8ਵੀਂ, 10ਵੀਂ ਅਤੇ 12ਵੀਂ ਦੀ ਮੈਰਿਟ ਵਾਲੇ ਬੱਚਿਆਂ ਦਾ ਪੰਜਾਬ ਵਿਧਾਨ ਸਭਾ ’ਚ ਹੋਵੇਗਾ ਸਨਮਾਨ : ਧਾਲੀਵਾਲ

  • ਆਖਿਆ! 18 ਬੱਚਿਆਂ ਨੂੰ ਦਿੱਤੀ ਜਾਵੇਗੀ 31-31 ਹਜਾਰ ਰੁਪਏ ਦੀ ਨਗਦ ਰਾਸ਼ੀ

ਕੋਟਕਪੂਰਾ, 7 ਜੂਨ : ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਆਪਣੇ ਹਲਕੇ ਅਧੀਨ ਆਉਂਦੀਆਂ 8ਵੀਂ, 10ਵੀਂ ਅਤੇ 12ਵੀਂ ਦੀਆਂ ਪੰਜਾਬ ਪੱਧਰ ’ਤੇ ਪੁਜੀਸ਼ਨਾ ਹਾਸਲ ਕਰਨ ਅਰਥਾਤ ਮੈਰਿਟ ਸੂਚੀ ’ਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਵਿਦਿਆਰਥੀ-ਵਿਦਿਆਰਥਣਾ ਨੂੰ 31-31 ਹਜਾਰ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕਰਨ ਦੀ ਪ੍ਰਕਿਰਿਆ ਪੰਜਾਬ ਵਿਧਾਨ ਸਭਾ ਵਿੱਚ ਨਿਭਾਈ ਜਾਵੇਗੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਪੀਕਰ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਨੇ ਆਖਿਆ ਕਿ ਸਪੀਕਰ ਸੰਧਵਾਂ ਵਲੋਂ ਸਥਾਨਕ ਡਾ ਹਰੀ ਸਿੰਘ ਸੇਵਕ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਵਿਖੇ ਵੱਖ ਵੱਖ ਸਮਾਗਮਾਂ ਦੌਰਾਨ 8ਵੀਂ, 10ਵੀਂ ਅਤੇ 12ਵੀਂ ਦੇ ਉਹਨਾਂ 18 ਹੁਸ਼ਿਆਰ ਤੇ ਹੋਣਹਾਰ ਵਿਦਿਆਰਥੀ-ਵਿਦਿਆਰਥਣਾ ਨੂੰ ਸਨਮਾਨਿਤ ਕਰਨ ਮੌਕੇ 31-31 ਹਜਾਰ ਰੁਪਏ ਨਗਦ ਇਨਾਮ ਦੇਣ ਦਾ ਐਲਾਨ ਕੀਤਾ ਸੀ। ਉਸ ਸਮੇਂ ਸਪੀਕਰ ਸੰਧਵਾਂ ਨੇ ਦਾਅਵਾ ਕੀਤਾ ਸੀ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਵੱਖਰੇ ਤੌਰ ’ਤੇ ਅਜਿਹੀਆਂ ਮਾਣਮੱਤੀਆਂ ਪੁਜੀਸ਼ਨਾ ਹਾਸਲ ਕਰਨ ਵਾਲੇ ਬੱਚਿਆਂ ਨੂੰ 51-51 ਹਜਾਰ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਹੈ ਪਰ ਉਹ ਉਪਰੋਕਤ ਇਨਾਮ ਰਾਸ਼ੀ ਤੋਂ ਇਲਾਵਾ ਆਪਣੇ ਅਖਤਿਆਰੀ ਕੋਟੇ ਵਿੱਚੋਂ 31-31 ਹਜਾਰ ਰੁਪਿਆ ਇਸ ਲਈ ਨਗਦ ਇਨਾਮ ਦੇ ਰਹੇ ਹਨ ਤਾਂ ਜੋ 8ਵੀਂ, 10ਵੀਂ ਅਤੇ 12ਵੀਂ ਦੇ ਹੋਰ ਵਿਦਿਆਰਥੀ-ਵਿਦਿਆਰਥਣਾ ਵੀ ਇਸ ਤੋਂ ਪ੍ਰੇਰਨਾ ਲੈ ਕੇ ਖੁਦ ਵੀ ਆਪਣਾ ਨਾਮ ਮੈਰਿਟ ਸੂਚੀ ’ਚ ਦਰਜ ਕਰਵਾਉਣ ਲਈ ਉਤਸ਼ਾਹਿਤ ਹੋਣ। ਮਣੀ ਧਾਲੀਵਾਲ ਨੇ ਦੱਸਿਆ ਕਿ ਉਪਰੋਕਤ 18 ਵਿਦਿਆਰਥਣਾ ਵਿੱਚ ਪਿਛਲੇ ਦਿਨੀਂ 10ਵੀਂ ਦੇ ਨਤੀਜਿਆਂ ’ਚ ਪੰਜਾਬ ਭਰ ਵਿੱਚੋਂ ਪਹਿਲਾ ਅਤੇ ਦੂਜਾ ਸਥਾਨ ਲੈਣ ਵਾਲੀਆਂ ਦੋ ਹੋਣਹਾਰ ਵਿਦਿਆਰਥਣਾ ਕ੍ਰਮਵਾਰ ਗਗਨਦੀਪ ਕੌਰ ਅਤੇ ਨਵਜੋਤ ਕੌਰ ਵੀ ਸ਼ਾਮਲ ਹਨ, ਜਿੰਨਾ ਨੂੰ ਪ੍ਰਾਈਵੇਟ ਸਕੂਲਾਂ ’ਚ ਪੜਨ ਦੇ ਬਾਵਜੂਦ ਵੀ ਪੰਜਾਬ ਵਿਧਾਨ ਸਭਾ ’ਚ 31-31 ਹਜਾਰ ਰੁਪਿਆ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ।  ਉਹਨਾ ਦੱਸਿਆ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦਾ ਮੁੱਖ ਏਜੰਡਾ ਸਰਕਾਰੀ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਸਿੱਖਿਆ ਪ੍ਰਬੰਧਾਂ ’ਚ ਸੁਧਾਰ ਕਰਕੇ ਬੱਚਿਆਂ ਤੇ ਨੌਜਵਾਨਾ ਨੂੰ ਮੁਫਤ ਅਤੇ ਵਧੀਆ ਸਿੱਖਿਆ ਮੁਹੱਈਆ ਕਰਵਾਉਣਾ ਹੈ। ਉਹਨਾਂ ਦਾਅਵਾ ਕੀਤਾ ਕਿ ਮਹਿਜ ਇਕ ਸਾਲ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਿੰਨੀ ਗਰਾਂਟ ਸਿਹਤ ਅਤੇ ਸਿੱਖਿਆ ਦੇ ਢਾਂਚੇ ’ਚ ਸੁਧਾਰ ਕਰਨ ਅਤੇ ਵਿਕਾਸ ਲਈ ਖਰਚ ਕੀਤੀ ਹੈ, ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਪੰਜ-ਪੰਜ ਸਾਲ ਦੇ ਕਾਰਜਕਾਲ ਦੌਰਾਨ ਵੀ ਇਹਨੀ ਰਾਸ਼ੀ ਦੇਣ ਜਾਂ ਖਰਚ ਕਰਨ ਤੋਂ ਅਸਮਰੱਥ ਜਾਂ ਨਾਕਾਮ ਰਹਿੰਦੀਆਂ ਸਨ।