ਕੇਂਦਰ ਸਰਕਾਰ ਪੱਖਪਾਤੀ ਰਵੱਈਆ ਛੱਡਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਨੂੰ ਰਿਹਾਅ ਕਰੇ : ਐਡਵੋਕੇਟ ਧਾਮੀ 

  • ਭਾਈ ਰਾਜੋਆਣਾ ਨਾਲ ਸ਼ੋ੍ਰਮਣੀ ਕਮੇਟੀ ਵਫ਼ਦ ਕਰੇਗਾ ਮੁਲਾਕਾਤ, ਫੇਰ ਉਲੀਕੇਗਾ ਅਗਲਾ ਸੰਘਰਸ਼ : ਐਡਵੋਕੇਟ ਧਾਮੀ
  • ਮੱਧਪ੍ਰਦੇਸ਼ ਦੇ ਜੱਬਲਪੁਰ ਵਿਖੇ ਸਿੱਖ ਨੌਜਵਾਨ ਨਾਲ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਖਿਲਾਫ਼ ਹੋਵੇ ਕਾਰਵਾਈ

ਪਟਿਆਲਾ 18 ਨਵੰਬਰ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਦੇਸ਼ ਭਰ ਦੀਆਂ ਜੇਲ੍ਹਾਂ ਵਿਚ ਨਜ਼ਰਬੰਦ ਬੰਦੀ ਸਿੱਖਾਂ ਦੀ ਰਿਹਾਈ ਦੇ ਮਸਲੇ ’ਤੇ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਪੱਖਪਾਤੀ ਰਵੱਈਆ ਛੱਡਕੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਜਿਥੇ ਕਾਨੂੰਨੀ ਤੌਰ ’ਤੇ ਲੜਾਈ ਜਾਰੀ ਰੱਖੀ ਹੋਈ, ਉਥੇ ਹੀ ਸਿਰਮੌਰ ਸੰਸਥਾ ਵੱਲੋਂ ਲਗਾਤਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸਵਾਲਾਂ ਦਾ ਜਵਾਬ ਦਿੰਦਿਆਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਸਿਰਮੌਰ ਸੰਸਥਾ ਵੱਲੋਂ ਦਸਤਖਤੀ ਮੁਹਿੰਮ ਚਲਾਈ ਗਈ ਅਤੇ 26 ਲੱਖ ਦੇ ਕਰੀਬ ਦਸਤਖਤਾਂ ਵਾਲੇ ਫਾਰਮ ਭਰਵਾਕੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਤੱਕ ਪਹੁੰਚਾ ਕੇ ਏਸ ਗੱਲ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਆਪਣਾ ਪੱਖਪਾਤੀ ਰਵੱਈਆ ਛੱਡੇ ਤਾਂ ਕਿ ਸਜ਼ਾਵਾਂ ਪੂਰੀਆਂ ਕਰਨ ਵਾਲਿਆਂ ਨੂੰ ਅਸਲ ਮਾਇਨਿਆਂ ਵਿਚ ਇਨਸਾਫ ਮਿਲ ਸਕੇ। ਉਨ੍ਹਾਂ ਕਿਹਾ ਕਿ ਜਲਦ ਹੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਸਜ਼ਾਜਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰੇਗਾ, ਜਿਸ ਉਪਰੰਤ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਅਗਲਾ ਸੰਘਰਸ਼ ਉਲੀਕੇਗੀ। ਇਕ ਸਵਾਲ ਦੇ ਜਵਾਬ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੂੰ ਬੰਦੀ ਸਿੱਖਾਂ ਦੀ ਰਿਹਾਈ ਦੇ ਮਸਲੇ ’ਤੇ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਲੈਣਾ ਚਾਹੀਦਾ। ਸ਼ੋ੍ਰਮਣੀ ਕਮੇਟੀ ਪ੍ਰਧਾਨ ਨੇ ਦਸਤਖਤੀ ਮੁਹਿੰਮ ਵਾਲੇ ਫਾਰਮਾਂ ਨੂੰ ਫਰਜ਼ੀ ਦੱਸਣ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਨਸੀਹਤ ਦਿੱਤੀ ਕਿ ਸਿੱਖਾਂ ਦੇ ਮਸਲਿਆਂ ਵਿਚ ਪੈਣ ਦੇ ਬਜਾਏ ਰਾਜਪਾਲ ਬਨਵਾਰੀ ਲਾਲ ਪ੍ਰਰੋਹਿਤ ਨੰੂ ਭੇਜੇ ਦਸਤਖਤੀ ਮੁਹਿੰਮ ਵਾਲੇ ਫਾਰਮ ਖੁਦ ਹੀ ਤਸਦੀਕ ਕਰ ਲਵੇ। ਉਨ੍ਹਾਂ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਜੇਲ੍ਹਾਂ ਵਿਚ ਨਜ਼ਰਬੰਦ ਬੰਦੀ ਸਿੰਘ ਸਿੱਖ ਕੌਮ ਅਤੇ ਸਾਡੇ ਅਸਲ ਹੀਰੋ ਹਨ ਅਤੇ ਰਵਨੀਤ ਬਿੱਟੂ ਨੂੰ ਅਜਿਹੀਆਂ ਟਿੱਪਣੀਆਂ ਕਰਨ ਤੋਂ ਪਹਿਲਾਂ ਆਪਣੇ ਪੁਰਖਿਆਂ ਦੇ ਕਾਰਨਾਮਿਆਂ ’ਤੇ ਝਾਤ ਮਾਰ ਲੈਣੀ ਚਾਹੀਦੀ, ਜੋ ਹਮੇਸ਼ਾ ਸਿੱਖ ਕੌਮ ਨਾਲ ਬੇਇਨਸਾਫੀ ਕਰਦੇ ਰਹੇ ਹਨ। ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਬਲਪੁਰ ਵਿਖੇ ਵਾਇਰਲ ਹੋਈ ਇਕ ਵੀਡੀਓ ਦਾ ਗੰਭੀਰ ਨੋਟਿਸ ਲਿਆ, ਜਿਸ ਵਿਚ ਇਕ ਸਿੱਖ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਦੀ ਦਸਤਾਰ ਅਤੇ ਕੇਸਾਂ ਦਾ ਅਪਮਾਨ ਕਰਨਾ ਅਤੇ ਕੁੱਟਮਾਰ ਕਰਨ ਦੀ ਅਜਿਹੀ ਘਟਨਾ ਮੰਦਭਾਗੀ ਅਤੇ ਸਖਤ ਨਿੰਦਣਯੋਗ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਪੀੜਤ ਧਿਰ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਹੈ।