ਕੈਨੇਡਾ ਵੱਸਦੇ ਪੰਜਾਬੀ ਲੇਖਕ ਅਮਨਪਾਲ ਸਾਰਾ ਸੁਰਗਵਾਸ

  • ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਅਫ਼ਸੋਸ ਦਾ ਪ੍ਰਗਟਾਵਾ

ਲੁਧਿਆਣਾ, 18 ਜਨਵਰੀ : ਦੱਖਣੀ ਵੈਨਕੁਵਰ ਵੱਸਦੇ ਪੰਜਾਬੀ ਕਹਾਣੀਕਾਰ, ਕਵੀ, ਨਾਟਕ ਤੇ ਫਿਲਮ ਨਿਰਦੇਸ਼ਕ ਅਮਨਪਾਲ ਸਾਰਾ ਦੇ ਦੇਹਾਂਤ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਨੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਅਮਨਪਾਲ ਸਾਰਾ ਪਿਛਲੇ ਲਗਪਗ 40 ਸਾਲ ਤੋਂ ਕੈਨੇਡਾ ਦੀ ਸਾਹਿੱਤਕ, ਸੱਭਿਆਚਾਰਕ ਤੇ ਖੇਡ ਬਿਰਾਦਰੀ ਵਿੱਚ ਜਾਣੀ ਪਛਾਣੀ ਸ਼ਖ਼ਸੀਅਤ ਸਨ। ਆਪਣੇ ਸਾਥੀਆਂ ਸਾਧੂ ਬਿੰਨਿੰਗ, ਸੁਖਵੰਤ ਹੁੰਦਲ ਤੇ ਹੋਰ ਸਾਥੀਆਂ ਨਾਲ ਮਿਲ ਕੇ ਬ੍ਰਿਟਿਸ਼ ਕੋਲੰਬੀਆ ਨੂੰ ਸਾਹਿੱਤਕ ਨਕਸ਼ੇ ਤੇ ਚਮਕਾਉਣ ਤੋਂ ਇਲਾਵਾ ਸੱਭਿਆਚਾਰ, ਖੇਡਾਂ ਤੇ ਨਾਟਕ ਪੇਸ਼ਕਾਰੀਆਂ ਦੇ ਖੇਤਰ ਵਿੱਚ ਵੱਡਾ ਯੋਗਦਾਨ ਪਾਇਆ। ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਅਮਨਪਾਲ ਸਾਰਾ ਦੇ ਦੇਹਾਂਤ ਤੇ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ।  ਉਨ੍ਹਾਂ ਕਿਹਾ ਕਿ ਸਾਡਾ ਸੋਹਣਾ ਸੁਨੱਖਾ ਮਿੱਤਰ ਭਾਵੇਂ  1988 ਤੋਂ ਪਾਰਕਿਨਸਨ ਰੋਗ ਤੋਂ ਪੀੜਤ ਸੀ ਪਰ ਸੁਚੇਤ ਸਿਰਜਕ ਦੇ ਤੌਰ ਤੇ ਸਰਗਰਮ ਰਿਹਾ। ਪਿਛਲੇ ਤਿੰਨ ਚਾਰ ਸਾਲ ਤੋਂ ਉਸ ਦੀ ਸਿਰਜਣਾ ਲਗਪਗ ਚੁੱਪ ਜਹੀ ਸੀ। ਪੰਜਾਬੀ ਲੇਖਕ ਅਮਨਪਾਲ ਸਾਰਾ ਦਾ ਜਨਮ 2 ਅਗਸਤ 1957 ਨੂੰ ਹੁਸ਼ਿਆਰਪੁਰ ਵਿਖੇ ਮਾਤਾ ਗੁਰਮੀਤ ਕੌਰ ਦੇ ਘਰ ਪ੍ਰਿੰਸੀਪਲ ਹਰਨੌਨਿਹਾਲ ਸਿੰਘ ਸਾਰਾ ਦੇ ਘਰ ਹੋਇਆ ਜੋ ਹੁਸ਼ਿਆਰਪੁਰ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਸਨ। ਅਮਨਪਾਲ ਨੇ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਵਿੱਚੋਂ 1976 ਵਿੱਚ ਬੀ·ਐੱਸ ਸੀ ਦੀ ਪੜ੍ਹਾਈ ਮੁਕੰਮਲ ਕੀਤੀ ਤੇ ਏਸੇ ਸਾਲ ਕੈਨੇਡਾ ਚਲੇ ਗਏ ਪਰ 1979 ਵਿੱਚ ਭਾਰਤ ਪਰਤ ਆਏ। ਇੱਕ ਸਾਲ ਬਾਅਦ ਫਿਰ ਵਾਪਸ ਕੈਨੇਡਾ ਪਰਤ ਗਏ। ਅਮਨਪਾਲ ਸਾਰਾ ਨੇ ਸਭ ਤੋਂ ਪਹਿਲਾਂ ਕੈਨੇਡਾ ਦੇ ਜੰਮ-ਪਲ ਬੱਚਿਆਂ ਨੂੰ ਭੰਗੜਾ ਸਿਖਾਉਣ ਵਾਲੀ ਟੀਮ 'ਕਰਾਟੇ ਕਿਡਜ਼' ਤੇ ਦੁਆਬਾ ਸਾਕਰ ਕਲੱਬ ਦੇ ਬਾਨੀ  ਮੈਂਬਰ ਸਨ। 1984 ਵਿੱਚ ਉਸ ਆਪਣੀ ਪਹਿਲੀ ਕਵਿਤਾ ਲਿਖ ਕੇ ਬੀ ਸੀ ਦੇ ਸਾਬਕਾ ਪ੍ਰੀਮੀਅਰ ਉੱਜਲ ਦੋਸਾਂਝ ਦੇ ਮਾਤਾ ਜੀ ਨੂੰ ਸੁਣਾਈ ਜੋ ਉਸ ਦੇ ਮਾਸੀ ਜੀ ਸਨ। ਉਨ੍ਹਾਂ ਨੇ ਕਵਿਤਾ ਸਲਾਹੀ ਤੇ ਪੰਜਾਬ ਵਿੱਚ ਸਃ ਗੁਰਸ਼ਰਨ ਸਿੰਘ ਨੂੰ ਭੇਜਣ ਦਾ ਮਸ਼ਵਰਾ ਦਿੱਤਾ। ਪੰਜਾਬੀ ਨਾਟਕਕਾਰ ਗੁਰਸ਼ਰਨ ਸਿੰਘ ਨੇ ਅੱਤਵਾਦ ਖ਼ਿਲਾਫ਼ ਲਿਖੀ ਇਹ ਕਵਿਤਾ ਸਮਤਾ ਸਾਹਿੱਤਕ ਮੈਗਜ਼ੀਨ ਵਿੱਚ ਛਾਪ ਕੇ ਸਾਹਿੱਤ ਸਿਰਜਣ ਵੱਲ ਤੁਰਨ ਲਈ ਪਹਿਲਾ ਥਾਪੜਾ ਦਿੱਤਾ। 1984 ਵਿੱਚ ਹੀ ਅਮਨਪਾਲ ਸਾਰਾ 'ਵੈਨਕੂਵਰ ਸੱਥ' ਨਾਂ ਦੀ ਨਾਟਕ ਸੰਸਥਾ ਦਾ ਮੈਂਬਰ ਬਣਿਆ ਜਿਸ ਦਾ ਮੁੱਖ ਮਕਸਦ ਕੈਨੇਡਾ ਦੇ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਨਾਟਕਾਂ ਰਾਹੀਂ ਭਾਈਚਾਰੇ ਦੇ ਸਾਹਮਣੇ ਲਿਆਉਣਾ ਅਤੇ ਉਹਨਾਂ ਬਾਰੇ ਵਿਚਾਰ ਚਰਚਾ ਛੇੜਨਾ ਸੀ। ਅਮਨਪਾਲ ਸਾਰਾ ਨੇ ਵੈਨਕੂਵਰ ਸੱਥ ਵਲੋਂ ਤਿਆਰ ਕੀਤੇ ਅਤੇ ਖੇਡੇ ਬਹੁਤ ਸਾਰੇ ਨਾਟਕਾਂ ਵਿੱਚ ਇੱਕ ਅਦਾਕਾਰ ਵਜੋਂ  ਕੰਮ ਕੀਤਾ ਵੈਨਕੂਵਰ ਸੱਥ ਵਲੋਂ ਖੇਡੇ ਨਾਟਕਾਂ ਪਿਕਟ ਲਾਈਨ, ਲੱਤਾਂ ਦੇ ਭੂਤ, ਹਵੇਲੀਆਂ ਤੇ ਪਾਰਕਾਂ, ਜ਼ਹਿਰ ਦੀ ਫਸਲ, ਮਲੂਕੇ ਦਾ ਵਿਸ਼ਵ ਵਿਦਿਆਲਾ, ਨਿੱਕੀ ਜਿਹੀ ਗੱਲ ਨਹੀਂ ਅਤੇ ਤੂਤਾਂ ਵਾਲਾ ਖੂਹ ਨਾਟਕ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਅਤੇ ਸੂਬਿਆਂ ਵਿੱਚ ਖੇਡੇ ਗਏ। ਅਮਨਪਾਲ ਸਾਰਾ 'ਵੈਨਕੂਵਰ ਸੱਥ' ਵਲੋਂ ਕੱਢੇ ਅੰਗਰੇਜ਼ੀ ਮੈਗਜ਼ੀਨ 'ਅੰਕੁਰ' ਦੀ ਟੀਮ ਦੇ ਵੀ ਮੈਂਬਰ ਸਨ।  1989 ਵਿੱਚ ਅਮਨਪਾਲ ਸਾਰਾ ਕੈਨੇਡਾ ਤੋਂ ਸ਼ੁਰੂ ਹੋਏ ਮਾਸਿਕ ਸਾਹਿਤਕ ਮੈਗਜ਼ੀਨ ਵਤਨ ਦੀ ਟੀਮ ਵਿੱਚ ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਦੇ ਸਾਥੀ ਬਣੇ।

  • ਅਮਨਪਾਲ ਸਾਰਾ ਨੇ ਇਸ ਮੈਗਜ਼ੀਨ ਲਈ 1995 ਤੱਕ ਕੰਮ ਕੀਤਾ।

ਅਦਾਕਾਰਾਂ ਜਿੰਨਾ ਸੁੰਦਰ ਹੋਣ ਕਾਰਨ ਉਸ ਨੇ ਕੈਰੋਸਿਲ ਥਿਏਟਰ ਸਕੂਲ ਵੈਨਕੂਵਰ ਤੋਂ ਅਦਾਕਾਰੀ ਦਾ ਡਿਪਲੋਮਾ ਅਤੇ ਵੈਨਕੂਵਰ ਫਿਲਮ ਸਕੂਲ ਤੋਂ ਸਕਰਿਪਟ ਲਿਖਣ ਦੀ ਸਿਖਲਾਈ ਵੀ ਹਾਸਲ ਕੀਤੀ। ਉਹਨਾਂ ਦੀ ਸਭ ਤੋਂ ਪਹਿਲੀ ਫਿਲਮ ਸੀ  ਓਹਲਾ ਸੀ। ਇਸ ਫਿਲਮ ਵਿੱਚ ਉਨ੍ਹਾਂ ਨੇ ਰਮਾ ਵਿੱਜ ਦੇ ਨਾਲ ਮੁੱਖ ਭੂਮਿਕਾ ਨਿਭਾਈ। ਫਿਰ ਉਹਨਾਂ ਨੇ ਇੱਕ 'ਸਾਰਾ ਆਰਟਸ' ਨਾਂ ਦੀ ਫਿਲਮ ਅਤੇ ਥਿਏਟਰ ਕੰਪਨੀ ਖੋਲ੍ਹੀ ਜਿਸ ਰਾਹੀਂ ਉਹਨਾਂ ਨੇ ਸੰਨ 2001 ਵਿੱਚ 'ਗੁਲਦਸਤਾ' ਨਾਂ ਦੀ ਫਿਲਮ ਬਣਾਈ। "ਡਾਇਮੰਡ ਰਿੰਗ",ਵੀਹਾਂ ਦਾ ਨੋਟ" ਤੇ ਮੂਹਰਲਾ ਬਲਦ ਉਸ ਦੇ ਮਹੱਤਵਪੂਰਨ ਕਹਾਣੀ ਸੰਗ੍ਰਹਿ ਹਨ। ਉਨ੍ਹਾਂ ਦਾ ਕਾਵਿ ਸੰਗ੍ਰਹਿ ਦੋ ਮਾਵਾਂ ਦਾ ਪੁੱਤਰ 1999 ਚ ਛਪਿਆ ਸੀ।