ਭਗਵਾਲਾ ਵਿੱਚ ਗੁਰਦੁਆਰਾ ਸ੍ਰੀ ਬਰੋਟਾ ਸਾਹਿਬ 'ਚ ਪੁਰਾਤਨ ਬੋਹੜ ਦੀ ਸਾਂਭ ਸੰਭਾਲ ਲਈ ਬਨਸਪਤੀ ਵਿਗਿਆਨ ਦੇ ਮਾਹਿਰ ਸੱਦੇ 

  • ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਲਿਖਿਆ ਪੱਤਰ
  • ਗੁਰਦੁਆਰਾ ਬਰੋਟਾ ਸਾਹਿਬ ਵਿੱਚ ਸਥਿਤ ਹੈ, ਪੁਰਾਤਨ ਬੋਹੜ

ਕੀਰਤਪੁਰ ਸਾਹਿਬ 05 ਜੁਲਾਈ : ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਈ, ਉਚੇਰੀ ਸਿੱਖਿਆ ਤੇ ਭਾਸ਼ਾ ਅਤੇ ਸਕੂਲ ਸਿੱਖਿਆ ਪੰਜਾਬ ਨੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅਮ੍ਰਿਤਸਰ ਸਾਹਿਬ ਦੇ ਉਪ ਕੁਲਪਤੀ ਨੂੰ ਪੱਤਰ ਲਿਖਿਆ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਪਿੰਡ ਭਗਵਾਲਾ ਵਿਖੇ ਸਥਿਤ ਛੇਵੀਂ ਪਾਤਸ਼ਾਹੀ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਬਰੋਟਾ ਸਾਹਿਬ ਵਿੱਚ ਸਥਿਤ ਪੁਰਾਤਨ ਬੋਹੜ ਦੇ ਦਰੱਖਤ ਦੀ ਸਾਂਭ ਸੰਭਾਲ, ਰੱਖ-ਰਖਾਓ ਲਈ ਬਨਸਪਤੀ ਵਿਗਿਆਨ ਦੀ ਟੀਮ ਭੇਜੀ ਜਾਵੇ ਤਾਂ ਜੋਂ ਆਉਣ ਵਾਲੀਆ ਪੀੜੀਆਂ ਨੂੰ ਇਤਿਹਾਸ ਤੋ ਜਾਣੂ ਕਰਵਾਇਆ ਜਾ ਸਕੇ। ਕੈਬਨਿਟ ਮੰਤਰੀ ਨੇ ਉਪ ਕੁਲਪਤੀ ਨੂੰ ਲਿਖੇ ਪੱਤਰ ਵਿੱਚ ਦੱਸਿਆ ਹੈ ਕਿ ਪਿੰਡ ਭਗਵਾਲਾ ਵਿੱਚ ਗੁਰਦੁਆਰਾ ਸ੍ਰੀ ਬਰੋਟਾ ਸਾਹਿਬ ਛੇਵੀ ਪਾਤਸ਼ਾਹੀ ਨਾਲ ਸਬੰਧਿਤ ਹੈ, ਇਸ ਵਿੱਚ ਪੁਰਾਤਨ ਬੋਹੜ ਦੀ ਮੋਜੂਦਾ ਅਵਸਥਾਂ ਨੂੰ ਦੇਖਦੇ ਹੋਏ, ਇਸ ਦੀ ਸਾਂਭ-ਸੰਭਾਲ ਅਤੇ ਲੰਮੇ ਸਮੇਂ ਤੱਕ ਰੱਖ ਰਖਾਓ ਕਰਨਾ ਬਹੁਤ ਜਰੂਰੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਇਤਿਹਾਸਕ ਸਥਾਨ ਤੇ ਕਾਫੀ ਦੂਰ-ਦੂਰ ਤੋ ਸੰਗਤਾਂ ਦਰਸ਼ਨਾ ਲਈ ਆਉਦੀਆਂ ਹਨ। ਇੱਥੇ ਪਹੁੰਚਣ ਵਾਲੀਆਂ ਸੰਗਤਾਂ ਆਪਣੇ ਲਾ-ਇਲਾਜ ਰੋਗਾਂ ਨੂੰ ਦੂਰ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਇਹ ਬੋਹੜ ਦਾ ਦਰੱਖਤ ਬਹੁਤ ਹੀ ਪੁਰਾਣਾ ਹੈ, ਜਿਸ ਦੀ ਸਾਂਭ ਸੰਭਾਲ ਬਹੁਤ ਹੀ ਜਰੂਰੀ ਹੈ, ਇਸ ਲਈ ਬਨਸਪਤੀ ਵਿਗਿਆਨ ਦੀ ਟੀਮ ਇੱਥੇ ਭੇਜੀ ਜਾਵੇ ਜੋ ਇਸ ਬੋਹੜ ਦੇ ਦਰੱਖਤ ਦੀ ਲੰਮੇ ਸਮੇਂ ਤੱਕ ਸਾਂਭ ਸੰਭਾਲ ਅਤੇ ਰੱਖ ਰਖਾਓ ਬਾਰੇ ਰਿਸਰਚ ਕਰ ਸਕੇ। ਜਿਕਰਯੋਗ ਹੈ ਕਿ ਬੀਤੇ ਦਿਨ ਕੈਬਨਿਟ ਮੰਤਰੀ ਹਰਜੋਤ ਬੈਂਸ ਆਪਣੇ ਹਲਕੇ ਦੇ ਪਿੰਡ ਭਗਵਾਲਾ (ਕੀਰਤਪੁਰ ਸਾਹਿਬ) ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਸਨ, ਜਿਨ੍ਹਾਂ ਨੇ ਛੇਵੀਂ ਪਾਤਸ਼ਾਹੀ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਬਰੋਟਾ ਸਾਹਿਬ ਵਿੱਚ ਸਥਿਤ ਪੁਰਾਤਨ ਬੋਹੜ ਦੇ ਦਰੱਖਤ ਦੇ ਪਵਿੱਤਰ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਸੰਗਤਾਂ ਨੂੰ ਮੁਖਾਤਿਵ ਹੋ ਕੇ ਇਸ ਦੀ ਸਾਂਭ ਸੰਭਾਲ ਲਈ ਵਿਸ਼ੇਸ ਉਪਰਾਲੇ ਕਰਨ ਦਾ ਭਰੋਸਾ ਦਿੱਤਾ ਹੈ, ਜਲਦੀ ਹੀ ਮਾਹਿਰਾਂ ਦੀ ਟੀਮ ਇਸ ਸਥਾਨ ਤੇ ਪਹੁੰਚੇਗੀ।