ਕੇਂਦਰ ਰਾਸ਼ਟਰਪਤੀ ਰਾਜ ਲਾਉਣ ਦੀ ਸਾਜ਼ਿਸ਼ ਰਚ ਰਿਹੈ, ਪੰਜਾਬ ਸਰਕਾਰ ਵਾਅਦੇ ਪੂਰੇ ਕਰਨ ਵਿਚ ਫੇਲ੍ਹ : ਨਵਜੋਤ ਸਿੱਧੂ 

ਪਟਿਆਲਾ, 1 ਅਪ੍ਰੈਲ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਦੋਸ਼ ਲਾਇਆ ਹੈ ਕਿ ਕੇਂਦਰ ਸਰਕਾਰ ਸੂਬੇ ਵਿਚ ਰਾਸ਼ਟਰਪਤੀ ਰਾਜ ਲਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਨੂੰ ਕਮਜ਼ੋਰ ਕਰ ਕੇ ਕੋਈ ਵੀ ਸਰਕਾਰ ਤਗੜੀ ਨਹੀਂ ਰਹਿ ਸਕਦੀ। ਇਥੇ ਕੇਂਦਰੀ ਜੇਲ੍ਹ ਵਿਚੋਂ ਬਾਹਰ ਆਉਣ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾਕਿ  ਦੇਸ਼ ਦੀ ਖਾਤਰ ਗਾਂਧੀ ਪਰਿਵਾਰ ਦੇ ਪੁਰਖਿਆਂ ਨੇ ਬਹੁਤ ਵੱਡਾ ਕੰਮ ਕੀਤਾ ਤੇ ਉਹਨਾਂ ਦੀ ਪ੍ਰੇਰਨਾ ਨਾਲ ਰਾਹੁਲ ਗਾਂਧੀ ਅੱਜ ਲੋਕਤੰਤਰ ਨੂੰ ਪਾਈਆਂ ਗਈਆਂ ਜੰਜੀਰਾਂ ਕੱਟ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਸ਼ੇਰ ਦਹਾੜਦਾ ਹੈ ਤਾਂ ਅਮਰੀਕਾ ਤੇ ਜਰਮਨੀ ਸਮੇਤ ਸਾਰੀ ਦੁਨੀਆਂ ਵਿਚ ਆਵਾਜ਼ ਗੂੰਜਦੀ ਹੈ। ਉਹਨਾਂ ਕਿਹਾ ਕਿ ਵਾਦ ਵਿਵਾਦ ਤੇ ਵਿਰੋਧ ਲੋਕਤੰਤਰ ਦੀ ਰੂਹ ਹਨ। ਉਹਨਾਂ ਨਰਿੰਦਰ ਮੋਦੀ ਦਾ ਨਾਂ ਲਏ ਬਗੈਰ ਕਿਹਾ ਕਿ ਜਦੋਂ ਤੁਸੀਂ ਬਹੁਤ ਕੁਝ ਬੋਲਿਆ ਤਾਂ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਿਹਾ ਪਰ ਹੁਣ ਤੁਸੀਂ ਵਧੀਕੀ ਕਰ ਰਹੇ ਹੋ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਵੀ ਕਮਜ਼ੋਰ ਕੀਤਾ ਜਾ ਰਿਹਾ ਹੈ ਤੇ ਸੁਪਰੀਮ ਕੋਰਟ ਨੂੰ ਵੀ ਕਮਜ਼ੋਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਰਾਜ ਧਰਮ ਤੋਂ ਵੱਡਾ ਕੋਈ ਧਰਮ ਨਹੀਂ ਹੈ। ਭਗਵੰਤ ਮਾਨ ਸਰਕਾਰ ’ਤੇ ਵਰ੍ਹਦਿਆਂ ਨਵਜੋਤ ਸਿੱਧੂ ਨੇ ਦੋਸ਼ ਲਾਇਆ ਕਿ ਜੋ ਵਾਅਦੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਚੋਣਾਂ ਮੌਕੇ ਲੋਕਾਂ ਨਾਲ ਕੀਤੇ ਸਨ, ਉਹ ਪੂਰੇ ਨਹੀਂ ਕੀਤੇ ਗਏ। ਉਹਨਾਂ ਸਵਾਲ ਕੀਤਾ ਕਿ ਹੁਣ ਰੇਤੇ ਤੋਂ ਮਿਲਣ ਵਾਲੇ 32 ਹਜ਼ਾਰ ਕਰੋੜ ਰੁਪਏ ਕਿਥੇ ਹਨ ? ਉਹਨਾਂ ਕਿਹਾ ਕਿ ਲੋਕਾਂ ਨੂੰ 300 ਯੂਨਿਟ ਬਿਜਲੀ ਮੁਫਤ ਦੇਣ ਵੇਲੇ ਇਹ ਨਹੀਂ ਦੱਸਿਆ ਗਿਆ ਕਿ 25 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਿਰ ਚਾੜ੍ਹ ਕੇ ਇਹ ਸਹੂਲਤ ਮਿਲੇਗੀ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਉਹ ਜੋ ਕਰ ਰਹੇ ਹਨ, ਉਹ ਪੰਜਾਬ ਵਾਸਤੇ ਕਰ ਰਹੇ ਹਨ ਤੇ ਆਪਣੇ ਵਾਸਤੇ ਕੁਝ ਨਹੀਂ ਕਰ ਰਹੇ।