ਤੀਆਂ ਦੇ ਮੇਲੇ ਦੌਰਾਨ ਪ੍ਰਤੀਭਾਗੀਆਂ ਅਤੇ ਕੁਇਜ਼ ਜੇਤੂਆਂ ਨੂੰ ਇਨਾਮ ਵਿੱਚ ਦਿੱਤੀਆਂ ਜਾ ਰਹੀਆਂ ਹਨ ਕਿਤਾਬਾਂ

ਭਲਾਈਆਣਾ, 29 ਅਗਸਤ 2024 : ਜ਼ਿਲ੍ਹੇ ਦੇ ਪਿੰਡ ਭਲਾਈਆਣਾ ਵਿਖੇ ਸੱਭਿਆਚਾਰਕ ਮਾਮਲੇ ਪੁਰਾਤੱਤਵ  ਅਤੇ ਅਜਾਇਬ ਕਰ ਵਿਭਾਗ ਵੱਲੋਂ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਤੀਆਂ ਦੇ ਮੇਲੇ ਦੌਰਾਨ ਜ਼ਿਲਾ ਪ੍ਰਸ਼ਾਸਨ ਸ਼੍ਰੀ ਮੁਕਤਸਰ ਸਾਹਿਬ ਨੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ  ਦੀ ਰਹਿਨੁਮਾਈ ਹੇਠ ਇੱਕ ਨਵੇਕਲੀ ਪਹਿਲ ਕਦਮੀ ਕੀਤੀ ਹੈ। ਇਸ ਮੇਲੇ ਦੌਰਾਨ ਜਿੱਥੇ ਵੱਖ-ਵੱਖ ਸੱਭਿਆਚਾਰਕ ਵਿਸ਼ਿਆਂ ਨਾਲ ਜੁੜੇ ਕੁਇਜ਼ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਦਰਸ਼ਕਾਂ ਵਿੱਚੋਂ ਸੱਭਿਆਚਾਰ ਨਾਲ ਜੁੜੇ ਵਿਸ਼ਿਆਂ ਤੇ ਸਵਾਲ ਪੁੱਛੇ ਜਾ ਰਹੇ ਹਨ ਅਤੇ ਸਹੀ ਜਵਾਬ ਦੇਣ ਵਾਲਿਆਂ ਨੂੰ ਇਨਾਮ ਦਿੱਤੇ ਜਾ ਰਹੇ ਹਨ। ਪਰ ਇਸ ਵਿੱਚ ਖਾਸ ਗੱਲ ਇਹ ਹੋਈ ਹੈ ਕਿ ਪਹਿਲੀ ਵਾਰ ਇਨਾਮ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਉੱਤਮ ਕਿਤਾਬਾਂ ਜੇਤੂਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਪ੍ਰੋਗਰਾਮ ਦੀ ਦੇਖਰੇਖ ਕਰ ਰਹੇ ਐਸ.ਡੀ.ਐਮ. ਡਾ. ਸੰਜੀਵ ਕੁਮਾਰ ਨੇ ਕਿਹਾ ਕਿ ਇਸ ਦਾ ਉਦੇਸ਼ ਹੈ ਕਿ ਅਸੀਂ ਆਪਣੇ ਲੋਕਾਂ ਨੂੰ ਕਿਤਾਬ ਸੱਭਿਆਚਾਰ ਨਾਲ ਜੋੜੀਏ। ਉਹਨਾਂ ਨੇ ਕਿਹਾ ਕਿ ਇਹ ਕਿਤਾਬਾਂ ਜਦ ਲੋਕਾਂ ਦੇ ਘਰਾਂ ਤੱਕ ਜਾਣਗੀਆਂ ਤਾਂ ਉਹ ਕਿਤਾਬਾਂ ਅਤੇ ਸਾਹਿਤ ਨਾਲ ਜੁੜਨਗੇ। ਜਿਕਰਯੋਗ ਹੈ ਕਿ ਭਾਸ਼ਾ ਵਿਭਾਗ ਵੱਲੋਂ  ਤੀਆਂ ਦੇ ਮੇਲੇ ਦੌਰਾਨ ਸਟਾਲ ਲਗਾਈ ਗਈ ਹੈ ਜਿੱਥੋਂ ਲੋਕ ਕਿਤਾਬਾਂ ਦੀ ਖਰੀਦ ਵੀ ਉਤਸ਼ਾਹ ਨਾਲ ਕਰ ਰਹੇ ਹਨ। ਉਧਰ ਜ਼ਿਲਾ ਭਾਸ਼ਾ ਅਫਸਰ ਜਗਰੀਤ ਕੌਰ ਨੇ ਦੱਸਿਆ ਕਿ ਜ਼ਿਲਾ ਪ੍ਰਬੰਧਕੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਭਾਸ਼ਾ ਵਿਭਾਗ ਦੇ ਦਫਤਰ ਤੋਂ ਲੋਕ ਇਹ ਕਿਤਾਬਾਂ ਖਰੀਦ ਕਰ ਸਕਦੇ ਹਨ। ਭਾਸ਼ਾ ਵਿਭਾਗ ਦੀਆਂ ਇਹ ਉੱਤਮ ਦਰਜੇ ਦੀਆਂ ਕਿਤਾਬਾਂ ਬਹੁਤ ਸਸਤੀਆਂ ਦਰਾਂ ’ਤੇ ਉਪਲਬਧ ਹਨ।