ਮੁੱਖ ਮੰਤਰੀ ਭਗਵੰਤ ਮਾਨ  ਵੱਲੋਂ ਮਾਂ ਬੋਲੀ ਦੇ ਸਤਿਕਾਰ ਨੂੰ ਬਹਾਲ ਕਰਵਾਉਣ ਦੇ ਹੁਕਮ ਸਰਕਾਰੀ ਫਾਇਲਾਂ ਤੱਕ ਸੀਮਤ!

  • ਰਾਏਕੋਟ ਸ਼ਹਿਰ ਦੀਆਂ ਕਈ ਵਿਦਿਅਕ ਸੰਸਥਾਵਾਂ ਅਤੇ ਵੱਡੀਆ ਦੁਕਾਨਾਂ ਤੇ ਲੱਗੇ ਬੋਰਡਾਂ ਵਿੱਚ ਪੰਜਾਬੀ ਗਾਇਬ!

ਰਾਏਕੋਟ,05 ਮਾਰਚ (ਜਗਪਾਲ ਸਿੰਘ ਸਿਵੀਆਂ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਨੂੰ ਬਹਾਲ ਕਰਵਾਉਣ ਲਈ ਪੰਜਾਬ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਅਤੇ ਛੋਟੇ ਵੱਡੇ ਦੁਕਾਨਦਾਰਾਂ ਨੂੰ 21 ਫਰਵਰੀ ਤੱਕ ਆਪਣੇ ਅਦਾਰਿਆਂ ਤੇ ਪੰਜਾਬੀ ਵਿੱਚ ਲਿਖੇ ਬੋਰਡ ਲਗਾਉਣ ਦੀ ਅਪੀਲ ਕੀਤੀ ਗਈ ਸੀ ।ਜਿਸ ਤੇ ਅਮਲ ਕਰਦਿਆਂ ਵੱਡੇ ਵੱਡੀਆਂ ਵੱਡੀਆਂ ਕੰਪਨੀਆਂ ਵੱਲੋਂ ਆਪਣੇ ਅਦਾਰਿਆਂ ਉੱਪਰ ਅਤੇ ਸੋਅ ਰੂਮਾਂ ਉੱਪਰ ਪੰਜਾਬੀ ਵਿੱਚ ਲਿਖੇ ਬੋਰਡ ਲਗਵਾਏ ਗਏ। ਪਰ ਜੇਕਰ ਰਾਏਕੋਟ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਮੇਨ ਬਾਜ਼ਾਰ ਵਿਚ ਅਤੇ ਸ਼ਹਿਰ ਵਿੱਚ ਵੱਡੀ ਪੱਧਰ ਤੇ ਅੰਗਰੇਜ਼ੀ ਭਾਸ਼ਾ ਵਿੱਚ ਲਿਖੇ ਬੋਰਡ ਦੁਕਾਨਦਾਰਾਂ ਵੱਲੋਂ ਲਗਾਏ ਹੋਏ ਹਨ। ਇੱਥੇ ਦਿਲਚਸਪ ਗੱਲ ਇਹ ਹੈ ਕਿ ਛੋਟੇ ਕਾਰੋਬਾਰ ਵਾਲੇ ਦੁਕਾਨਦਾਰਾਂ ਵੱਲੋਂ ਵੱਡੀ ਪੱਧਰ ਤੇ ਆਪਣੀਆਂ ਦੁਕਾਨਾਂ ੳੱਪਰ ਪੰਜਾਬੀ ਲਿਖੇ ਬੋਰਡ ਲਗਾਏ ਦਿੱਤੇ ਗਏ ਹਨ ,ਪਰ ਰਾਏਕੋਟ ਦੇ ਵੱਡੇ ਕਾਰੋਬਾਰੀ ਅਦਾਰੇ ਤੇ ਵੱਡੇ ਦੁਕਾਨਦਾਰਾਂ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਨੂੰ ਟਿੱਚ ਸਮਝਦਿਆਂ ਆਪਣੇ ਬੋਰਡਾਂ ਨੂੰ ਇੰਨ ਬਿੰਨ ਅੰਗਰੇਜ਼ੀ ਭਾਸ਼ਾ ਵਿੱਚ ਹੀ ਲਗਾਇਆ ਗਿਆ।ਇੰਜ ਜਾਪਦਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੰਜਾਬ ਸਰਕਾਰ ਦਾ ਡਰ ਭੈਅ ਨਹੀਂ ਹੈ। ਹੈਰਾਨੀ ਦੀ ਗੱਲ ਹੈ ਕਿ ਇੱਕ ਵੱਡਾ ਦੁਕਾਨਦਾਰ ਜੋ ਕਿ ਰਾਏਕੋਟ ਕਰਿਆਨਾ ਯੂਨੀਅਨ ਦਾ ਪ੍ਰਧਾਨ ਹੋਣ ਨਾਤੇ ਰਾਏਕੋਟ ਸ਼ਹਿਰ ਦਾ ਇੱਕ ਜ਼ਿੰਮੇਵਾਰ ਵਾਸਿੰਦਾ ਹੈ ਨੇ  ਖੁਦ ਹੀ ਇਹਨਾਂ ਸਰਕਾਰੀ ਹੁਕਮਾਂ ਨੂੰ ਟਿੱਚ ਸਮਝਦਿਆਂ ਹੋਇਆਂ ਆਪਣੀ ਦੁਕਾਨ ਦੇ ਉੱਪਰ ਲੱਗੇ ਬੋਰਡ ਨੂੰ ਅੰਗਰੇਜ਼ੀ ਵਿੱਚ ਹੀ ਰੱਖਿਆ ਹੈ ਉਹ ਪ੍ਰਧਾਨ  ਕਦੋਂ ਆਪਣੀ ਯੂਨੀਅਨ ਦੇ ਹੋਰਨਾਂ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਤੇ  ਪੰਜਾਬੀ ਵਿੱਚ ਲਿਖੇ ਬੋਰਡ ਲਗਾਉਣ ਲਈ ਪ੍ਰੇਰਿਤ ਕਰੇਗਾ। ਉੱਥੇ ਹੀ ਰਾਏਕੋਟ ਸ਼ਹਿਰ ਦੀਆਂ ਤਿੰਨ ਮੁੱਖ ਵਿੱਦਿਅਕ ਸੰਸਥਾਵਾਂ ਵਿਚੋਂ ਦੋ ਸੰਸਥਾਵਾਂ ਦੇ  ਮੁੱਖ ਦਰਵਾਜ਼ੇ ਤੇ ਲਗਾਏ ਨਵੇਂ ਬੋਰਡ  ਵਿੱਚ ਪੰਜਾਬੀ ਭਾਸ਼ਾ ਨੂੰ ਦੂਸਰੇ ਨੰਬਰ ਤੇ ਲਿਖਿਆ ਗਿਆ ਅਤੇ ਅੰਗਰੇਜ਼ੀ ਨੂੰ ਪਹਿਲੇ ਨੰਬਰ ਤੇ ਲਿਖਿਆ ਗਿਆ ਹੈ, ਜੋ ਕਿ  ਪੰਜਾਬ ਸਰਕਾਰੀ ਦੇ ਹੁਕਮਾਂ ਦੀ ਤੌਹੀਨ ਹੈ,ਤੀਸਰੇ ਵਿਦਿਅਕ ਸੰਸਥਾ ਤੇ ਲੱਗਿਆ ਬੋਰਡ ਅੰਗਰੇਜ਼ੀ ਵਿੱਚ ਹੀ ਰੱਖਿਆ ਗਿਆ ਹੈ।ਇਸੇ ਤਰ੍ਹਾਂ ਹੀ ਆਈ ਲੈਟਸ ਸੈਂਟਰਾਂ ਵੱਲੋਂ ਤਾਂ ਪੰਜਾਬੀ ਮਾਂ ਬੋਲੀ ਦੇ ਬੋਰਡਾਂ ਨੂੰ ਲਗਾਉਣਾ ਉੱਕਾ ਹੀ ਜ਼ਰੂਰੀ ਨਹੀਂ ਸਮਝਿਆ ਜਾ ਰਿਹਾ ‌। ਰਾਏਕੋਟ ਸ਼ਹਿਰ ਦੇ ਇੱਕ ਵੀ ਆਈ ਲੈਟਸ ਸੈਂਟਰਾਂ ਵੱਲੋਂ ਆਪਣੇ ਸੈਂਟਰਾਂ ਉੱਤੇ ਪੰਜਾਬੀ ਵਿੱਚ ਲਿਖਿਆ ਬੋਰਡ ਨਹੀਂ ਲਗਾਇਆ ਗਿਆ। ਇੰਜ ਜਾਪਦਾ ਜਿਵੇਂ ਇਹ ਸੈਂਟਰ ਪੰਜਾਬ ਵਿੱਚ ਨਹੀਂ ਸਗੋਂ ਕੋਈ ਹੋਰ ਸੂਬੇ ਵਿੱਚ ਚਲਦੇ ਹੋਣ। ਇਸ ਵਰਤਾਰੇ ਤੋਂ ਇੰਜ ਜਾਪਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਬਹਾਲ ਕਰਨ ਲਈ ਦਿੱਤੇ ਆਦੇਸ਼ਾਂ ਅਤੇ ਮਾਂ ਬੋਲੀ ਦੇ  ਵਿਕਾਸ ਲਈ ਕੀਤੇ ਯਤਨਾਂ ਨੂੰ ਰਾਏਕੋਟ ਦੇ  ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਬਲਕਿ ਸਿਰਫ ਪੰਜਾਬੀ ਮਾਂ ਬੋਲੀ ਦੇ ਬੋਰਡਾਂ ਨੂੰ ਲਗਾਉਣ ਲਈ ਲਾਊਡ ਸਪੀਕਰਾਂ ਰਾਹੀਂ ਹੋਕਾ ਦੇ  ਕੰਮ ਖਤਮ ਕਰਨਾ ਸਮਝਦੇ ਹੋਏ ਸਿਰਫ ਖ਼ਾਨਾਪੂਰਤੀ ਕੀਤੀ ਜਾ ਰਹੀ ਹੈ। 

ਕੀ ਕਹਿਣਾ ਐਸਡੀਐਮ ਗੁਰਬੀਰ ਸਿੰਘ ਕੋਹਲੀ
ਸਹਿਰ ਵਿੱਚ ਕਈ ਥਾਈਂ ਪੰਜਾਬੀ ਵਿੱਚ ਬੋਰਡ ਨਾ ਲਗਾਉਣ ਬਾਰੇ ਜਦੋਂ ਐਸਡੀਐਮ ਗੁਰਬੀਰ ਸਿੰਘ ਕੋਹਲੀ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ,ਪਰ ਉਨ੍ਹਾਂ ਦੇ ਦਫਤਰ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਐਸਡੀਐਮ ਦਫ਼ਤਰ ਵੱਲੋਂ ਸਾਰੇ ਵਿਭਾਗਾਂ ਦੇ ਮੁਖੀਆਂ ਅਤੇ ਨਗਰ ਕੌਂਸਲ ਨੂੰ ਬਕਾਇਦਾ ਪੱਤਰ ਜਾਰੀ ਕਰਦਿਆਂ ਦੁਕਾਨਦਾਰਾਂ ਅਤੇ ਸਾਰੀਆਂ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਅਤੇ ਕਾਰੋਬਾਰੀਆਂ ਨੂੰ ਆਪਣੇ ਆਪਣੇ ਅਦਾਰਿਆਂ ਅਤੇ ਸਨਅਤਾਂ ਉੱਪਰ ਪੰਜਾਬੀ ਮਾਂ ਬੋਲੀ ਵਿੱਚ ਲਿਖੇ ਬੋਰਡ ਲਗਾਉਣ ਦੀ ਅਪੀਲ ਕੀਤੀ ਗਈ ਹੈ।

ਕੀ ਕਹਿਣਾ ਪੰਜਾਬੀ ਸਾਹਿਤਕਾਰ ਬਲਬੀਰ ਸਿੰਘ ਬੱਲੀ ਜੀ ਦਾ
ਇਸ ਵਰਤਾਰੇ ਸੰਬੰਧੀ ਜਦੋਂ ਪੰਜਾਬੀ ਸਾਹਿਤਕਾਰ ਬਲਬੀਰ ਸਿੰਘ ਬੱਲੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਨੂੰ ਬਹਾਲ ਕਰਵਾਉਣ ਲਈ 21ਫਰਵਰੀ ਨੂੰ ਇੱਕ ਰਾਏਕੋਟ ਸ਼ਹਿਰ ਵਿਖੇ ਮਾਰਚ ਕੱਢਿਆ ਗਿਆ ਸੀ। ਉਹਨਾਂ ਵੱਲੋਂ ਸ਼ਹਿਰ ਦੇ ਵੱਖ ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਕ ਸ਼ਖ਼ਸੀਅਤਾਂ ਨੂੰ ਬੇਨਤੀ ਕੀਤੀ ਕਿ ਉਹ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਨੂੰ ਬਹਾਲ ਅਤੇ ਪੰਜਾਬੀ ਵਿੱਚ ਲਿਖੇ ਬੋਰਡ ਲਗਾਉਣ ਲਈ ਹਰ ਦੁਕਾਨਦਾਰ ਅਤੇ ਸ਼ਹਿਰ ਵਾਸੀਆਂ ਨੂੰ ਪ੍ਰੇਰਨ ਤਾਂ ਕਿ ਹਰ ਘਰ ਤੇ ਹਰ ਵਿਦਿਅਕ,ਸਨਅਤੀ ਅਤੇ ਧਾਰਮਿਕ ਸੰਸਥਾਵਾਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਉੱਚਾ ਤੇ ਸੁੱਚਾ ਰੁਤਬਾ ਦਿੱਤਾ ਜਾਵੇ ।