ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਟਰੈਵਲ ਏਜੰਟ/ਆਈਲੈਟਸ ਕੇਂਦਰਾਂ/ਵੀਜ਼ਾ ਸਲਾਹਕਾਰ/ਈ.ਟਿਕਟਿੰਗ ਦੇ ਪ੍ਰਬੰਧਕਾ, ਵਿਦਿਆਰਥੀਆਂ ਅਤੇ ਸਟਾਫ਼ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤੀ ਗਈ ਚੈਕਿੰਗ

  • ਟਰੈਵਲ ਏਜੰਟ/ਆਈਲੈਟਸ/ ਵੀਜ਼ਾ ਸਲਾਹਕਾਰ/ਈ.ਟਿਕਟਿੰਗ ਲਾਇਸੰਸ ਧਾਰਕਾਂ ਨੂੰ ਅਧਿਕਾਰਤ ਲਾਇਸੰਸ ਨੰਬਰ ਆਪਣੇ ਕੇਂਦਰ ਅਤੇ ਇਸ਼ਤਿਹਾਰ ਕਰਨ ਸਮੇਂ ਅੰਕਿਤ ਕਰਨ ਅਤੇ ਡਿਸਪਲੇ ਕਰਨ ਦੀ ਹਦਾਇਤ
  • ਹੁਕਮਾਂ ਦੀ ਉਲੰਘਣਾ 'ਤੇ ਹੋਵੇਗੀ ਸਖ਼ਤ ਕਾਰਵਾਈ

ਮਾਲੇਰਕੋਟਲਾ 04 ਜੁਲਾਈ : ਪੰਜਾਬ ਵਿੱਚ ਹਿਊਮਨ ਸਮਗਲਿੰਗ ਦੇ ਕੇਸਾਂ ਵਿੱਚ ਹੋ ਰਹੇ ਵਾਧੇ ਅਤੇ ਧੋਖੇਬਾਜ਼ੀ ਦੀਆਂ ਵਧਦੀਆਂ ਘਟਨਾਵਾਂ ਦੇ ਮੱਦੇ ਨਜ਼ਰ ਪ੍ਰਵਾਸੀ ਭਾਰਤੀ ਮਾਮਲੇ ਅਤੇ ਪ੍ਰਬੰਧਕੀ ਸੁਧਾਰ ਮੰਤਰੀ ਪੰਜਾਬ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਦੇ ਹੁਕਮਾਂ ਤਹਿਤ ਅੱਜ ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਪੈਂਦੇ ਟਰੈਵਲ ਏਜੰਟ/ਆਈਲੈਟਸ ਕੇਂਦਰਾਂ / ਵੀਜ਼ਾ ਸਲਾਹਕਾਰ/ ਈ.ਟਿਕਟਿੰਗ ਲਾਇਸੰਸੀਆਂ ਅਤੇ ਗੈਰ ਲਾਇੰਸਸ ਧਾਰਕਾਂ ਦੀ ਚੈਕਿੰਗ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ ਵੱਲੋਂ ਕੀਤੀ ਗਈ । ਇਸ ਮੌਕੇ ਉਨ੍ਹਾਂ ਨਾਲ ਸਹਾਇਕ ਕਮਿਸ਼ਨਰ ਸ੍ਰੀ ਗੁਰਮੀਤ ਕੁਮਾਰ ਵੀ ਮੌਜੂਦ ਸਨ । ਉਨ੍ਹਾਂ ਜ਼ਿਲ੍ਹੇ ਦੇ ਅੰਦਰ ਮੌਜੂਦ ਸਮੂਹ ਟਰੈਵਲ ਏਜੰਟ, ਟਿਕਟਿੰਗ ਏਜੰਟ, ਕੰਸਲਟੈਂਸੀ, ਆਈਲੈਟਸ ਇੰਸਟੀਚਿਊਟ, ਜਨਰਲ ਸੇਲਜ਼ ਏਜੰਟ ਦੇ ਲਾਇਸੰਸ ਧਾਰਕਾਂ ਨੂੰ ਹਦਾਇਤ ਕੀਤੀ ਕਿ  ਉਹਨਾਂ ਵੱਲੋਂ ਆਪਣੇ ਕੰਮ ਵਾਲੇ ਸਥਾਨ (ਮੁੱਖ ਦਫ਼ਤਰ/ਸ਼ਾਖਾਵਾਂ) 'ਤੇ ਲੱਗੇ ਫ਼ਰਮ ਦੇ ਬੋਰਡਾਂ, ਇਸ਼ਤਿਹਾਰ ਬੋਰਡ ਸਮੇਤ ਸੋਸ਼ਲ ਮੀਡੀਆ 'ਤੇ ਕੀਤੇ ਜਾਂਦੇ ਪ੍ਰਚਾਰ ਸਮੇਂ ਅਧਿਕਾਰਤ ਲਾਇਸੰਸ ਨੰਬਰ ਦਰਜ ਕਰਨ ਨੂੰ ਯਕੀਨੀ ਬਣਾਉਣ  । ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਅਤੇ ਹੋਰ ਐਕਟਾਂ ਤਹਿਤ ਦਰਜ ਹਦਾਇਤਾਂ ਦੀ ਇੰਨ ਬਿਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ । ਜੇਕਰ ਕੋਈ ਲਾਇਸੈਂਸ ਧਾਰਕ (ਸੋਲ ਪ੍ਰੋਪਰਾਈਟਰ ਜਾਂ ਪਾਰਟਨਰਜ਼ ਫ਼ਰਮ) ਵੱਲੋਂ ਹੁਕਮਾਂ ਦੀ ਉਲੰਘਣਾ ਕੀਤੀ ਪਾਈ ਜਾਂਦੀ ਹੈ ਤਾਂ ਉਹਨਾਂ ਵਿਰੁੱਧ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਟਰੈਵਲ ਏਜੰਟ/ਆਈਲੈਟਸ/ ਵੀਜ਼ਾ ਸਲਾਹਕਾਰ/ਈ.ਟਿਕਟਿੰਗ ਏੰਜਸੀਆਂ ਸਬੰਧੀ ਸਮੇਂ ਸਮੇਂ ਤੇ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਆਮ ਵਿਅਕਤੀ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ । ਉਨ੍ਹਾਂ ਹਦਾਇਤ ਕੀਤੀ ਕਿ ਇਨ੍ਹਾਂ ਕੇਂਦਰਾਂ ਵਿੱਚ ਸੁਰੱਖਿਆ ਦੇ ਮੱਦੇ ਨਜ਼ਰ ਅੱਗ ਬੁਝਾਉਣ ਦੇ ਢੁਕਵੇਂ ਪ੍ਰਬੰਧ,  ਸੁਰੱਖਿਆ ਸਰਟੀਫਿਕੇਟ,  ਸਟਾਫ਼ ਅਤੇ ਸਿੱਖਿਆਰਥੀਆਂ ਦੇ ਸ਼ਨਾਖ਼ਤੀ ਕਾਰਡ, ਵਿਆਪਕ ਪ੍ਰਵੇਸ਼ ਅਤੇ ਅਣਸੁਖਾਵੇਂ ਸਮੇਂ  ਬਾਹਰ ਜਾਣ ਦੇ ਰਸਤੇ, ਪੁਰਸ਼ਾਂ ਅਤੇ ਔਰਤਾਂ ਲਈ ਵੱਖ-ਵੱਖ ਪਖਾਨੇ, ਰੈਂਪ, ਕਾਰਜਸ਼ੀਲ ਸੀਸੀਟੀਵੀ ਕੈਮਰੇ ,ਪਾਰਕਿੰਗ ਆਦਿ ਦੇ ਪੁਖ਼ਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ । ਵਧੀਕ ਡਿਪਟੀ ਕਮਿਸ਼ਨਰ ਨੇ  ਦੱਸਿਆ ਕਿ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਰੂਲਜ਼ 2013 ਤੇ ਹੋਰ ਐਕਟਾਂ ਤਹਿਤ ਜਿਸ ਕਿਸੇ ਵੀ ਫ਼ਰਮ ਨੂੰ ਜ਼ਿਲ੍ਹੇ  ਵਿੱਚ ਉਪਰੋਕਤ ਲਾਇਸੰਸ ਜਾਰੀ ਕੀਤੇ ਜਾਂਦੇ ਹਨ, ਉਹਨਾਂ ਵੱਲੋਂ ਆਪਣਾ ਲਾਇਸੰਸ ਨੰਬਰ ਕੰਮ ਵਾਲੇ ਸਥਾਨ (ਹੈੱਡ ਆਫ਼ਿਸ/ਸ਼ਾਖਾਵਾਂ) 'ਤੇ ਲੱਗੇ ਬੋਰਡਾਂ ਜਾਂ ਇਸ਼ਤਿਹਾਰ ਬੋਰਡ ਜਾਂ ਸੋਸ਼ਲ ਮੀਡੀਆ ਤੋਂ ਕੀਤੇ ਜਾਂਦੇ ਪ੍ਰਚਾਰ ਸਮੇਂ ਦਰਸਾਇਆ ਨਹੀਂ ਜਾਂਦਾ, ਜਿਸ ਕਾਰਨ ਇਹ ਸਪਸ਼ਟ ਨਹੀਂ ਹੁੰਦਾ ਕਿ ਉਹ ਅਧਿਕਾਰਤ ਤੌਰ 'ਤੇ ਲਾਇਸੰਸ ਧਾਰਕ ਹੈ। ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੇਵਲ ਲਾਇਸੰਸ ਧਾਰਕਾਂ /ਅਧਿਕਾਰਤ ਵਿਅਕਤੀਆਂ ਤੋਂ ਹੀ ਇਸ ਸਬੰਧੀ ਸਰਵਿਸਿਜ਼ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਧੋਖਾ ਧੜੀ ਤੋਂ ਬੱਚਿਆ ਜਾ ਸਕੇ ।