ਬੱਚਿਆਂ ਵਲੋਂ ਚਾਈਨਾ ਡੋਰ ਦੀ ਖਰੀਦ ਫਰੋਖਤ ਪਰ ਮਾਪਿਆਂ ਤੇ ਹੋਵੇਗੀ ਕਾਰਵਾਈ- ਡਿਪਟੀ ਕਮਿਸ਼ਨਰ

ਫ਼ਰੀਦਕੋਟ 15 ਜਨਵਰੀ : ਜ਼ਿਲ੍ਹੇ ਵਿੱਚ ਬੱਚਿਆਂ ਵਲੋਂ ਚਾਈਨਾ ਡੋਰ ਦੀ ਖਰੀਦ-ਫਰੋਖਤ ਪਰ ਉਨ੍ਹਾਂ ਦੇ ਮਾਪਿਆਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ  ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕਿਹਾ ਕਿ ਚਾਈਨਾ ਡੋਰ ਦਾ ਇਸਤੇਮਾਲ ਕਰਕੇ ਪਤੰਗ ਉਡਾਉਣ ਨਾਲ ਕਈ ਗੰਭੀਰ ਹਾਦਸੇ ਹੋਏ ਹਨ। ਇਨ੍ਹਾਂ ਹਾਦਸਿਆਂ ਵਿੱਚ ਬੱਚੇ, ਨੌਜਵਾਨ, ਬਜੁਰਗ, ਪੰਛੀ ਅਤੇ ਜਾਨਵਰ ਲਹੂ ਲੁਹਾਣ ਹੋਏ ਹਨ। ਉਨ੍ਹਾਂ ਦੱਸਿਆ ਕਿ ਬਸੰਤ ਰੁੱਤ ਦੇ ਸ਼ੁਰੂ ਹੋਣ ਸਾਰ ਹੀ ਪਿਛਲੇ ਸਾਲਾਂ ਦੌਰਾਨ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਅਜਿਹੇ ਕਈ ਪੀੜਤ ਦਾਖਲ ਕਰਵਾਏ ਗਏ ਹਨ ਜਿਨ੍ਹਾਂ ਦੀ ਗਰਦਨ, ਨੱਕ, ਕੰਨ ਅਤੇ ਹੱਥਾਂ ਬਾਹਾਂ ਉੱਪਰ ਇਸ ਜਾਨਲੇਵਾ ਚਾਈਨਾ ਡੋਰ ਕਾਰਨ ਡੂੰਘੇ ਜਖਮ ਹੋਏ ਹਨ। ਇਨ੍ਹਾਂ ਨਾ ਸਹਿਣਯੋਗ ਪੀੜਾ ਉਤਪੰਨ ਕਰਨ ਵਾਲੇ ਹਾਦਸਿਆਂ ਕਾਰਨ ਪਿਛਲੇ ਸਮੇਂ ਦੌਰਾਨ ਸੂਬੇ ਦੇ ਕਈ ਇਲਾਕਿਆਂ ਵਿੱਚ ਨਾ ਕੇਵਲ ਬੇਜੁਬਾਨ ਪੰਛੀ ਅਤੇ ਪਸ਼ੂਆਂ ਨੇ ਜਾਨਾਂ ਗਵਾਈਆਂ ਹਨ ਬਲਕਿ ਨੌਜਵਾਨ ਬੱਚੇ ਅਤੇ ਬਜ਼ੁਰਗਾਂ ਨੇ ਵੀ ਪੀੜਾਂ ਝੱਲੀਆਂ ਹਨ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਉ ਆਪਾਂ ਰਲ ਕੇ ਸਮਾਜ ਵਿੱਚ ਫੈਲੀ ਇਸ ਨਾ-ਮੁਰਾਦ ਵਸਤੂ ਨੂੰ ਸਦਾ ਲਈ ਅਲਵਿਦਾ ਆਖ ਦਈਏ ਤਾਂ ਜੋ ਸਾਈਕਲ, ਸਕੂਟਰ, ਮੋਟਰ ਸਾਈਕਲ, ਪੈਦਲ ਰਾਹਗੀਰ ਅਤੇ ਪਸ਼ੂ ਪੰਛੀਆਂ ਨੂੰ ਵੀ ਬਚਾ ਕੇ ਪੁੰਨ ਦੇ ਭਾਗੀਦਾਰ ਬਣੀਏ। ਡਿਪਟੀ ਕਮਿਸ਼ਨਰ ਨੇ ਇਨ੍ਹਾਂ ਦਿਨਾਂ ਵਿੱਚ ਸਭ ਤੋਂ ਅਹਿਮ ਅਤੇ ਢੁੱਕਵੇਂ ਕਾਰਜ ਵੱਲ ਸਬੰਧਤ ਅਧਿਕਾਰੀਆਂ ਨੂੰ ਪੂਰੀ ਤਨਦੇਹੀ ਨਾਲ ਤਵੱਜੋਂ ਦੇ ਕੇ ਦਿਨ ਰਾਤ ਇੱਕ ਕਰਕੇ ਹਰ ਉਸ ਸਖਸ਼ ਨੂੰ ਕਾਬੂ ਕਰਨ ਦੇ ਅਧਿਕਾਰ ਦੇ ਕੇ ਸਖਤ ਕਾਰਵਾਈ ਅਮਲ ਵਿੱਚ ਲਿਆਉਣ ਦੀ ਤਾਕੀਦ ਕੀਤੀ ਜੋ ਇਸ ਘਾਤਕ ਡੋਰ ਨੂੰ ਵੇਚ ਕੇ ਪਾਪ ਦਾ ਭਾਗੀਦਾਰ ਬਣ ਰਿਹਾ ਹੈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਖਾਸ ਕਰ 10 ਤੋਂ 20 ਸਾਲ ਉਮਰ ਦਿਆਂ ਨੂੰ ਅਪੀਲ ਕੀਤੀ ਕਿ ਉਹ ਪਤੰਗ ਉਡਾਉਣ ਅਤੇ ਡੋਰ ਖਰੀਦਣ ਵੇਲੇ ਬੱਚਿਆਂ ਦੀ ਖਾਸ ਨਿਗਰਾਨੀ ਰੱਖਣ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਆਮ ਜਾਂ ਖਾਸ ਵਿਅਕਤੀ ਪਾਸ ਇਸ ਸਬੰਧੀ ਕੋਈ ਪੁਖਤਾ ਜਾਣਕਾਰੀ ਹੋਵੇ ਤਾਂ ਤੁਰੰਤ ਦਫਤਰ ਡਿਪਟੀ ਕਮਿਸ਼ਨਰ ਜਾਂ ਇਲਾਕੇ ਦੇ ਸਬੰਧਤ ਥਾਣੇ ਵਿੱਚ ਇਤਲਾਹ ਕਰਨ।