18.81 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਪੁਲ ਲੋਕਾਂ ਲਈ ਹੋਵੇਗਾ ਸਹਾਈ ਸਿੱਧ- ਐਮ.ਐਲ.ਏ ਸੇਖੋਂ

ਫ਼ਰੀਦਕੋਟ 02 ਫ਼ਰਵਰੀ : ਪੰਜਾਬ ਸਰਕਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਵਿਕਾਸ ਦਾ ਲਾਭ ਮਿਲ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਤਲਵੰਡੀ ਰੋਡ ਅਤੇ ਕੋਟਕਪੂਰਾ ਰੋਡ ਤੇ ਪੈਂਦੀਆਂ ਨਹਿਰਾਂ ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਤੇ ਨਵੇਂ ਬਣਨ ਵਾਲੇ ਪੁਲ ਦੇ ਕੰਮ ਨੂੰ ਸ਼ੁਰੂ ਕਰਵਾਉਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਸ ਪੁਲ ਦੀ ਉਸਾਰੀ 18.81 ਕਰੋੜ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਪੁਲ ਦੀ ਉਸਾਰੀ ਦਾ ਕੰਮ ਨਹੀਂ ਹੋ ਰਿਹਾ ਸੀ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਕਰਕੇ ਜਲਦ ਨੇਪਰੇ ਚੜਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਿੱਥੇ ਸਮੇਂ ਦੇ ਵਿੱਚ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪੁਲ ਦੀ ਉਸਾਰੀ ਨਾਲ ਲੋਕਾਂ ਦਾ ਸਮਾਂ ਅਤੇ ਆਰਥਿਕ ਬੋਝ ਘਟੇਗਾ ਉਥੇ ਨਾਲ ਹੀ ਖੱਜਲ ਖੁਆਰੀ ਵੀ ਕਾਫੀ ਹੱਦ ਤੱਕ ਘੱਟ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਕੋ ਇਕ ਮੰਤਵ ਲੋਕਾਂ ਦੀ ਪ੍ਰੇਸ਼ਾਨੀ ਨੂੰ ਘੱਟ ਕਰਨਾ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਵੱਖ ਵੱਖ ਵਿਕਾਸ ਕਾਰਜ ਕੀਤੇ ਗਏ ਹਨ ਅਤੇ ਲਗਾਤਾਰ ਜਾਰੀ ਵੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਇਲਾਕੇ ਦੀ ਨੁਹਾਰ ਨੂੰ ਬਦਲਣ ਲਈ ਅਤੇ ਆਮ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਨਿੱਜੀ ਦਿਲਚਸਪੀ ਲਈ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਇਹ ਪੁਲ 18 ਫੁੱਟ ਦਾ ਸੀ ਅਤੇ ਹੋਣ ਸਾਢੇ 7 ਮੀਟਰ - ਸਾਢੇ 7 ਮੀਟਰ ਦੀਆਂ ਦੋ ਲੇਨਾਂ( ਡਬਲ ਲੇਨ) ਹੋਣਗੀਆਂ। ਜਿਸ ਨਾਲ ਟਰੈਫਿਕ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।  ਸ. ਸੇਖੋਂ ਨੇ ਕਿਹਾ ਕਿ ਸੜਕਾਂ ਸੂਬੇ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਲਈ ਰੀੜ ਦੀ ਹੱਡੀ ਦਾ ਕੰਮ ਕਰਦੀਆਂ ਹਨ। ਕਿਉ ਜੋ ਇਨ੍ਹਾਂ ਸੜਕਾਂ ਤੇ ਜਿਥੇ ਆਮ ਲੋਕ ਪ੍ਰਾਈਵੇਟ ਗੱਡੀਆਂ ਚਲਾ ਕੇ ਨਿੱਜੀ ਕੰਮ ਕਰਦੇ ਹਨ ਉਥੇ ਨਾਲ ਹੀ ਵਪਾਰਕ ਤੌਰ ਤੇ ਸਮਾਨ ਦੀ ਢੋਆ- ਢੋਆਈ ਕਰਨ ਵਾਲੀਆਂ ਗੱਡੀਆਂ ਵੀ ਚੱਲਦੀਆਂ ਹਨ।