ਬਾਲ ਮਜਦੂਰੀ ਨੂੰ ਰੋਕਣ ਲਈ ਜਿਲ੍ਹਾ ਟਾਸਕ ਫੋਰਸ ਵੱਲੋਂ ਕੋਟਕਪੂਰਾ ਸ਼ਹਿਰ ਅੰਦਰ ਕੀਤੀ ਚੈਕਿੰਗ

ਫਰੀਦਕੋਟ 16 ਜੂਨ : ਜਿਲ੍ਹਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਵਲੋਂ ਬਾਲ ਮਜਦੂਰੀ ਨੂੰ ਰੋਕਣ ਲਈ ਦਿੱਤੇ ਗਏ ਨਿਰਦੇਸ਼ਾਂ ਤਹਿਤ ਜਿਲ੍ਹਾ ਟਾਸਕ ਫੋਰਸ ਵੱਲੋ ਕੋਟਕਪੂਰਾ ਸ਼ਹਿਰ ਅੰਦਰ ਵੱਖ –ਵੱਖ ਦੁਕਾਨਾਂ, ਢਾਬਿਆ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦੇ ਪ੍ਰੋਟੈਕਸ਼ਨ ਅਫਸਰ ਆਈ.ਸੀ ਸ਼੍ਰੀ ਸੁਖਮੰਦਰ ਸਿੰਘ ਅਤੇ ਕਿਰਤ ਇੰਸਪੈਕਟਰ ਸ਼੍ਰੀ ਰੰਜੀਵ ਸੋਢੀ ਵੱਲੋ ਦੁਕਾਨਾਂ ਤੇ ਕੰਮ ਕਰਨ ਵਾਲੇ ਮੁਲਾਜਮਾਂ ਤੋਂ ਉਨ੍ਹਾਂ ਦੀ ਉਮਰ ਬਾਰੇ ਜਾਣਕਾਰੀ ਲੈਣ ਤੋਂ ਇਲਾਵਾ  ਦੁਕਾਨਾਂ ਦੇ ਮਾਲਕਾ ਨੂੰ ਬਾਲ ਮਜਦੂਰੀ ਨਾ ਕਰਵਾਉਣ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੀ ਚਾਈਲਡ ਲੇਬਰ ਐਕਟ 1986 ਬਾਰੇ ਜਾਗਰੂਕ ਕਰਦਿਆ ਕਿਹਾ ਕਿ 14 ਸਾਲ ਤੋ ਘੱਟ ਉਮਰ ਦੇ ਬੱਚਿਆਂ ਤੋਂ ਮਜਦੂਰੀ ਕਰਵਾਉਣਾ ਗੈਰ ਕਾਨੂੰਨੀ ਹੈ, ਬਾਲ ਮਜਦੂਰੀ ਕਰਵਾਉਣ ਵਾਲੇ ਨੂੰ 20 ਹਜਾਰ ਰੁਪਏ ਤੋ ਲੈ ਕੇ 50 ਹਜਾਰ ਰੁਪਏ ਤੱਕ ਦਾ ਜੁਰਮਾਨਾ ਅਤੇ 2 ਸਾਲ ਤੱਕ ਦੀ ਕੈਦ ਵੀ ਹੋ ਸਕਦੀ ਹੈ। ਵਧੇਰੇ ਜਾਣਕਾਰੀ ਦਿੰਦਿਆ ਉਨ੍ਹਾਂ ਇਹ ਵੀ ਦੱਸਿਆ ਕਿ ਖਤਰਨਾਕ ਕਿੱਤਿਆ ਜਿਵੇ ਕਿ ਭੱਠੇ, ਫੈਕਟਰੀਆ ਆਦਿ ਵਿੱਚ 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਨੂੰ ਕੰਮ ਕਰਨ ਦੀ ਮਨਾਹੀ ਹੈ ਜਿਸ ਦੇ ਤਹਿਤ ਦੁਕਾਨਾਂ ਦੇ ਮਾਲਕਾਂ ਨੂੰ ਸਮਝਾਇਆ ਗਿਆ। ਬਾਲ ਮਜਦੂਰੀ ਸਬੰਧੀ ਕੋਈ ਵੀ ਵਿਅਕਤੀ ਪੈਨਸਿਲ ਪੋਰਟਲ ਤੇ ਜਾ ਕੇ ਘਰ ਬੈਠ ਕੇ ਆਨਲਾਈਨ ਜਾਂ ਚਾਈਲਡ ਹੈਲਪਲਾਈਨ ਨੰ 1098 ਅਤੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਤੋ ਕੰਮ ਕਰਵਾਉਣ ਦੀ ਬਜਾਏ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਭੇਜਣਾ ਚਾਹੀਦਾ ਹੈ ਤਾਂ ਜੋ ਪੜ੍ਹ-ਲਿਖ ਕੇ ਆਪਣੇ ਪੈਰਾ ਤੇ ਖੜੇ ਹੋ ਸਕਣ ।