ਅੰਨ੍ਹੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ 9 ਦੋਸ਼ੀਆਂ ਵਿਚੋਂ 7 ਨੂੰ ਕੀਤਾ ਗ੍ਰਿਫਤਾਰ 

ਜਗਰਾਓਂ, 31 ਜੁਲਾਈ  : ਥਾਣਾ ਸਿਟੀ ਮੁਖੀ ਇੰਸਪੈਕਟਰ ਜਗਜੀਤ ਸਿੰਘ ਦੀ ਪੁਲਿਸ ਟੀਮ ਨੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਵਿਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਪ੍ਰੈੱਸ ਵਾਰਤਾ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਲੁਧਿਆਣਾ ਦਿਹਾਤੀ ਦੇ ਪੁਲਿਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਬੀਤੀ 27 ਜੁਲਾਈ ਨੂੰ ਥਾਣਾ ਸਿਟੀ ਪੁਲੀਸ ਨੂੰ ਕੋਠੇ ਖਜੂਰਾਂ ਨੇੜੇ ਸੇਮ ਨਾਲੇ ਨਾਲ ਲੱਗਦੀ ਪਹੀ ਵਿੱਚੋ ਇੱਕ ਨੌਜਵਾਨ ਦੀ ਲਾਵਾਰਿਸ ਲਾਸ਼ ਬਰਾਮਦ ਹੋਈ ਸੀ ਜਿਸ ਦੇ ਕਾਫ਼ੀ ਸੱਟਾਂ ਲੱਗਣ ਦੇ ਨਿਸ਼ਾਨ ਸਨ ਅਤੇ ਮ੍ਰਿਤਕ ਵਿਅਕਤੀ ਦੀ ਉਮਰ 25 ਤੋਂ 30 ਸਾਲ ਦੇ ਕਰੀਬ ਜਾਪ ਰਹੀ ਸੀ। ਐੱਸਐੱਸਪੀ ਦਿਹਾਤੀ ਨੇ ਦੱਸਿਆ ਕਿ ਲਾਵਾਰਿਸ ਲਾਸ਼ ਮਿਲਣ ਤੋਂ ਬਾਅਦ ਥਾਣਾ ਸਿਟੀ ਮੁਖੀ ਇੰਸਪੈਕਟਰ ਜਗਜੀਤ ਸਿੰਘ ਦੀ ਪੁਲਿਸ ਟੀਮ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਹੋਇਆ 9 ਵਿਅਕਤੀਆਂ ਦੇ ਖਿਲਾਫ਼ ਥਾਣਾ ਸਿਟੀ ਜਗਰਾਓਂ ਵਿਖੇ ਮਾਮਲਾ ਦਰਜ ਕੀਤਾ ਹੈ ਜਿਨ੍ਹਾਂ ਵਿਚੋਂ 7 ਵਿਅਕਤੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਐੱਸਐੱਸਪੀ ਦਿਹਾਤੀ ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਵਿੱਚ ਇੱਕ ਨਾਬਾਲਿਗ ਨੌਜਵਾਨ ਵੀ ਸ਼ਾਮਿਲ ਹੈ। ਵਧੇਰੇ ਜਾਣਕਾਰੀ ਸਾਂਝੀ ਕਰਦੇ ਐਸਐਸਪੀ ਦਿਹਾਤੀ ਨੇ ਦੱਸਿਆ ਕਿ ਲਾਸ਼ ਮਿਲਣ ਵਾਲੀ ਜਗ੍ਹਾ ਦੇ ਆਸ ਪਾਸ ਟੈਕਨੀਕਲ ਤਰੀਕੇ ਨਾਲ ਜਾਂਚ ਕੀਤੀ ਗਈ ਅਤੇ ਐਕਟਿਵਾ ਪਰ ਆਉਣ ਵਾਲੇ ਵਿਅਕਤੀਆਂ ਦੀਆਂ ਤਸਵੀਰਾਂ ਹਾਸਲ ਕਰਕੇ ਸ਼ਹਿਰ ਵਿੱਚ ਭਾਲ ਕੀਤੀ ਗਈ। ਇਸੇ ਦੌਰਾਨ ਮਿਤੀ 29.07 ਨੂੰ ਰਾਮ ਨਾਥ ਯਾਦਵ ਪੁਤਰ ਬੂਲੇਸਵਰ ਯਾਦਵ ਪੁਤਰ ਪੁਲਕਿਤ ਯਾਦਵ ਵਾਸੀ ਇਟਹਰਵਾ, ਥਾਣਾ ਪਹਿਰਾ, ਜਿਲਾ ਦਰਬੰਗਾ, ਬਿਹਾਰ ਹਾਲ ਵਾਸੀ ਨੇੜੇ ਮੈਦੀਆਣਾ ਸਾਹਿਬ ਵਾਲਾ ਗੇਟ ਪਿੰਡ ਮੱਲ੍ਹਾ ਨੇ ਬਿਆਨ ਦਰਜ ਕਰਵਾਇਆ ਕਿ ਮੇਰਾ ਇੱਕ ਪਲਾਟ ਗੁਰੂ ਤੇਗ ਬਹਾਦਰ ਮਹੱਲਾ ਜਗਰਾਉਂ ਵਿੱਚ ਹੈ, ਇਸ ਪਲਾਟ ਵਿੱਚ ਛੋਟੇ ਛੋਟੇ ਕਮਰੇ ਬਣਾ ਕੇ, ਮੈਂ ਪ੍ਰਵਾਸੀ ਮਜਦੂਰਾਂ ) ਵਰਿੰਦਰ ਕੁਮਾਰ ਯਾਦਵ ਪੁੱਤਰ ਚੰਦਰ ਸ਼ੇਖਰ ਵਾਸੀ ਪਿੰਡ ਕਲਮਪੁਰਾ ਤਹਿਸੀਲ ਤੇ ਜਿਲਾ ਚਰਬੰਗਾ, ਬਿਹਾਰ, ਰਾਹੁਲ ਪੁਤਰ ਅਨੁਰਾਮ ਵਾਸੀ ਪਿੰਡ ਮਕਾਵਾਂ, ਜਿਲਾ ਘਟਨਾ, ਸਾਜਨ ਕੁਮਾਰ ਪੁੱਤਰ ਵਿਜੈ ਪਾਸਵਾਨ ਵਾਸੀ ਸ਼ੁਭਅੰਕੜਪੁਰਾ, ਤਿਕੋਲੀ, ਥਾਣਾ ਤਿਸੀਓਤਾ, ਜਿਲਾ ਬੈਸਾਲੀ, ਬਿਹਾਰ, ਰਣਜੀਤ ਸਿੰਘ ਪੁਤਰ ਮਧਰ ਪ੍ਰਸਾਦ ਵਾਸੀ ਜਮਧਾਰਾ, ਜਿਲਾ ਹਰਦੋਈ, ਉੱਤਰ ਪ੍ਰਦੇਸ਼, ਪੰਪ ਕੁਮਾਰ ਪੁਤਰ ਚੰਦਰ ਦੇਵ ਰਾਜ ਪਿੰਡ ਮੁਕੰਦਪੁਰਾ, ਜਿਲਾ ਬਿਸ਼ੈਲੀ, ਬਿਹਾਰ, ਰੌਸਨ ਕੁਮਾਰ ਪੁੱਤਰ ਵਰਿੰਦਰ ਕੁਮਾਰ ਯਾਦਵ ਪੁਤਰ ਚੰਦਰ ਸ਼ੇਖਰ ਵਾਸੀ ਪਿੰਡ ਕਲਮਪੁਰਾ ਤਹਿਸੀਲ ਤੇ ਜਿਲਾ ਦਰਬੰਗਾ, ਬਿਹਾਰ, ਅਨਿਲ, ਰਣਜੀਤ ਵਾਸੀਆਨ ਬਿਹਾਰ ਅਤੇ ਹੋਰਾਂ ਨੂੰ ਕਿਰਾਏ ਪਰ ਦਿੱਤੇ ਹੋਏ ਹਨ। ਮਿਤੀ 27-07 ਨੂੰ ਵਕਤ ਕਰੀਬ 3.30 ਵਜੇ ਰਾਤ ਨੂੰ ਮੋਰੇ ਮੋਬਾਇਲ ਫੋਨ ਪਰ ਰਾਹੁਲ ਨੇ ਕਾਲ ਕਰਕੇ ਦੱਸਿਆ ਕਿ ਮੇਰੇ ਪਲਾਟ ਦੇ ਕਮਰਿਆਂ ਵਿੱਚ ਚੋਰ ਆ ਗਿਆ ਹੈ। ਜਿਸਤੇ ਮੈਂ ਆਪਣੇ ਮੋਟਰ ਸਾਇਕਲ ਪਰ ਆਪਣੇ ਪਲਾਟ ਵਿੱਚ ਬਣੇ ਕਮਰਿਆਂ ਵਿੱਚ ਗਿਆ ਤਾਂ ਦੇਖਿਆ ਕਿ ਵਰਿੰਦਰ ਕੁਮਾਰ ਯਾਦਵ, ਰਾਹੁਲ, ਰਣਜੀਤ ਸਿੰਘ, ਪੱਪੂ ਕੁਮਾਰ, ਰੌਸਨ ਕੁਮਾਰ, ਅਨਿਲ ਅਤੇ ਰਣਜੀਤ ਸਿੰਘ ਵਗੈਰਾ ਇਹ ਸਾਰੇ ਇੱਕ ਨੌਜਵਾਨ ਦੀ ਡਾਂਗਾ ਸੋਟਿਆਂ ਨਾਲ ਕੁੱਟ ਮਾਰ ਕਰ ਰਹੇ ਸਨ।ਜੋ ਮਾਰਤਾ ਮਾਰਤਾ ਦਾ ਰੌਲਾ ਪਾ ਰਿਹਾ ਸੀ। ਉਸ ਨੌਜਵਾਨ ਦੇ ਲਾਲ ਰੰਗ ਦੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਪ੍ਰਿੰਟਡ ਨਿੱਕਰ ਪਹਿਨੀ ਹੋਈ ਸੀ। ਮੈਂ ਇਹਨਾਂ ਤੋਂ ਉਸ ਨੌਜਵਾਨ ਨੂੰ ਕੁੱਟਣੋ ਹਟਾ ਕੇ, ਇਹਨਾਂ ਨੂੰ ਥਾਣਾ ਸਿਟੀ ਜਾ ਕੇ ਇਸ ਸਬੰਧੀ ਰਿਪੋਰਟ ਲਿਖਾਉਣ ਲਈ ਕਿਹਾ ਸੀ ਅਤੇ ਫਿਰ ਮੈਂ ਆਪਣੇ ਘਰ ਚਲਾ ਗਿਆ ਸੀ। ਅੱਜ ਮਿਤੀ 29.07 ਨੂੰ ਮੈਂਨੂੰ ਵਟਸਐਪ ਪਰ ਚੱਲ ਰਹੇ ਮੈਸਿਜ ਅਤੇ ਇੱਕ ਨੌਜਵਾਨ ਦੀ ਲਾਸ਼ ਦੀ ਫੋਟੋ ਦੇਖਣ ਤੋਂ ਪਤਾ ਲੱਗਾ ਕਿ ਪੁਲਿਸ ਨੂੰ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ, ਇਹ ਉਸ ਨੌਜਵਾਨ ਦੀ ਲਾਸ਼ ਹੈ ਜਿਸ ਨੂੰ ਵਰਿੰਦਰ ਕੁਮਾਰ ਯਾਦਵ, ਰਾਹੁਲ, ਸੰਜੀਤ ਸਿੰਘ, ਰਣਜੀਤ ਸਿੰਘ, ਪੱਪੂ ਕੁਮਾਰ, ਰੌਸਨ ਕੁਮਾਰ, ਅਨਿਲ ਅਤੇ ਰਣਜੀਤ ਸਿੰਘ ਵਗੈਰਾ ਇਹ ਸਾਰੇ ਇੱਕ ਨੌਜਵਾਨ ਦੀ ਡਾਂਗਾ ਸੋਟਿਆਂ ਨਾਲ ਕੁੱਟ ਮਾਰ ਕਰ ਰਹੇ ਸਨ।ਇਸ ਸਬੰਧੀ ਮੈਂ ਇਹਨਾ ਪਾਸੋ ਪੁੱਛ ਪੜਤਾਲ ਕੀਤੀ ਤਾਂ ਇਹਨਾਂ ਨੇ ਦੱਸਿਆ ਕਿ ਉਸ ਨੌਜਵਾਨ ਦੀ ਸਾਡੇ ਤੋਂ ਕੁੱਟਮਾਰ ਕਰਦਿਆਂ ਮੌਤ ਹੋ ਗਈ ਸੀ, ਅਸੀਂ ਡਰਦੇ ਮਾਰੇ ਪੁਲਿਸ ਥਾਣੇ ਨਹੀਂ ਗਏ। ਉਸ ਦੀ ਲਾਸ ਨੂੰ ਲੋਈ ਵਿੱਚ ਲਪੇਟ ਕੇ ਸਕੂਟਰੀ ਐਕਟਿਵਾ ਪਰ ਲੱਦ ਕੇ ਕੋਠੇ ਖੰਜੂਰਾਂ ਰੋਡ ਜਗਰਾਉਂ ਸੇਮ ਦੇ ਪੁੱਲ ਕਲੋਂ ਖੇਤਾਂ ਨੂੰ ਜਾਂਦੇ ਕੱਚੇ ਰਸਤੇ ਪਰ ਖੇਤੀ ਦੇ ਸੰਦ ਬਣਾਉਣ ਵਾਲੀ ਫੈਕਟਰੀ ਦੇ ਪਿੱਛੇ ਸੁੱਟ ਆਏ ਸੀ। ਐੱਸਐੱਸਪੀ ਲੁਧਿਆਣਾ ਦਿਹਾਤੀ ਬੈਂਸ ਨੇ ਦੱਸਿਆ ਕਿ ਥਾਣਾ ਸਿਟੀ ਪੁਲੀਸ ਨੇ ਅੰਨ੍ਹੇ ਕਤਲ ਦੇ ਇਸ ਮਾਮਲੇ ਵਿਚ ਵਰਿੰਦਰ ਕੁਮਾਰ,ਰਾਹੁਲ, ਸਾਜਨ ਕੁਮਾਰ, ਰਣਜੀਤ ਸਕਸੈਨਾ,ਪੱਪੂ ਕੁਮਾਰ ਰੋਸ਼ਨ ਕੁਮਾਰ ਅਤੇ ਇੱਕ ਨਾਬਾਲਗ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ ਅਨਿਲ ਅਤੇ ਰਣਜੀਤ ਦੀ ਤਲਾਸ਼ ਵਿੱਚ ਵੀ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਬਾਕੀ ਦੋਹਾਂ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਐਸਐਸਪੀ ਦਿਹਾਤੀ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਹਜੇ ਤੱਕ ਕੋਈ ਵੀ ਸ਼ਨਾਖਤ ਨਹੀਂ ਹੋ ਸਕੀ ਹੈ।