ਆਮ ਗ੍ਰਾਮ ਪੰਚਾਇਤ ਚੋਣਾਂ ਸਬੰਧੀ ਵੋਟਰ ਸੂਚੀਆਂ ਬਾਰੇ ਦਾਅਵੇ ਤੇ ਇਤਰਾਜ਼

  • 29 ਦਸੰਬਰ ਤੱਕ ਦਿੱਤੇ ਜਾ ਸਕਦੇ ਹਨ : ਸੂਬਾ ਸਿੰਘ

ਸੰਗਰੂਰ, 23 ਦਸੰਬਰ : ਚੋਣਕਾਰ ਰਜਿਸਟਰੇਸ਼ਨ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ ਮੂਨਕ ਸੂਬਾ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੱਤਰ, ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ  ਆਮ ਗ੍ਰਾਮ ਪੰਚਾਇਤ ਚੋਣਾਂ ਸਬੰਧੀ 20 ਦਸੰਬਰ ਨੂੰ ਵੋਟਰ ਸੂਚੀਆਂ ਦੀ ਮੁਢਲੀ ਪ੍ਰਕਾਸ਼ਨਾ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 21 ਤੋਂ 29 ਦਸੰਬਰ 2023 ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣੇ ਹਨ ਅਤੇ ਮਿਤੀ 5 ਜਨਵਰੀ 2024 ਤੱਕ ਇਨ੍ਹਾਂ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਪਟਾਰਾ ਕੀਤਾ ਜਾਣਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਪਾਸੋਂ ਇਹ ਦਾਅਵੇ ਤੇ ਇਤਰਾਜ ਲਿਖਤੀ ਰੂਪ ਵਿੱਚ ਪ੍ਰਾਪਤ ਕਰਨ ਲਈ ਅਤੇ ਯੋਗ ਨਿਪਟਾਰਾ ਕਰਨ ਲਈ ਤਹਿਸੀਲਦਾਰ ਮੂਨਕ ਨੂੰ ਨੋਡਲ ਅਫ਼ਸਰ ਵਜੋਂ ਤਾਇਨਾਤ ਕੀਤਾ ਗਿਆ ਹੈ ਅਤੇ ਨਾਇਬ ਤਹਿਸੀਲਦਾਰ ਖਨੌਰੀ ਨੂੰ ਨੋਡਲ ਅਫ਼ਸਰ ਦੇ ਸਹਾਇਕ ਵਜੋਂ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਨੇ ਨੋਡਲ ਅਫਸਰ ਨੂੰ ਹਦਾਇਤ ਕਰਦਿਆਂ ਕਿਹਾ ਹੈ ਕਿ ਪ੍ਰਾਪਤ ਹੋਣ ਵਾਲੇ ਦਾਅਵਿਆਂ ਤੇ ਇਤਰਾਜਾਂ ਦਾ ਨਿਪਟਾਰਾ ਪੰਚਾਇਤੀ ਚੋਣ ਰੂਲਜ਼/ਨਿਯਮਾਂ ਅਨੁਸਾਰ ਕਰਕੇ 6 ਜਨਵਰੀ 2024 ਤੱਕ ਉਨ੍ਹਾਂ ਦੇ ਦਫ਼ਤਰ ਵਿਖੇ ਰਿਪੋਰਟ ਭੇਜਣ ਦੇ ਪਾਬੰਦ ਹੋਣਗੇ। ਉਨ੍ਹਾਂ ਹਦਾਇਤ ਕਰਦਿਆਂ ਇਹ ਵੀ ਕਿਹਾ ਕਿ ਇਸ ਸਬੰਧ ਵਿੱਚ ਕੋਈ ਵੀ ਦੇਰੀ ਜਾਂ ਅਣਗਹਿਲੀ ਨਾ ਕੀਤੀ ਜਾਵੇ।