ਬੀਕੇਯੂ (ਏਕਤਾ) ਡਕੌਂਦਾ ਵੱਲੋਂ ਜ਼ਿਲ੍ਹਾ ਬਰਨਾਲਾ ਦਾ ਜ਼ਿਲ੍ਹਾ ਜਥੇਬੰਦਕ ਇਜਲਾਸ, ਕੁਲਵੰਤ ਸਿੰਘ ਭਦੌੜ ਬਣੇ ਪ੍ਰਧਾਨ ਤੇ ਸਾਹਿਬ ਸਿੰਘ ਬਡਬਰ ਜਨਰਲ ਸਕੱਤਰ

ਬਰਨਾਲਾ, 25 ਫਰਵਰੀ (ਭੁਪਿੰਦਰ ਧਨੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਬਰਨਾਲਾ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡਾ ਇਕੱਠ ਗੁਰਦੁਆਰਾ ਸਾਹਿਬ ਕਾਲਾ ਮਾਹਿਰ ਬਰਨਾਲਾ ਵਿਖੇ ਹੋਇਆ। ਇਹ ਚੋਣ ਗੁਰਦੀਪ ਸਿੰਘ ਰਾਮਪੁਰਾ ਅਤੇ ਅੰਗਰੇਜ਼ ਸਿੰਘ ਮੋਹਾਲੀ ਅਧਾਰਿਤ ਦੋ ਸੂਬਾ ਨਿਗਰਾਨ ਦੀ ਦੇਖਰੇਖ ਹੇਠ ਹੋਈ। ਇਸ ਜ਼ਿਲ੍ਹਾ ਚੋਣ ਇਜਲਾਸ ਵਿੱਚ ਮਹਿਲਕਲਾਂ, ਸ਼ਹਿਣਾ ਅਤੇ ਬਰਨਾਲਾ ਬਲਾਕਾਂ ਦੀਆਂ ਚਾਰ ਦਰਜਨ ਪਿੰਡ ਇਕਾਈਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਅੱਜ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਸਾਹਿਬ ਸਿੰਘ ਬਡਬਰ ਜ਼ਿਲ੍ਹਾ ਜਨਰਲ ਸਕੱਤਰ ਨੇ ਦੱਸਿਆ ਕਿ ਜਨਰਲ ਕੌਂਸਲ ਵਿੱਚ 40 ਸਾਲ ਤੋਂ ਲੋਕ ਹਿੱਤਾਂ ਲਈ ਜੂਝਣ ਵਾਲੇ ਕਾਫ਼ਲਿਆਂ ਦੀ ਅਗਵਾਈ ਕਰਨ ਵਾਲੇ ਨਿਧੜਕ ਜਰਨੈਲ ਮਨਜੀਤ ਸਿੰਘ ਧਨੇਰ ਦੇ ਕਾਰਜਕਾਰੀ ਪ੍ਰਧਾਨ ਵਜੋਂ ਵਡੇਰੀ ਜ਼ਿੰਮੇਵਾਰੀ ਸੰਭਾਲਣ ਨਾਲ ਵਰਕਰਾਂ ਨੂੰ ਵੱਡਾ ਉਤਸ਼ਾਹ ਮਿਲਿਆ ਹੈ। ਆਪਣੇ ਸੰਬੋਧਨ ਵਿੱਚ ਮਨਜੀਤ ਸਿੰਘ ਧਨੇਰ, ਗੁਰਦੀਪ ਸਿੰਘ ਰਾਮਪੁਰਾ, ਅੰਗਰੇਜ਼ ਸਿੰਘ ਮੋਹਾਲੀ ਅਤੇ ਬਲਵੰਤ ਸਿੰਘ ਉੱਪਲੀ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋਏ ਜੁਝਾਰੂ ਕਿਸਾਨ ਕਾਫ਼ਲਿਆਂ ਨੂੰ ਮੌਜੂਦਾ ਹਾਲਾਤ ਬਾਰੇ ਵਿਸਥਾਰ ਸਹਿਤ ਜਾਣੂ ਕਰਵਾਇਆ। ਆਗੂਆਂ ਨੇ ਬੂਟਾ ਸਿੰਘ ਬੁਰਜਗਿੱਲ ਦੇ ਗੁੱਟ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੰਵਿਧਾਨ ਅਤੇ ਐਲਾਨਨਾਮੇ ਤੋਂ ਭਗੌੜਾ ਹੋ ਜਾਣ ਦੇ ਕਾਰਨਾਂ ਤੋਂ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਅਤੇ ਨਵੀਆਂ ਹਾਲਤਾਂ ਦੀ ਚੁਣੌਤੀ ਜਥੇਬੰਦਕ ਢਾਂਚੇ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ ਆਗੂਆਂ ਦੇ ਰੂਪ ਵਿੱਚ ਅੱਗੇ ਆਉਣ ਦਾ ਸੱਦਾ ਦਿੱਤਾ। ਜਿਸ ਤੋਂ ਬਾਅਦ ਸਰਬਸੰਮਤੀ ਨਾਲ ਆਉਣ ਵਾਲੇ ਸਮੇਂ ਲਈ ਕੁਲਵੰਤ ਸਿੰਘ ਭਦੌੜ ਨੂੰ ਜ਼ਿਲ੍ਹਾ ਪ੍ਰਧਾਨ, ਸਾਹਿਬ ਸਿੰਘ ਬਡਬਰ ਨੂੰ ਜਨਰਲ ਸਕੱਤਰ, ਹਰਮੰਡਲ ਸਿੰਘ ਜੋਧਪੁਰ ਨੂੰ ਸੀ.ਮੀਤ ਪ੍ਰਧਾਨ, ਜਗਰਾਜ ਸਿੰਘ ਹਰਦਾਸਪੁਰਾ ਮੀਤ ਪ੍ਰਧਾਨ, ਗੁਰਦੇਵ ਸਿੰਘ ਮਾਂਗੇਵਾਲ ਖ਼ਜ਼ਾਨਚੀ,ਰਾਮ ਸਿੰਘ ਸ਼ਹਿਣਾ,ਭਾਗ ਸਿੰਘ ਕੁਰੜ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਉੱਪਲੀ ਸਹਾਇਕ ਖ਼ਜ਼ਾਨਚੀ, ਅਮਰਜੀਤ ਸਿੰਘ ਠੁੱਲੀਵਾਲ ਜਥੇਬੰਦਕ ਸਕੱਤਰ, ਔਰਤ ਵਿੰਗ ਵਿੱਚ ਅਮਰਜੀਤ ਕੌਰ ਅਤੇ ਪ੍ਰੇਮਪਾਲ ਕੌਰ ਨੂੰ ਜ਼ਿਲ੍ਹਾ ਕਮੇਟੀ ਮੈਂਬਰ ਵਜੋਂ ਆਗੂ ਟੀਮ ਨੂੰ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਜ਼ਿਲ੍ਹਾ ਬਰਨਾਲਾ ਦੀ ਨਵੀਂ ਟੀਮ ਨੂੰ ਮਨਜੀਤ ਸਿੰਘ ਧਨੇਰ, ਗੁਰਦੀਪ ਸਿੰਘ ਰਾਮਪੁਰਾ ਅਤੇ ਬਲਵੰਤ ਸਿੰਘ ਉੱਪਲੀ ਨੇ ਜਥੇਬੰਦੀ ਦੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਚੁਣੀ ਗਈ ਨਵੀਂ ਜ਼ਿਲ੍ਹਾ ਟੀਮ ਵੱਲੋਂ ਕੁਲਵੰਤ ਸਿੰਘ ਭਦੌੜ, ਸਾਹਿਬ ਸਿੰਘ ਬਡਬਰ ਨੇ ਸੂਬਾ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਲਕਾਰ ਸਿੰਘ ਡਕੌਂਦਾ ਵੱਲੋਂ ਹੱਥੀਂ ਲਗਾਏ ਬੂਟੇ ਨੂੰ ਮਜ਼ਬੂਤ ਕਰਨ ਲਈ ਪੂਰੀ ਤਨਦੇਹੀ ਨਾਲ ਅੱਗੇ ਲੈਕੇ ਜਾਣਗੇ। ਸਿੱਖ ਬੰਦੀਆਂ ਦੀ ਰਿਹਾਈ ਲਈ ਮੋਹਾਲੀ ਵਿਖੇ ਚੱਲ ਰਹੇ ਮੋਰਚੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੰਜਾਬ ਦੀਆਂ 31 ਕਿਸਾਨ ਜੱਥੇਬੰਦੀਆਂ ਦੇ ਸੱਦੇ ਤੇ 20 ਫਰਬਰੀ ਨੂੰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਕਰਨ ਲਈ ਜ਼ਿਲ੍ਹਾ ਬਰਨਾਲਾ ਦੇ ਜੁਝਾਰੂ ਕਿਸਾਨ ਕਾਫ਼ਲਿਆਂ ਦਾ ਧੰਨਵਾਦ ਕੀਤਾ ਗਿਆ। ਇਜਲਾਸ ਦੌਰਾਨ ਆਗੂਆਂ ਮੰਗ ਕੀਤੀ ਕਿ ਸਜ਼ਾ ਪੂਰੀ ਕਰ ਚੁੱਕੇ ਜੇਲ੍ਹਾਂ ਵਿੱਚ ਬੰਦ ਸਿੱਖ ਬੰਦੀਆਂ ਸਮੇਤ ਬੁੱਧੀਜੀਵੀਆਂ, ਸਮਾਜਿਕ ਕਾਰਕੁੰਨਾਂ, ਧਾਰਮਿਕ ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਰਿਹਾਅ ਕੀਤਾ ਜਾਵੇ। ਆਗੂਆਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰੀ ਸਰਕਾਰ ਖ਼ਿਲਾਫ਼ ਸ਼ੁਰੂ ਕੀਤੇ ਸੰਘਰਸ਼ ਦੇ ਅਗਲੇ ਪੜਾਅ ਵਜੋਂ ਬਜਟ ਸੈਸ਼ਨ ਦੌਰਾਨ 20 ਮਾਰਚ ਨੂੰ ਪਾਰਲੀਮੈਂਟ ਵੱਲ ਕੀਤੇ ਜਾਣ ਵਾਲੇ ਮਾਰਚ ਵਿੱਚ ਸੂਬਾ ਕਮੇਟੀ ਦੀ ਅਗਵਾਈ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਮਾਰਚ ਦੇ ਪਹਿਲੇ ਪੰਦਰਵਾੜੇ ਪਿੰਡਾਂ ਵਿੱਚ ਬਕਾਇਦਾ ਵੱਡੀਆਂ ਮੀਟਿੰਗਾਂ ਕਰਵਾਕੇ ਤਿਆਰੀ ਕੀਤੀ ਜਾਵੇਗੀ। ਇਸੇ ਹੀ ਤਰ੍ਹਾਂ 23 ਮਾਰਚ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ 28 ਫਰਬਰੀ ਦੀ ਸੂਬਾਈ ਮੀਟਿੰਗ ਵਿੱਚ ਜਲਦ ਫੈਸਲਾ ਕੀਤਾ ਜਾਵੇਗਾ।