ਬੀਕੇਯੂ ਡਕੌਂਦਾ ਨੇ ਮਨਜੀਤ ਸਿੰਘ ਧਨੇਰ ਤੇ ਗੁਰਦੀਪ ਸਿੰਘ ਰਾਮਪੁਰਾ ਸਮੇਤ ਸੱਤ ਆਗੂਆਂ ਨੂੰ ਦਿਖਾਇਆ ਬਾਹਰ ਦਾ ਰਸਤਾ

ਮਾਨਸਾ, 5 ਫਰਵਰੀ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਯੂਨੀਅਨ ਵਿਰੋਧੀ ਕਾਰਵਾਈਆਂ ਦਾ ਵਿਰੋਧ ਕਰਦਿਆਂ ਪਹਿਲਾਂ ਚਾਰ ਆਗੂਆਂ ਅਤੇ ਅੱਜ ਤਿੰਨ ਆਗੂਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਬਲਵੰਤ ਸਿੰਘ ਉੱਪਲੀ ਨੂੰ ਯੂਨੀਅਨ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਬੀਕੇਯੂ ਡਕੌਂਦਾ ਬੰਦੀ ਸਿੰਘਾਂ ਦੀ ਰਿਹਾਈ ਲਈ 15 ਫਰਵਰੀ ਨੂੰ ਵੱਡੇ ਜੱਥੇ ਨਾਲ ਕੌਮੀਂ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਯੂਨੀਅਨ ਵਿਰੋਧੀ ਕਾਰਵਾਈਆਂ ਦਾ ਵਿਰੋਧ ਕਰਦਿਆਂ ਕੁਝ ਦਿਨ ਪਹਿਲਾਂ ਜੱਥੇਬੰਦੀ ਵਿੱਚੋਂ ਚਾਰ ਆਗੂਆਂ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ, ਬਠਿੰਡਾ ਜ਼ਿਲ੍ਹੇ ਦੇ ਸਕੱਤਰ ਬਲਵਿੰਦਰ ਸਿੰਘ ਜੇਠੂਕੇ, ਸਾਹਿਬ ਸਿੰਘ ਬਡਬਰ ਅਤੇ ਬਾਬੂ ਸਿੰਘ ਖੁੱਡੀ ਕਲਾਂ ਨੂੰ ਜੱਥੇਬੰਦੀ ਵਿੱਚੋਂ ਬਾਹਰ ਕਰ ਦਿੱਤਾ ਸੀ। ਜਾਣਕਾਰੀ ਦਿੰਦਿਆਂ ਬੀਕੇਯੂ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਜੱਥੇਬੰਦੀ ਵਿਰੋਧੀ ਕਾਰਵਾਈਆਂ ਕਰਨ ਕਰਕੇ ਅੱਜ ਜੱਥੇਬੰਦੀ ਵੱਲੋਂ ਸਾਰੇ ਹੀ ਜ਼ਿਲਿਆਂ ਦੀ ਸਹਿਮਤੀ ਲੈਣ ਤੋਂ ਬਾਅਦ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਕਮੇਟੀ ਮੈਂਬਰ ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਬਲਵੰਤ ਸਿੰਘ ਉੱਪਲੀ ਨੂੰ ਯੂਨੀਅਨ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ। ਬੂਟਾ ਸਿੰਘ ਬੁਰਜਗਿੱਲ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਮੁਹਾਲੀ ਵਿਖੇ ਚੱਲ ਰਹੇ ਗਾਮੀ ਚਾਵ ਮੋਰਚੇ ਵਿੱਚ ਬੀਕੇਯੂ ਡਕੌਂਦਾ ਵੱਲੋਂ 15 ਫਰਵਰੀ ਨੂੰ ਸਾਰੇ ਜ਼ਿਲ੍ਹਿਆਂ ਤੋਂ ਵੱਡੇ ਕਾਫ਼ਲੇ ਸ਼ਮੂਲੀਅਤ ਕਰਨਗੇ।