਾ, 09 ਜੂਨ : ਨਗਰ ਕੌਂਸਲ ਬਸੀ ਪਠਾਣਾ ਦੇ ਕਾਰਜ ਸਾਧਕ ਅਫਸਰ ਸ. ਮਨਜੀਤ ਸਿੰਘ ਢੀਂਡਸਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਹਿਰ ਵਿੱਚ ਸਵੱਛ ਭਾਰਤ ਅਭਿਆਨ ਤਹਿਤ ਲਗਾਤਾਰ ਸਾਫ ਸਫਾਈ ਕਰਵਾਈ ਜਾ ਰਹੀ ਹੈ ਅਤੇ ਜੇਕਰ ਕਿਸੇ ਧਾਰਮਿਕ ਜਾਂ ਨਿੱਜੀ ਸਮਾਗਮ ਕਾਰਨ ਕੋਈ ਗੰਦਗੀ ਫੈਲਦੀ ਹੈ ਤਾਂ ਉਸ ਨੂੰ ਸਮਾਗਮ ਖ਼ਤਮ ਹੋਣ ਉਪਰੰਤ ਤੁਰੰਤ ਸਾਫ ਕਰਵਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸ਼ਹਿਰੀਆਂ ਨੂੰ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਕਾਰਜ ਸਾਧਕ ਅਫਸਰ ਨੇ ਹੋਰ ਦੱਸਿਆ ਕਿ ਆਮ ਲੋਕਾਂ ਦੇ ਘਰਾਂ ਤੋਂ ਕੂੜਾ ਚੁੱਕਣ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ ਨਗਰ ਕੌਂਸਲ ਦੀਆਂ ਟੀਮਾਂ ਰੋਜ਼ਾਨਾਂ ਡੋਰ-ਟੂ-ਡੋਰ ਕੁੜਾ ਇਕੱਠਾ ਕਰਨ ਲਈ ਸੇਵਾਵਾਂ ਨਿਭਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੌਂਸਲ ਦੀਆਂ ਇਹ ਟੀਮਾਂ ਘਰਾਂ ਵਿੱਚੋਂ ਸੁੱਕਾ ਤੇ ਗਿੱਲਾ ਕੂੜਾ ਵੱਖ-ਵੱਖ ਕਰਕੇ ਚੁੱਕਦੀਆਂ ਹਨ ਅਤੇ ਉਸ ਨੂੰ ਢੁਕਵੀਂ ਥਾਂ ਤੇ ਸੁੱਟ ਦਿੱਤਾ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਵਿਚਲੇ 04 ਪਾਰਕਾਂ ਦੀ ਸਾਫ ਸਫਾਈ ਵੀ ਨਿਰੰਤਰ ਕਰਵਾਈ ਜਾ ਰਹੀ ਹੈ ਅਤੇ ਪਾਰਕਾਂ ਦੀ ਸੁੰਦਰਤਾ ਕਾਰਨ ਸ਼ਹਿਰ ਦੇ ਸੈਂਕੜੇ ਲੋਕ ਰੋਜ਼ਾਨਾ ਸੈਰ ਕਰਨ ਲਈ ਪਾਰਕਾਂ ਵਿੱਚ ਆਉਂਦੇ ਹਨ। ਢੀਂਡਸਾ ਨੇ ਹੋਰ ਦੱਸਿਆ ਕਿ ਸ਼ਹਿਰ ਵਿੱਚਲੇ ਬੇਸਹਾਰਾ ਪਸ਼ੂਆਂ ਨੂੰ ਕੌਂਸਲ ਦੀ ਟੀਮ ਵੱਲੋਂ ਗੜੋਲੀਆਂ ਸਥਿਤ ਸਰਕਾਰੀ ਕੈਟਲ ਸ਼ੈੱਡ ਵਿਖੇ ਭੇਜ ਦਿੱਤਾ ਜਾਂਦਾ ਹੈ ਅਤੇ ਕੌਂਸਲ ਵੱਲੋਂ ਗਊਸ਼ਾਲਾ ਨੂੰ ਪਸ਼ੂਆਂ ਦੀ ਸਾਂਭ ਸੰਭਾਲ ਲਈ ਢੁਕਵੀਂ ਆਰਥਿਕ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਲੇ ਦੁਆਲੇ ਦੇ ਪਿੰਡਾਂ ਵਿੱਚੋਂ ਰਾਤ ਸਮੇਂ ਕਈ ਵਾਰ ਬੇਸਹਾਰਾ ਪਸ਼ੂ ਸ਼ਹਿਰ ਵਿੱਚ ਛੱਡ ਦਿੱਤੇ ਜਾਂਦੇ ਹਨ ਪ੍ਰੰਤੂ ਕੌਂਸਲ ਦੀਆਂ ਟੀਮਾਂ ਇਨ੍ਹਾਂ ਪਸ਼ੂਆਂ ਕਾਰਨ ਸ਼ਹਿਰ ਵਾਸੀਆਂ ਨੂੰ ਮੁਸ਼ਕਲ ਦਾ ਸਾਹਮਣਾ ਨਹੀ ਕਰਨ ਦਿੰਦੀ।