ਲੁਧਿਆਣਾ ਵਿੱਚ ਬੱਸ ਦੀਆਂ ਹੋਈਆਂ ਬਰੇਕਾਂ ਫੇਲ੍ਹ, ਇਕ ਵਿਅਕਤੀ ਨੂੰ ਕੁਚਲਿਆ

ਲੁਧਿਆਣਾ, 17 ਅਪ੍ਰੈਲ : ਲੁਧਿਆਣਾ ਵਿੱਚ ਦੇਰ ਰਾਤ ਬੱਸ ਸਟੈਂਡ ਪੁਲ ਤੋਂ ਉਤਰਦੇ ਸਮੇਂ ਸਰਕਾਰੀ ਬੱਸ (ਪਨਬੱਸ) ਦੀਆਂ ਬਰੇਕਾਂ ਫੇਲ੍ਹ ਹੋ ਗਈਆਂ। ਜਿਸ ਤੋਂ ਬਾਅਦ ਇਕ ਵਿਅਕਤੀ ਨੂੰ ਬੱਸ ਨੇ ਕੁਚਲ ਦਿੱਤਾ। ਖੂਨ ਨਾਲ ਲੱਥਪੱਥ ਵਿਅਕਤੀ ਨੂੰ ਦੇਖ ਕੇ ਲੋਕਾਂ ਨੇ ਕਾਫੀ ਰੌਲਾ ਪਾਇਆ। ਜ਼ਖ਼ਮੀ ਨੂੰ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਬੱਸ ਡਰਾਈਵਰ ਨੂੰ ਲੋਕਾਂ ਨੇ ਕਾਬੂ ਕਰ ਲਿਆ, ਜਦਕਿ ਕੰਡਕਟਰ ਫਰਾਰ ਹੋ ਗਿਆ। ਬੱਸ ਦੀ ਲਪੇਟ ਵਿੱਚ ਆਏ ਵਿਅਕਤੀ ਨੂੰ ਲੋਕਾਂ ਦੀ ਮਦਦ ਨਾਲ ਤੁਰੰਤ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਘਟਨਾ ਵਾਲੀ ਥਾਂ ’ਤੇ ਮੌਜੂਦ ਕੁਝ ਲੋਕਾਂ ਨੇ ਡਰਾਈਵਰ ’ਤੇ ਸ਼ਰਾਬ ਪੀਣ ਦੇ ਗੰਭੀਰ ਦੋਸ਼ ਵੀ ਲਾਏ। ਲੋਕਾਂ ਨੇ ਮੌਕੇ ’ਤੇ ਬੱਸ ਸਟੈਂਡ ਪੁਲੀਸ ਚੌਕੀ ਨੂੰ ਸੂਚਨਾ ਦਿੱਤੀ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ। ਡਰਾਈਵਰ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।