ਬੀ.ਕੇ.ਯੂ ਕ੍ਰਾਂਤੀਕਾਰੀ ਨੇ ਸਰਕਾਰੀ ਦਹਿਸ਼ਤ ਨੂੰ ਤੋੜਨ ਲਈ ਕੀਤਾ ਰੋਸ ਮਾਰਚ 

ਬਠਿੰਡਾ, 28 ਮਾਰਚ : ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਮਿਲੀ ਭੁਗਤ ਤਹਿਤ ਸੂਬੇ ਵਿੱਚ ਅਨਐਲਾਨੀ ਐਮਰਜੈਂਸੀ ਲਾ ਕੇ ਲੋਕਾਂ ਉਪਰ ਪਾਈ ਜਾ ਰਹੀ ਦਹਿਸ਼ਤ ਨੂੰ ਤੋੜਨ ਲਈ ਅੱਜ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਨੇ ਸਥਾਨਕ ਸ਼ਹਿਰ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਕੇ, ਸ਼ਹਿਰ ਦੇ ਮੁੱਖ ਬਜ਼ਾਰ ਵਿਚੋਂ ਵਿਸ਼ਾਲ ਰੋਸ਼ ਮਾਰਚ ,ਹਮਾਇਤੀ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਢਿਆ ਗਿਆ। ਇਸ ਮੌਕੇ ਕਿਸਾਨ ਤੇ ਹੋਰ ਜਥੇਬੰਦੀਆਂ ਦੇ ਆਗੂ ਤੇ ਵਰਕਰ ਅੱਜ ਸਵੇਰ ਤੋਂ ਹੀ ਸ਼ਹਿਰ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਸ ਦੌਰਾਨ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਚੇਅਰਮੈਨ ਸ. ਸੁਰਜੀਤ ਸਿੰਘ ਫੂਲ਼ ਨੇ ਸ਼ਹਿਰ ਦੇ ਮੁੱਖ ਚੌਂਕ ਵਿੱਚ ਚੇਅਰਮੈਨ ਸੁਰਜੀਤ ਸਿੰਘ ਫੂਲ਼ ਨੇ ਸੰਬੋਧਨ ਕਰਦਿਆਂ ਕਿਹਾ ਕਿ 2019 ਦੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਫੌਜੀ ਜਵਾਨਾਂ ਉਪਰ ਪੁਲਵਾਮਾ ਹਮਲਾ ਅਤੇ 2017 ਦੀਆਂ ਅਸੈਂਬਲੀ ਚੋਣਾਂ ਦੌਰਾਨ ਮੌੜ ਮੰਡੀ ਬੰਬ ਕਾਂਡ ,ਇਹਨਾਂ ਸਰਕਾਰਾਂ ਨੇ ਵੋਟਾਂ ਦੇ ਧਰੁਵੀਕਰਨ ਦੀ ਸਕੀਮ ਤਹਿਤ ਹੀ ਕਰਵਾਇਆ ਸੀ ,ਇਹੀ ਕਾਰਨ ਹੈ ਕਿ ਇਹਨੇ ਸਾਲਾਂ ਬਾਅਦ ਵੀ ਇਹ ਕੇਸ ਅਜੇ ਟਰੇਸ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਆਪਣੇ ਹੱਕਾਂ ਖ਼ਾਤਰ ਚੱਲ ਰਹੇ ਲੋਕਾਂ ਦੇ ਮੋਰਚਿਆਂ ਨੂੰ ਕੁਚਲਣ ਖ਼ਾਤਰ, ਹੁਣ ਸੂਬੇ ਦੀ ਭਗਵੰਤ ਸਰਕਾਰ ਨੇ ਕੇਂਦਰ ਨਾਲ ਮਿਲਕੇ ਅੰਮ੍ਰਿਤਪਾਲ ਸਿੰਘ ਵਾਲਾ ਆਪ੍ਰੇਸ਼ਨ ਸੁਰੂ  ਕੀਤਾ ਹੈ। ਇਸਦੇ ਬਹਾਨੇ ਸੂਬੇ ਦੇ ਬੇਕਸੂਰ ਨੌਜਵਾਨਾਂ ਦੀ ਫੜੋ ਫੜਾਈ ਕਰਨਾ,  ਸਰਕਾਰੀ ਤਾਕਤ ਦੀ ਨਜਾਇਜ ਵਰਤੋਂ ਕਰਕੇ ਓਹਨਾ ਉਪਰ ਰਾਸ਼ਟਰੀ ਸੁਰੱਖਿਆ ਐਕਟ ਲਗਾਉਣਾ, ਲੋਕਾਂ ਤੋਂ ਓਹਨਾ ਦੀ ਅਜਾਦੀ ਖੋਕੇ ਗੁਲਾਮੀ ਦਾ ਅਹਿਸਾਸ ਕਰਵਾਉਣਾ, ਸਿੱਖ ਧਾਰਮਿਕ ਘੱਟ ਗਿਣਤੀ  ਉਪਰ ਜ਼ੁਲਮ ਢਾਉਣਾ, ਇੰਟਰਨੈੱਟ ਬੰਦ ਕਰਕੇ ਲੋਕਾਂ ਦੇ ਬੋਲਣ ਉਪਰ ਪਾਬੰਦੀ ਲਗਾਉਣਾ ਆਦਿ ਇਹ ਸਭ ਕੁਝ ਭਾਜਪਾ ਦੇ  ਏਜੰਡੇ ਦਾ ਹੀ ਹਿੱਸਾ ਹੈ। ਇਸ ਮੌਕੇ ਫੂਲ਼ ਨੇ ਕਿਹਾ ਕਿ ਅੰਮ੍ਰਿਤਪਾਲ ਉਪਰ ਕਾਰਵਾਈ ਓਹਨਾਂ ਹਾਲਾਤਾਂ ਦੌਰਾਨ ਕੀਤੀ ਹੈ, ਜਦੋ ਸੂਬੇ ਚ ਪਹਿਲਾਂ ਤੋਂ ਹੀ ਮੋਰਚੇ ਚੱਲ ਰਹੇ ਸਨ, ਜਿਹਨਾਂ ਚ ਧਰਤੀ ਹੇਠਲੇ ਪਾਣੀ ਚ ਜ਼ਹਿਰ ਘੋਲਣ ਵਾਲੀ ਸ਼ਰਾਬ ਫ਼ੈਕਟਰੀ ਜ਼ੀਰਾ ਵਿਖੇ ਚੱਲ ਰਿਹਾ ਮੋਰਚਾ, ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀ ਇਨਸਾਫ਼ ਮੋਰਚਾ ਮੋਹਾਲੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਵਿਦਿਆਰਥੀਆਂ ਵੱਲੋਂ ਮੋਰਚਾ, ਘੱਲ ਕਲਾਂ ਨਹਿਰਾਂ ਦਾ ਮੋਰਚਾ ਸਮੇਤ ਹੋਰ ਵੀ ਮੋਰਚਿਆਂ ਨੂੰ ਫੇਲ੍ਹ ਕਰਨ ਦੀ ਸਕੀਮ ਤਹਿਤ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਵੇਂ ਅੰਮ੍ਰਿਤਪਾਲ ਨਾਲ ਸਾਡੇ ਵਿਚਾਰਾਂ ਦੇ ਮੱਤਭੇਦ ਹਨ, ਪਰ ਸਾਡਾ ਸਵਿੰਧਾਨ ਹਰ ਇੱਕ ਨੂੰ ਹੱਕ ਦਿੰਦਾ ਹੈ ਕਿ ਆਪਣੇ ਵਿਚਾਰਾਂ ਦਾ ਰਾਜ ਕਾਇਮ ਕਰਨ ਲਈ ਜਥੇਬੰਦੀ ਬਣਾਉਣਾ ਜਾਂ ਪ੍ਰਚਾਰ ਕਰਨਾ ਗੁਨਾਹ ਨਹੀਂ ਹੈ। ਜੇਕਰ ਸਰਕਾਰਾਂ ਨੂੰ ਲਗਦਾ ਸੀ ਕਿ ਅੰਮ੍ਰਿਤਪਾਲ ਖਾਲਿਸਤਾਨ ਦੇ ਰਾਜ ਦਾ ਪ੍ਰਚਾਰ ਗਲਤ ਕਰ ਰਿਹਾ ਹੈ ਤਾਂ ਇਹ ਸਰਕਾਰਾਂ ਉਸਦੇ ਗਲਤ ਵਿਚਾਰਾਂ ਨੂੰ ਦਲੀਲ ਨਾਲ ਰੱਦ ਕਰ ਸਕਦੀਆਂ ਹਨ, ਪਰ ਇਸ ਸਵਾਲ ਦਾ ਜਵਾਬ ਇਹਨਾਂ ਹਾਕਮਾਂ ਕੋਲ ਹੈ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸੂਬੇ ਚ ਟਰੇਡ ਯੂਨੀਅਨਾਂ ਦੇ ਮੋਰਚੇ, ਟੈਂਕੀਆਂ ਉੱਪਰ ਚੜਕੇ ਇਨਸਾਫ ਮੰਗਦੀਆਂ ਨਰਸਾਂ ਜਾਂ ਜੋ ਵੀ ਸਰਕਾਰਾਂ ਦੀ ਸਾਮਰਾਜਵਾਦੀ ਨੀਤੀ ਦਾ ਵਿਰੋਧ ਕਰੇਗਾ ਤਾਂ ਓਹ ਇਹਨਾਂ ਦੀਆਂ ਨਜਰਾਂ ਚ ਦੇਸ਼ਧ੍ਰੋਹੀ ਹੈ, ਤੇ ਜਿਹੜਾ ਫਾਸ਼ੀਵਾਦੀ ਨੀਤੀ ਥੱਲੇ ਚੱਲੇਗਾ ਓਹ ਦੇਸ਼ ਭਗਤ। ਉਨ੍ਹਾਂ ਕਿਹਾ ਕਿ ਸੂਬੇ ਚ ਨਸ਼ੇ ਦਾ ਮੁੱਦਾ, ਰੋਜਗਾਰ ਦਾ ਮੁੱਦਾ ਜਾਂ ਹੋਰ ਵੀ ਸਮਾਜਿਕ ਮੁੱਦਿਆਂ ਉੱਪਰ ਲੋਕ ਬੋਲਣਾ ਚਾਉਂਦੇ ਹਨ ਪਰ ਸਰਕਾਰਾਂ ਇਹ ਦਹਿਸ਼ਤ ਦਾ ਮਾਹੌਲ ਪੈਦਾ ਕਰਕੇ ਓਹਨਾ ਨੂੰ ਚੁੱਪ ਕਰਵਾਉਣ ਲਈ ਹੱਥਕੰਡੇ ਅਪਣਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਨੂੰ ਇਹ ਸਰਕਾਰੀ ਦਹਿਸ਼ਤ ਨੂੰ ਤੋੜਨ ਲਈ ਘਰਾਂ ਚੋਂ ਬਾਹਰ ਨਿਕਲਣਾ ਪਵੇਗਾ ਤੇ ਸਾਡੀ ਜਥੇਬੰਦੀ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਨੇ ਇਸ ਸਰਕਾਰੀ ਦਹਿਸ਼ਤ ਨੂੰ ਤੋੜਨ ਲਈ ਪਹਿਲਕਦਮੀ ਕਰਦੇ ਹੋਏ ਇਹ ਰੋਸ਼ ਮਾਰਚ ਉਲੀਕਿਆ ਹੈ । ਉਹਨਾਂ ਕਿਹਾ ਕਿ ਜੇਕਰ ਅੰਮ੍ਰਿਤਪਾਲ ਉਪਰ ਕਾਰਵਾਈ ਦੇ ਬਹਾਨੇ ਫੜੇ ਗਏ ਬੇਕਸੂਰ ਨੌਜਵਾਨਾਂ ਨੂੰ ਰਿਹਾਅ , ਬੇਕਸੂਰ ਨੌਜਵਾਨਾਂ ਤੇ ਐਨਐਸਏ ਰੱਦ ਨਾ ਕੀਤਾ, ਘਰਾਂ ਚ ਛਾਪੇਮਾਰੀ ਬੰਦ ਨਾ ਕੀਤੀ ਗਈ, ਬੁੱਧੀਜੀਵੀਆਂ ਤੇ ਪੱਤਰਕਾਰਾਂ ਦੇ ਸੋਸ਼ਲ ਮੀਡੀਆ ਉਪਰ ਪਾਬੰਦੀ ਨਾ ਹਟਾਈ ਗਈ ਤਾਂ ਆਉਣ ਵਾਲੇ ਸਮੇਂ ਚ ਕੋਈ ਹੋਰ ਸਖਤ ਐਕਸ਼ਨ ਪ੍ਰੋਗਰਾਮ ਵੀ ਉਲੀਕਿਆ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਿਰਾਜ, ਲੋਕ ਸੰਗਰਾਮ ਮੋਰਚਾ ਤੋਂ ਜਨਰਲ ਸਕੱਤਰ ਸੁਖਮੰਦਰ ਸਿੰਘ, ਹਰਜਿੰਦਰ ਸਿੰਘ ਨਥਾਣਾ, ਗੋਰਾ ਸਿੰਘ ਹਾਕਮ ਵਾਲਾ, ਰਿਤੇਸ਼ ਰਿੰਕੂ ਭਗਤਾ, ਦਰਸ਼ਨ ਸਿੰਘ ਫੂਲ਼, ਭਜਨ ਸਿੰਘ ਚੋਟੀਆਂ, ਭਗਵਾਨ ਸਿੰਘ ਹਰਰਾਏਪੁਰ, ਦਰਸ਼ਨ ਸਿੰਘ ਬਰਕੰਦੀ, ਡਾ. ਨਿਰਭੈ ਸਿੰਘ ਭਗਤਾ ਆਰ ਐਮ ਪੀ ਐਸੋਸੀਏਸ਼ਨ, ਮਨਪ੍ਰੀਤ ਸਿੰਘ ਭਗਤਾ ਤੇ ਮਾ: ਦਰਸ਼ਨ ਸਿੰਘ ਬਾਜਾਖਾਨਾ ਜਮਹੂਰੀ ਅਧਿਕਾਰ ਸਭਾ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ ।