ਪੰਜਾਬ ਪ੍ਰਧਾਨ ਮੇਲਾ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ, ਗੈਂਗਸਟਰ ਸਮੇਤ ਤਿੰਨ ਕਾਬੂ 

ਬਠਿੰਡਾ,1 ਨਵੰਬਰ : ਪੰਜਾਬ ਪੁਲਿਸ ਨੇ ਬੀਤੇ 28 ਅਕਤੂਬਰ ਨੂੰ ਕੁਲਚਾ ਕਾਰੋਬਾਰੀ ਅਤੇ ਮਾਲ ਰੋਡ ਐਸੋਸੀਏਸ਼ਨ ਦੇ ਪ੍ਰਧਾਨ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਦੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮੇਲਾ ਦੀ ਉਨ੍ਹਾਂ ਦੀ ਦੁਕਾਨ ਹਰਮਨ ਅੰਮ੍ਰਿਤਸਰੀ ਕੁਲਚਾ ਦੇ ਬਾਹਰ ਕੁਰਸੀ ਤੇ ਬੈਠਿਆਂ ਅੰਨ੍ਹਵਾਹ ਫਾਇਰਿੰਗ ਕਰਕੇ ਹੱਤਿਆ ਕਰ ਦਿੱਤੀ ਗਈ ਸੀ। ਸੀਨੀਅਰ ਪੁਲਿਸ ਕਪਤਾਨ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਵੀਡੀਓ ਜਾਰੀ ਕਰਕੇ ਪੁਲਿਸ ਨੂੰ ਮਿਲੀ ਸਫਲਤਾ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਮੁਹਾਲੀ ਪੁਲਿਸ ਨੇ ਇੱਕ ਆਪਰੇਸ਼ਨ ਦੌਰਾਨ ਤਿੰਨ ਗੈਂਗਸਟਰ ਗ੍ਰਿਫਤਾਰ ਕੀਤੇ ਹਨ ਜਿੰਨ੍ਹਾਂ ਵਿੱਚੋਂ ਇੱਕ ਹਰਜਿੰਦਰ ਸਿੰਘ ਮੇਲਾ ਨੂੰ ਕਤਲ ਕਰਨ ਲਈ ਗੋਲੀਆਂ ਚਲਾਉਣ ਵਾਲਾ ਗੈਂਗਸਟਰ ਹੈ, ਜਿਸ ਦੀ ਪਛਾਣ ਲਵਜੀਤ ਸਿੰਘ ਉਰਫ ਲਵੀ ਵਾਸੀ ਭੀਖੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਮੁਕਾਬਲੇ ਦੌਰਾਨ ਲਵਜੀਤ ਸਿੰਘ ਦੇ ਸੱਟਾਂ ਲੱਗੀਆਂ ਹਨ ਅਤੇ ਇਸ ਮੌਕੇ ਪੁਲਿਸ ਦਾ ਇੱਕ ਡੀਐਸਪੀ ਵੀ ਜਖਮੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਦੇ ਇਸ ਆਪਰੇਸ਼ਨ ਦੌਰਾਨ ਪਰਮਜੀਤ ਸਿੰਘ ਉਫ ਪੰਮਾ ਵਾਸੀ ਚੀਮਾ ਜਿਲ੍ਹਾ ਸੰਗਰੂਰ ਅਤੇ ਕਮਲਜੀਤ ਸਿੰਘ ਮਾਨਸਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਤਲ ਕਰਨ ਵਾਲੇ ਗੈਂਗਸਟਰਾਂ ਚੋਂ ਮੋਟਰਸਾਈਕਲ ਚਲਾਉਣ ਵਾਲੇ ਗੈਂਗਸਟਰ ਦੀ ਪਛਾਣ ਕਰਨ ਲਈ ਯਤਨ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਦਾ ਸਬੰਧ  ਵਿਦੇਸ਼ ’ਚ ਬੈਠੇ ਗੈਂਗਸਟਰ ਅਰਸ਼ ਡਾਲਾ ਨਾਲ ਹੈ। ਦੂਜੇ ਪਾਸੇ ਇਸ ਪੁਲਿਸ ਮੁਕਾਬਲੇ ਨੂੰ ਲੈਕੇ ਸਾਹਮਣੇ ਆਈ ਜਾਣਕਾਰੀ ਅਨੁਸਾਰ ਮੁਹਾਲੀ ਪੁਲਿਸ ਦੇ ਵਿਸ਼ੇਸ਼ ਗਰੁੱਪ ਨੂੰ ਸੂਚਨਾ ਮਿਲੀ ਸੀ ਕਿ ਜ਼ੀਰਕਪੁਰ ਲਾਗੇ ਬਟਲਾਣਾ ਇਲਾਕੇ ’ਚ ਅਰਸ਼ ਡਾਲਾ ਨਾਲ ਸਬੰਧ ਰੱਖਦੇ ਤਿੰਨ ਗੈਂਗਸਟਰ ਇੱਕ ਹੋਟਲ ਵਿੱਚ ਛੁਪੇ ਹੋਏ ਹਨ। ਇਸ ਅਹਿਮ ਜਾਣਕਾਰੀ ਬਾਰੇ ਭਿਣਕ ਪੈਂਦਿਆਂ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਜਿਸ ਨੇ ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ । ਇਸ ਮੌਕੇ ਆਪਣੇ ਆਪ ਨੂੰ ਘਿਰਿਆ ਦੇਖ ਗੈਂਗਸਟਰਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਮੌਕੇ ਪੁਲਿਸ ਟੀਮ ਨੇ ਵੀ ਜਵਾਬੀ ਫਾਇਰਿੰਗ ਕੀਤੀ। ਵੇਰਵਿਆਂ ਅਨੁਸਾਰ ਦੁਵੱਲੀ ਗੋਲੀਬਾਰੀ ’ਚ ਪੁਲਿਸ ਦਾ ਇੱਕ ਮੁਲਾਜਮ ਵੀ ਜਖਮੀ ਹੋਇਆ ਹੈ ਜਦੋਂਕਿ ਇੱਕ ਗੈਂਗਸਟਰ ਦੀ ਲੱਤ ’ਚ ਗੋਲੀ ਲੱਗੀ ਹੈ ਜਿਸ ਨੂੰ ਇਲਾਜ਼  ਲਈ ਮੁਹਾਲੀ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਇਸ ਮੌਕੇ ਤਿੰਨ੍ਹਾਂ ਨੂੰ ਦਬੋਚ ਲਿਆ ਅਤੇ ਇੰਨ੍ਹਾਂ ਦੇ ਕਬਜ਼ੇ ਚੋਂ ਅਸਲਾ ਬਰਾਮਦ ਹੋਇਆ ਹੈ। ਦੱਸਣਯੋਗ ਹੈ ਕਿ ਲੰਘੇ ਸ਼ਨੀਵਾਰ 28 ਅਕਤੂਬਰ ਦੇਰ ਸ਼ਾਮ ਨੂੰ  ਹਰਮਨ ਅੰਮ੍ਰਿਤਸਰੀ ਕੁਲਚਾ ਸ਼ਾਪ ਦੇ ਮਾਲਕ ਹਰਜਿੰਦਰ ਸਿੰਘ ਜੌਹਲ ਉਰਫ ਮੇਲਾ ਮਾਲ ਰੋਡ ’ਤੇ ਸਥਿਤ ਆਪਣੇ ਰੈਸਟੋਰੈਂਟ ਦੇ ਬਾਹਰ ਆਮ ਵਾਂਗ ਬੈਠੇ ਹੋਏ ਸਨ। ਇਸੇ ਦੌਰਾਨ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿੰਨ੍ਹਾਂ ਚੋਂ ਕਰੀਬ 5-6 ਹਰਜਿੰਦਰ ਸਿੰਘ ਦੇ ਲੱਗੀਆਂ। ਗੋਲੀਆਂ ਲੱਗਣ ਨਾਲ ਗੰਭੀਰ ਰੂਪ ਵਿੱਚ  ਜਖਮੀ ਹਰਜਿੰਦਰ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਮੇਲਾ ਦੀ ਹਾਲਤ ਨੂੰ ਦੇਖਦਿਆਂ ਰਜਿੰਦਰ ਸਿੰਘ ਨੂੰ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ। ਇਸ ਕਤਲ ਦੀ ਜਿੰਮੇਵਾਰੀ ਗੈਂਗਸਟਰ ਅਰਸ਼ ਡਾਲਾ ਨੇ ਲਈ ਸੀ। ਅਰਸ਼ ਡਾਲਾ ਨੇ ਕਿਹਾ ਕਿ ਹਾਲ ਹੀ ਵਿੱਚ ਹਰਜਿੰਦਰ ਸਿੰਘ ਦੀ ਹੱਤਿਆ ਕੀਤੀ ਗਈ ਹੈ ਉਸ ਦੀ ਜਿੰਮੇਵਾਰੀ ਮੈਂ ਲੈਂਦਾ ਹੈ। ਅਰਸ਼ ਡਾਲਾ ਨੇ ਇਸ ਕਤਲ ਪਿੱਛੇ ਮਲਟੀਸਟੋਰੀ ਪਾਰਕਿੰਗ ਨੂੰ ਵਿਵਾਦ ਦਾ ਕਾਰਨ ਦੱਸਿਆ ਸੀ। ਉਸ ਨੇ ਕਿਹਾ ਕਿ ਹਰਜਿੰਦਰ ਸਿੰਘ ਨੂੰ ਬੜੀ ਵਾਰ ਸਮਝਾਇਆ ਸੀ ਪਰ ਉਹ ਨਾਂ ਮੰਨਿਆ ਜਿਸ ਕਰਕੇ ਉਸ ਨੂੰ ਕਤਲ ਕਰਨਾ ਪਿਆ ਹੈ।