ਨਗਰ ਕੌਂਸਲ ਨੇ ਮੇਲਾ ਮਾਂ ਮਾਈ ਦਾ ਝੰਡਾ ਹੋਣ ਉਪਰੰਤ ਸ਼ਹਿਰ ਦੀ ਕੀਤੀ ਸਫਾਈ

  • ਡਿਪਟੀ ਕਮਿਸ਼ਨਰ ਵੱਲੋਂ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਸਹਿਯੋਗ ਦੇਣ ਦੀ ਅਪੀਲ

ਫ਼ਰੀਦਕੋਟ 2 ਅਗਸਤ 2024 : ਫ਼ਰੀਦਕੋਟ ਨੂੰ ਸਾਫ਼ ਸੁਥਰਾ ਸ਼ਹਿਰ ਰੱਖਣ ਦੀ ਮੁਹਿੰਮ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਵੱਲੋਂ ਜਾਰੀ ਹੁਕਮਾਂ ਤੇ ਕਰਵਾਈ ਕਰਦਿਆਂ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਬੀਤੀ ਸ਼ਾਮ ਮੇਲਾ ਮਾਂ ਮਾਈ ਦੇ ਝੰਡੇ ਉਪਰੰਤ ਸ਼ਹਿਰ ਵਿੱਚ ਲਗਾਏ ਲੰਗਰ ਵਾਲੀਆਂ ਥਾਵਾਂ ਤੇ ਰਾਤ ਨੂੰ ਹੀ ਸਫਾਈ ਕਰਵਾਈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬੀਤੀ ਸ਼ਾਮ ਜਿਲ੍ਹੇ ਵਿੱਚ ਸਾਵਨ ਮਹੀਨੇ ਦੌਰਾਨ ਮੇਲਾ ਮਾਂ ਮਾਈ ਤਹਿਤ ਝੰਡਾ ਕੱਢਿਆ ਜਾਂਦਾ ਹੈ। ਇਹ ਝੰਡਾ ਜਿਲ੍ਹੇ ਦੇ ਵੱਖ ਵੱਖ ਚੌਂਕਾਂ, ਬਾਜਾਰਾਂ ਵਿੱਚੋਂ ਗੁਜਰਦਾ ਹੈ ਅਤੇ ਭਗਤਾਂ ਵੱਲੋਂ ਥਾਂ ਥਾਂ ਤੇ ਲੰਗਰ ਦਾ ਆਯੋਜਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਸਾਰੀਆਂ ਲੰਗਰ ਲਗਾਉਣ ਵਾਲਿਆਂ ਨੂੰ ਅਪੀਲ ਕੀਤੀ ਹੋਈ ਹੈ ਕਿ ਉਹ ਲੰਗਰ ਲਗਾਉਣ ਸਮੇਂ ਡਸਟਬਿਨ ਦੀ ਵਰਤੋਂ ਕਰਨ, ਤਾਂ ਜੋ ਸ਼ਹਿਰ ਵਿੱਚ ਪਲਾਸਟਿਕ ਅਤੇ ਹੋਰ ਕੂੜਾ ਕਰਕਟ ਨਾ ਫੈਲੇ। ਉਨ੍ਹਾਂ ਕਿਹਾ ਕਿ ਫਿਰ ਵੀ ਕੁਝ ਕਾਰਨਾਂ ਕਰਕੇ ਪਲਾਸਟਿਕ ਅਤੇ ਹੋਰ ਕੂੜਾ ਕਰਕਟ ਲੰਗਰ ਵਾਲੀਆਂ ਥਾਵਾਂ ਤੇ ਰਹਿ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਵਨ ਦੇ ਮਹੀਨੇ ਦੌਰਾਨ ਬਾਰਿਸ਼ ਕਾਰਨ ਪਾਣੀ ਨਾ ਇੱਕਠਾ ਹੋਵੇ ਅਤੇ ਸੀਵਰੇਜ ਚਾਲੂ ਰੱਖਣ ਲਈ ਇਹ ਸੁਨਿਸ਼ਚਿਤ ਹੋਣਾ ਚਾਹੀਦਾ ਹੈ ਕਿ ਸੀਵਰੇਜ ਵਿੱਚ ਕੂੜਾ ਕਰਕਟ ਨਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਭ ਦੇ ਮਦੇਨਜਰ ਉਨ੍ਹਾਂ ਨਗਰ ਕੌਂਸਲ ਦੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰ ਦੀ ਸਫਾਈ ਦਾ ਧਿਆਨ ਰੱਖਿਆ ਜਾਵੇ। ਡਿਪਟੀ ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਆਲਾ ਦੁਆਲਾ ਸਾਫ਼ ਰੱਖਣ। ਉਨਾਂ ਦੱਸਿਆ ਕਿ ਜ਼ਿਲੇ ਵਿੱਚ ਸਮੂਹ ਨਗਰ ਕੌਂਸਿਲਾਂ ਵੱਲੋਂ ਡੂ ਟੂਰ ਡੂ ਕੂੜਾ ਕਰਕਟ, ਕਚਰਾ ਆਦਿ ਨੂੰ ਇੱਕਠਾ ਕਰਨ ਲਈ ਸਫ਼ਾਈ ਸੇਵਕ ਲਗਾਏ ਗਏ ਹਨ। ਉਨ੍ਹਾਂ ਸਮੂਹ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਡਸਟਬਿਨ ਰੱਖਣ ਤਾਂ ਜੋ ਕੂੜੇ ਦੇ ਢੇਰ ਦੁਕਾਨਾਂ ਦੇ ਬਾਹਰ ਵੀ ਨਾ ਲੱਗਣ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਫਾਈ ਮੁਹਿੰਮ ਤੇ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਆਪਣਾ ਸਹਿਯੋਗ ਦੇਣ।