ਮੁੱਖ ਮੰਤਰੀ ਜੀ ਹੁਣ ਝੂਠ ਦੀ ਮਾਰਕੀਟਿੰਗ ਬੰਦ ਕਰਦਿਓ : ਨਵਜੋਤ ਸਿੰਘ ਸਿੱਧੂ

ਨਿਹਾਲ ਸਿੰਘ ਵਾਲਾ, 02 ਜਨਵਰੀ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਘਾ ਪੁਰਾਣਾ ਤੋਂ ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਗ੍ਰਹਿ ਵਿਖੇ ਉਨ੍ਹਾਂ ਦਾ ਹਾਲ ਚਾਲ ਜਾਣਨ ਲਈ ਪੁੱਜੇ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੂੰ ਹੁਣ ਝੂਠ ਦੀ ਮਾਰਕੀਟਿੰਗ ਬੰਦ ਕਰ ਦੇਣੀ ਚਾਹੀਦੀ ਹੈ, ਕਿਉਂਕਿ ਲੋਕ ਹੁਣ ਸਰਕਾਰ ਦੇ ਲਾਰਿਆਂ ਤੋਂ ਬਹਾਰ ਆ ਚੁੱਕੇ ਹਨ। ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੇ ਬਿਆਨ ਇੱਕ ਸੀ ਕਾਂਗਰਸ ਤੇ ਜਵਾਬ ਦਿੰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਉਹੀ ਕਾਂਗਰਸ ਪਾਰਟੀ ਹੈ, ਜਿਸ ਨੂੰ ਕੁੱਝ ਸਮਾਂ ਪਹਿਲਾਂ ਹੋਈਆਂ ਚੋਣਾਂ ਵਿੱਚ 5 ਕਰੋੜ ਵੋਟਾਂ ਪਈਆਂ ਸਨ, 614 ਵਿਧਾਇਕ ਹਨ। ਉਨ੍ਹਾਂ ਕਿਹਾ ਕਿ ਪੰਜ ਸੂਬਿਆਂ ਵਿੱਚ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਤਿੰਨ ਚੋਣਾਂ ਲੜੀਆਂ, ਪਰ ਤਿੰਨ ਸੂਬਿਆਂ ਵਿੱਚ ਅੱਧੀ ਫੀਸਦੀ ਵੋਟਾਂ ਵੀ ਨੀ ਪਈਆਂ ਅਤੇ ਫਿਰ ਖੁਦ ਨੂੰ ਨੈਸ਼ਨਲ ਪਾਰਟੀ ਦਾ ਮੁੱਖ ਮੰਤਰੀ ਦੱਸਦੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਈਡੀ ਤੋਂ ਡਰ ਲੱਗ ਰਿਹਾ ਹੈ, ਜਿਹੜੇ ਅਲੀਬਾਬਾ ਚਾਲੀ ਚੋਰਾਂ ਨੂੰ ਖ਼ਤਮ ਕਰਨ ਲਈ ਆਏ ਸਨ, ਅੱਜ ਉਨ੍ਹਾਂ ਦੀ ਹੀ ਅਗਵਾਈ ਕਰਨ ਵਿੱਚ ਲੱਗੇ ਹੋਏ ਹਨ। ਨਵਜੋਤ ਸਿੰਘ ਸਿੱਧੂ ਨੇ ਇਸ ਮੌਕੇ ਜੇਲ੍ਹਾਂ ਵਿੱਚ ਵਿਕ ਰਹੇ ਨਸ਼ਿਆਂ ਸਬੰਧੀ ਵੀ ਸਵਾਲ ਚੁੱਕੇ।