ਕੈਨੇਡੀਅਨ ਪੰਜਾਬੀ ਕਵੀ ਮਦਨਦੀਪ ਬੰਗਾ ਦਾ ਗ਼ਜ਼ਲ ਸੰਗ੍ਰਹਿ  ਤਾਰਿਆਂ ਦੇ ਖ਼ਤ ਪੰਜਾਬੀ ਭਵਨ ਵਿਖੇ ਲੋਕ ਅਰਪਣ 

ਲੁਧਿਆਣਾ,  22 ਫ਼ਰਵਰੀ : ਟੋਰੰਟੋ (ਕੈਨੇਡਾ) ਵੱਸਦੇ ਪੰਜਾਬੀ ਕਵੀ ਤੇ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਮਦਨਦੀਪ ਬੰਗਾ ਦਾ  ਨਵਾਂ ਗ਼ਜ਼ਲ ਸੰਗ੍ਰਹਿ ਤਾਰਿਆਂ ਦੇ ਖ਼ਤ ਪੰਜਾਬੀ ਭਵਨ ਲੁਧਿਆਣਾ ਵਿਖੇ ਆਲਮੀ ਮਾਂ ਬੋਲੀ ਦਿਵਸ ਮੌਕੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਸਾਬਕਾ ਪ੍ਰਧਾਨ ਪ੍ਰੋਃ ਰਵਿੰਦਰ ਭੱਠਲ , ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ, ਜਸਬੀਰ ਝੱਜ, ਡਾਃ ਗੁਲਜ਼ਾਰ ਸਿੰਘ ਪੰਧੇਰ ਸੰਪਾਦਕ ਨਜ਼ਰੀਆ, ਸੁਰਿੰਦਰ ਸਿੰਘ ਸੁੰਨੜ (ਅਮਰੀਕਾ)ਸੰਪਾਦਕ ਆਪਣੀ ਆਵਾਜ਼ ਤੇ ਸਾਥੀਆਂ ਵੱਲੋਂ ਲੋਕ ਅਰਪਨ  ਕੀਤਾ ਗਿਆ। ਪੁਸਤਕ  ਬਾਰੇ ਦੱਸਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਮਦਨਦੀਪ ਬੰਗਾ  ਦੀ ਸ਼ਾਇਰੀ ਨਾਲ ਮੇਰੀ ਮੁਲਾਕਾਤ ਦਰਸ਼ਨ ਸਿੰਘ ਜਟਾਣਾ   ਨੇ ਜਦ ਮੁੱਖ ਬੰਦ ਲਿਖਣ ਲਈ ਕਰਵਾਈ ਤਾਂ ਮੈਨੂੰ  ਉੱਕਾ ਹੀ ਅਹਿਸਾਸ ਨਹੀਂ ਸੀ ਕਿ ਉਹ ਭਵਿੱਖ ਨਾਲ ਖ਼ੂਬਸੂਰਤ ਇਕਰਾਰਨਾਮੇ ਵਰਗਾ ਸ਼ਾਇਰ ਹੈ। ਮਦਨਦੀਪ ਦੀ ਸ਼ਾਇਰੀ ਪੜ੍ਹਦਿਆਂ ਹੋਸ਼ਿਆਰਪੁਰ ਦੇ ਪਰਪੱਕ ਗ਼ਜ਼ਲਕਾਰਾਂ ਦੀ ਸੂਚੀ ਵਿੱਚ ਇੱਕ ਹੋਰ ਨਾਮ ਜੁੜ ਗਿਆ ਪ੍ਰਤੀਤ ਹੁੰਦਾ ਹੈ। ਇਸ ਗ਼ਜ਼ਲ ਪੁਸਤਕ ਦਾ ਸਵਾਗਤ ਕਰਦਿਆਂ ਮੈਨੂੰ ਚੰਗਾ ਚੰਗਾ ਲੱਗ ਰਿਹਾ ਹੈ। ਇਸ ਪੁਸਤਕ ਨੂੰ ਬੁੱਕ ਹਾਈਵੇਅ ਪਿੰਡ ਅਹਿਨ ਖੇੜੀ(ਮਲੇਰਕੋਟਲਾ) ਨੇ ਪ੍ਰਕਾਸ਼ਿਤ ਕੀਤਾ ਹੈ। ਡਾਃ ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਦੇਸ਼ਾਂ ਚ ਵੱਸਦੇ ਮੈਂਬਰ ਲਗਾਤਾਰ ਸਿਰਜਣ ਸ਼ੀਲ ਹਨ , ਇਹ ਮਾਣ ਵਾਲੀ ਗੱਲ ਹੈ। ਪਰਦੇਸੀ ਧਰਤੀ ਦੀ ਤੇਜ਼ ਰਫ਼ਤਾਰੀ ਦੇ ਬਾਵਜੂਦ ਸ਼ਬਦ ਸਾਧਕ ਬਣੇ ਰਹਿਣਾ ਮਾਣ ਵਾਲੀ ਗੱਲ ਹੈ।  ਪ੍ਰੋਃ ਰਵਿੰਦਰ ਭੱਠਲ, ਡਾਃ ਗੁਰਇਕਬਾਲ ਸਿੰਘ ਤੇ ਬਾਕੀ ਅਹੁਦੇਦਾਰਾਂ ਨੇ ਵੀ ਮਦਨਦੀਪ ਬੰਗਾ ਨਾਲ ਉਨ੍ਹਾਂ ਦੀ ਗ਼ਜ਼ਲ ਪੁਸਤਕ ਤਾਰਿਆਂ ਦੇ ਖ਼ਤ ਬਾਰੇ ਵਿਚਾਰ ਚਰਚਾ ਕੀਤੀ।  ਮਦਨਦੀਪ ਬੰਗਾ ਨੇ ਵਿਸ਼ਵ ਮਾਂ ਬੋਲੀ ਦਿਹਾੜੇ ਤੇ ਆਪਣੀ ਗ਼ਜ਼ਲ ਪੁਸਤਕ ਕਰਵਾਉਣ ਲਈ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਉਤਸ਼ਾਹ ਨਾਲ ਉਨ੍ਹਾਂ ਦੀ ਕਲਮ ਨੂੰ ਬਲ ਮਿਲੇਗਾ। ਇਸ ਮੌਕੇ  ਗੁਰਚਰਨ ਕੌਰ ਕੋਚਰ, ਸੁਰਿੰਦਰਦੀਪ ,ਉੱਘੇ ਲੋਕ ਗਾਇਕ ਪੰਮੀ ਬਾਈ,, ਸ. ਜਨਮੇਜਾ ਸਿੰਘ ਜੌਹਲ, ਮਨਜੀਤ ਸਿੰਘ ਆਰਟਿਸਟ, ਸ੍ਰੀਮਤੀ ਇੰਦਰਜੀਤ ਪਾਲ ਕੌਰ ਭਿੰਡਰ ਡਾ. ਦਵਿੰਦਰ ਦਿਲਰੂਪ, ਰਾਜਦੀਪ ਸਿੰਘ ਤੂਰ, ਡਾ. ਸੰਦੀਪ ਕੌਰ ਸੇਖੋਂ, ਸ੍ਰੀ ਸੁਨੀਲ ਸ਼ਰਮਾ, ਜ਼ੀਨੀਆ ਢੋਡੀ,ਪਰਮਿੰਦਰ ਅਲਬੇਲਾ, ਸ੍ਰੀ ਕੇ. ਸਾਧੂ ਸਿੰਘ, ਸੁਰਿੰਦਰ ਕੈਲੇ, ਦੀਪ ਜਗਦੀਪ ਸਿੰਘ,ਪ੍ਰੋ. ਸ਼ਰਨਜੀਤ ਕੌਰ ਲੋਚੀ,ਸੁਰਿੰਦਰ ਦੀਪ, ਕੁਲਵਿੰਦਰ ਕਿਰਨ,ਨੀਲੂ ਬੱਗਾ, ਪਰਮਜੀਤ ਕੌਰ ਮਹਿਕ, ਪ੍ਰੋ. ਤਜਿੰਦਰ ਕੌਰ, ਭਗਵਾਨ ਢਿੱਲੋਂ, ਅਮਰਜੀਤ ਸ਼ੇਰਪੁਰੀ, ਹਰਮਨ ਬੰਗਾ, ਬੌਬੀ ਸਿੰਘ, ਬਲਕਾਰ ਸਿੰਘ, ਜਗਸ਼ਰਨ ਸਿੰਘ ਛੀਨਾ, ਸਤਪਾਲ ਸਿੰਘ ਭਗਵਾਨ ਢਿੱਲੋਂ,ਡਾਃ ਤੇਜਿੰਦਰ ਕੌਰ,ਸੁਰਿੰਦਰ ਕੌਰ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ,ਕਾਲਜਾਂ ਦੇ ਪ੍ਰੋਫ਼ੈਸਰ ਅਤੇ
ਵਿਦਿਆਰਥੀ ਹਾਜ਼ਰ ਸਨ।