ਕੈਬਨਿਟ ਸਬ-ਕਮੇਟੀ ਵੱਲੋਂ ਜਨਰਲ ਵਰਗ ਨੂੰ ਸਮਾਂ ਦੇ ਕੇ ਮੀਟਿੰਗ ਨਾ ਕਰਨ ਦੀ ਨਿਖੇਧੀ

ਮੋਹਾਲੀ, 21 ਫ਼ਰਵਰੀ : ਜਨਰਲ ਵਰਗ ਦੀਆਂ ਵੱਖ-ਵੱਖ ਜਥੇਬੰਦੀਆਂ ਨੂੰ ਬੀਤੇ ਦਿਨ ਕੈਬਨਿਟ ਸਬ-ਕਮੇਟੀ ਵੱਲੋਂ ਜਨਰਲ ਵਰਗ ਦੀਆਂ ਮੰਗਾਂ ਸਬੰਧੀ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ। ਪਰ ਮੀਟਿੰਗ ਸਮੇਂ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੈਂਬਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਗੈਰ-ਹਾਜ਼ਰ ਰਹੇ । ਜਿਸ ਦਾ ਸਮੂਹ ਜਨਰਲ ਵਰਗ ਨਾਲ ਸਬੰਧਤ ਜਥੇਬੰਦੀਆਂ ਨੇ ਗੰਭੀਰ ਨੋਟਿਸ ਲਿਆ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਜਾਣ-ਬੁਝ ਕੇ ਅਜਿਹਾ ਕੀਤਾ ਗਿਆ ਹੈ ਤਾਂ ਜੋ ਜਨਰਲ ਵਰਗ ਦੀਆਂ ਜਾਇਜ਼ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਸਕੇ। ਜਥੇਬੰਦੀਆਂ ਨੇ ਕਿਹਾ ਹੈ ਕਿ ਜਨਰਲ ਵਰਗ ਦੀਆਂ ਮੰਗਾਂ ਨੂੰ ਮੰਨਣਾ ਤਾਂ ਦੂਰ ਦੀ ਗੱਲ, ਕੈਬਨਿਟ ਸਬ-ਕਮੇਟੀ ਦੇ ਮੰਤਰੀ ਜਨਰਲ ਵਰਗ ਦੀਆਂ ਮੰਗਾਂ ਨੂੰ ਸੁਣਨ ਨੂੰ ਵੀ ਤਿਆਰ ਨਹੀਂ ਹਨ। ਇਸ ਉਪਰੰਤ ਜਥੇਬੰਦੀਆਂ ਨੇ ਕੈਬਨਿਟ ਸਬ-ਕਮੇਟੀ ਦੇ ਇਕੋ-ਇੱਕ ਹਾਜ਼ਰ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਮਿਲ ਕੇ ਆਪਣੀ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ । ਜਥੇਬੰਦੀ ਦਾ ਕਹਿਣਾ ਸੀ ਕਿ ਜਾਣ-ਬੁਝ ਕੇ ਅਜਿਹਾ ਕੀਤਾ ਗਿਆ ਹੈ ਜਿਸ ਨਾਲ ਸਾਰੀਆਂ ਹਾਜ਼ਰ ਜਥੇਬੰਦੀਆਂ ਵਿੱਚ ਸਰਕਾਰ ਪ੍ਰਤੀ ਸਖਤ ਗੁੱਸੇ ਦੀ ਲਹਿਰ ਹੈ। ਕੈਬਨਿਟ ਸਬ-ਕਮੇਟੀ ਵੱਲੋਂ ਪਹਿਲੀ ਵਾਰ ਜਨਰਲ ਵਰਗ ਨੂੰ ਮੰਗਾਂ ਸਬੰਧੀ ਟਾਈਮ ਦਿੱਤਾ ਗਿਆ ਸੀ। ਪਰ ਚੇਅਰਮੈਨ ਅਤੇ ਮੈਂਬਰ ਮੰਤਰੀ ਦਾ ਹਾਜ਼ਰ ਨਾ ਹੋਣਾ ਇਹ ਸਾਬਤ ਕਰਦਾ ਹੈ ਕਿ ਸਰਕਾਰ ਜਨਰਲ ਵਰਗ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ। ਜਥੇਬੰਦੀ ਦਾ ਕਹਿਣਾ ਹੈ ਕਿ ਜੇਕਰ ਇੱਕ ਹਫ਼ਤੇ ਵਿੱਚ ਕੈਬਨਿਟ ਸਬ-ਕਮੇਟੀ ਵੱਲੋਂ ਸਮਾਂ ਨਾ ਦਿੱਤਾ ਗਿਆ ਤਾਂ ਸਬੰਧਤ ਮੰਤਰੀਆਂ ਦੇ ਹਲਕਿਆਂ ਵਿੱਚ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ ਜਿਸ ਦੀ ਸਾਰੀ ਜਿੰਮੇਵਾਰੀ ਕੈਬਨਿਟ ਸਬ-ਕਮੇਟੀ ਦੀ ਹੋਵੇਗੀ । ਜਥੇਬੰਦੀਆਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਇਸ ਗੱਲ ਲਈ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਘੱਟ ਸਮੇਂ ਵਿੱਚ ਜਨਰਲ ਵਰਗ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਇਹ ਭਰੋਸਾ ਦਿੱਤਾ ਕਿ ਕੈਬਨਿਟ ਸਬ-ਕਮੇਟੀ ਵੱਲੋਂ ਜਲਦੀ ਹੀ ਜਥੇਬੰਦੀਆਂ ਨੂੰ ਮੀਟਿੰਗ ਲਈ ਸਮਾਂ ਦਿੱਤਾ ਜਾਵੇਗਾ । ਜਥੇਬੰਦੀਆਂ ਨੇ ਕੈਬਨਿਟ ਮੰਤਰੀ ਬਲਜੀਤ ਕੌਰ ਨਾਲ ਵੀ ਮੁਲਾਕਾਤ ਕੀਤੀ ਅਤੇ ਜਨਰਲ ਕੈਟਾਗਿਰੀ ਕਮਿਸ਼ਨ ਨੂੰ ਜਾਣ-ਬੁਝ ਕੇ ਚਾਲੂ ਨਾ ਕਰਨ ਤੇ ਸਖਤ ਰੋਸ ਦਾ ਪ੍ਰਗਟਾਵਾ ਕੀਤਾ । ਜਥੇਬੰਦੀਆਂ ਵਿੱਚ ਸਿ਼ਆਮ ਲਾਲ ਸ਼ਰਮਾ, ਚੀਫ਼ ਆਰਗੇਨਾਈਜ਼ਰ ਜੁਆਇੰਟ ਐਕਸ਼ਨ ਕਮੇਟੀ ਜਨਰਲ ਕੈਟਾਗਿਰੀ ਪੰਜਾਬ, ਸੁਖਬੀਰ ਸਿੰਘ, ਪ੍ਰਧਾਨ ਜਨਰਲ ਕੈਟਾਗਿਰੀਜ਼ ਵੈਲਫੇਅਰ ਫੈਡਰੇਸ਼ਨ ਪੰਜਾਬ(ਰਜਿ:), ਰਣਜੀਤ ਸਿੰਘ ਸਿੱਧੂ ਮੀਤ ਪ੍ਰਧਾਨ, ਜਸਵੀਰ ਸਿੰਘ ਗੜਾਂਗ, ਪ੍ਰੈਸ ਸਕੱਤਰ, ਪਰਮਜੀਤ ਸਿੰਘ, ਜਸਵੰਤ ਸਿੰਘ ਬਰਾੜ, ਸਰਬਜੀਤ ਕੌਸ਼ਲ ਜਨਰਲ ਸਕੱਤਰ ਜੁਆਇੰਟ ਐਕਸ਼ਨ ਕਮੇਟੀ, ਕੁਲਜੀਤ ਸਿੰਘ ਰਟੌਲ ਪ੍ਰਧਾਨ ਜਨਰਲ ਕੈਟਾਗਿਰੀ ਵੈਲਫੇਅਰ ਫੈਡਰੇਸ਼ਨ, ਪੀ.ਐਸ.ਪੀ.ਸੀ.ਐਲ/ਪੀ.ਐਸ.ਟੀ.ਸੀ.ਐਲ, ਗੁਰਦੀਪ ਸਿੰਘ ਟਿਵਾਣਾ, ਹਰਗੁਰਮੀਤ ਸਿੰਘ, ਬਲਬੀਰ ਸਿੰਘ ਫੁਗਲਾਣਾ, ਪ੍ਰਧਾਨ ਦੋਆਬਾ ਜਨਰਲ ਕੈਟਾਗਿਰੀ ਫਰੰਟ, ਜਸਵਿੰਦਰ ਸਿੰਘ, ਜਗਦੀਸ਼ ਸਿੰਘ, ਅਸ਼ਵਨੀ ਸ਼ਰਮਾ, ਰਮਨ ਨਹਿਰਾ, ਪ੍ਰਧਾਨ ਜਨਰਲ ਸਮਾਜ ਮੰਚ ਫਗਵਾੜਾ , ਰਮੇਸ਼ ਸ਼ਰਮਾ, ਅੰਮ੍ਰਿਤਸਰ, ਜਸਵੀਰ ਸਿੰਘ ਸੰਗਰੂਰ, ਗੁਰਦੀਪ ਸਿੰਘ ਟਿਵਾਣਾ ਅਤੇ ਕਈ ਹੋਰ ਹਾਜ਼ਰ ਸਨ ।