ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਤੇ ਜੌੜਾਮਾਜਰਾ ਨੇ ਪਟਿਆਲਾ ਦੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਦਸਤਾਵੇਜ਼ ਸੌਂਪੇ

  • ਮਾਨ ਸਰਕਾਰ ਸੰਕਟ ਦੀ ਘੜੀ 'ਚ ਕਿਸਾਨਾਂ ਦੇ ਨਾਲ ਖੜੀ : ਡਾ. ਬਲਬੀਰ ਸਿੰਘ
  • ਖਰਾਬੇ ਦੇ 20 ਦਿਨਾਂ ਦੇ ਅੰਦਰ ਕਿਸਾਨਾਂ ਨੂੰ ਮੁਆਵਜ਼ੇ ਦੀ ਰਾਸ਼ੀ ਪ੍ਰਦਾਨ ਕੀਤੀ : ਚੇਤਨ ਸਿੰਘ ਜੌੜਾਮਾਜਰਾ
  • 18 ਕਿਸਾਨਾਂ ਨੂੰ 7 ਲੱਖ 80 ਹਜ਼ਾਰ ਰੁਪਏ ਦੇ ਦਾ ਵੰਡਿਆ ਮੁਆਵਜ਼ਾ

ਪਟਿਆਲਾ, 14 ਅਪ੍ਰੈਲ : ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਅਤੇ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਪਟਿਆਲਾ ਦਿਹਾਤੀ ਹਲਕੇ ਦੇ 18 ਕਿਸਾਨਾਂ ਨੂੰ 7 ਲੱਖ 80 ਹਜ਼ਾਰ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਦਸਤਾਵੇਜ਼ ਸੌਂਪੇ। ਇਸ ਮੌਕੇ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਇਤਿਹਾਸ 'ਚ ਪਹਿਲੀ ਵਾਰ ਹੋਇਆ ਹੈ ਕਿ ਜਦ ਹਾਲੇ ਕਿਸਾਨਾਂ ਦੀ ਫ਼ਸਲ ਖੇਤਾਂ 'ਚ ਖੜੀ ਹੈ ਤੇ ਕਿਸਾਨਾਂ ਦੇ ਖਾਤਿਆਂ 'ਚ ਖਰਾਬੇ ਦੇ ਪੈਸੇ ਪਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਮੁਆਵਜ਼ੇ ਲਈ ਛੇ ਮਹੀਨੇ ਤੋਂ ਲੈਕੇ ਸਾਲਾਂ ਤੱਕ ਦਾ ਇੰਤਜ਼ਾਰ ਕਰਨਾ ਪੈਂਦਾ ਸੀ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਵੱਲੋਂ ਲਗਾਏ ਗਏ ਕੱਟ ਦੀ ਕਿਸਾਨਾਂ ਨੂੰ ਭਰਪਾਈ ਕਰਨ ਦੇ ਲਏ ਫੈਸਲੇ ਨੇ ਸੰਕਟ ਦੀ ਇਸ ਘੜੀ 'ਚ ਕਿਸਾਨਾਂ ਦੀ ਬਾਂਹ ਫੜਨ ਦਾ ਇੱਕ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਇਸ ਵਾਰ ਦੀ ਗਿਰਦਾਵਰੀ ਵਿਚ ਪਿਛਲੀ ਸਰਕਾਰ ਦੇ ਮੁਕਾਬਲੇ ਫੈਸਲਾਕੁੰਨ ਪਰਿਵਰਤਨ ਹੋਇਆ ਹੈ ਕਿਉਂਕਿ ਇਹ ਰਿਕਾਰਡ ਸਮੇਂ 'ਚ ਜ਼ਮੀਨੀ ਪੱਧਰ ਉਤੇ ਜਾ ਕਿ ਪਟਵਾਰੀਆਂ ਵੱਲੋਂ ਕੀਤੀ ਗਈ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਿਰਦਾਵਰੀ ਦੇ ਕੀਤੇ ਕੰਮ 'ਚ ਦਿਖਾਈ ਤੇਜ਼ੀ ਲਈ ਵੀ ਪ੍ਰਸ਼ਾਸਨ ਦੀ ਪ੍ਰਸੰਸਾਂ ਕੀਤੀ। ਇਸ ਮੌਕੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਖਰਾਬੇ ਦੇ 20 ਦਿਨਾਂ ਦੇ ਅੰਦਰ ਮੁਆਵਜ਼ਾ ਵੰਡਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਕਿਉਂਕਿ ਇਸ ਤੋਂ ਪਹਿਲਾਂ ਦੀ ਕਿਸੇ ਵੀ ਸਰਕਾਰ ਨੇ ਇਸ ਬਾਰੇ ਭੋਰਾ ਚਿੰਤਾ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਅੱਜ 127 ਕਿਸਾਨਾਂ ਦੇ ਖਾਤਿਆਂ 'ਚ ਮੁਆਵਜੇ ਦੀ ਪਹਿਲੀ ਕਿਸ਼ਤ ਦੇ ਰੂਪ 'ਚ 38.35 ਲੱਖ ਰੁਪਏ ਦੀ ਮੁਆਵਜਾ ਰਾਸ਼ੀ ਸਿੱਧੀ ਪਾਈ ਜਾ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਰਹਿੰਦੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸ.ਡੀ.ਐਮ. ਪਟਿਆਲਾ ਡਾ. ਇਸਮਿਤ ਵਿਜੈ ਸਿੰਘ, ਤਹਿਸੀਲਦਾਰ ਰਣਜੀਤ ਸਿੰਘ ਤੇ ਪਵਨਦੀਪ ਸਿੰਘ, ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਯੂਥ ਆਗੂ ਜਗਦੀਪ ਸਿੰਘ ਜੱਗਾ, ਲਾਲ ਸਿੰਘ, ਹਰੀ ਚੰਦ ਬਾਂਸਲ ਤੇ ਮੋਹਿਤ ਕੁਮਾਰ ਵੀ ਮੌਜੂਦ ਸਨ।