ਬੀਜੇਪੀ ਨੂੰ ਪੰਜਾਬ ਵਿੱਚ ਕੋਈ ਉਮੀਦਵਾਰ ਨਹੀਂ ਮਿਲ ਰਿਹਾ, ਕਾਂਗਰਸ ਅਤੇ ਆਪ ਆਪਣੇ ਉਮੀਦਵਾਰ ਦੇ ਰਹੀ ਹੈ: ਹਰਸਿਮਰਤ ਕੌਰ ਬਾਦਲ 

ਮਾਨਸਾ, 10 ਅਪ੍ਰੈਲ : ਬਠਿੰਡਾ ਤੋਂ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਅੱਜ ਆਪਣੇ ਹਲਕੇ ਮਾਨਸਾ ਦੇ ਦਰਜਨ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਦਾ ਪਿੰਡਾਂ ਦੇ ਵਿੱਚ ਗਰਮ ਜੋਸ਼ੀ ਦੇ ਨਾਲ ਸਵਾਗਤ ਵੀ ਕੀਤਾ ਗਿਆ। ਹਰਸਿਮਰਤ ਕੌਰ ਨੂੰ ਲੱਡੂਆਂ ਦੇ ਨਾਲ ਵੀ ਕਈ ਪਿੰਡਾਂ ਦੇ ਵਿੱਚ ਤੋਲਿਆ ਗਿਆ। ਇਸ ਮੌਕੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਬੀਜੇਪੀ ਚੋਂ ਮੇਨ ਕਾਂਗਰਸ ਦਾ ਬੋਲ ਬਾਲਾ ਹੈ, ਬੀਜੇਪੀ ਦੇ ਟਕਸਾਲੀ ਕਿੱਥੇ ਹਨ। ਦਿੱਲੀ ਦੀਆਂ ਤਿੰਨ ਪਾਰਟੀਆਂ ਇੱਕ ਹਨ, ਅੱਜ ਬੀਜੇਪੀ ਨੂੰ ਪੰਜਾਬ ਵਿੱਚ ਕੋਈ ਉਮੀਦਵਾਰ ਨਹੀਂ ਮਿਲ ਰਿਹਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਪਾਰਟੀ ਨੂੰ ਆਪਣੇ ਉਮੀਦਵਾਰ ਦੇ ਰਹੀ ਹੈ। ਹਰਸਿਮਰਤ ਕੌਰ ਬਾਦਲ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਇਸ ਵਾਰ ਉਹਨਾਂ ਨੂੰ ਵੱਡੀ ਜਿੱਤ ਦਵਾ ਕੇ ਸੰਸਦ ਦੇ ਵਿੱਚ ਭੇਜਣ। ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਆਮ ਆਦਮੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਛਤਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਅੱਜ ਆਲਮ ਇਹ ਹੈ ਕਿ ਲੋਕ ਸਰਕਾਰ ਦੇ ਵਿਧਾਇਕਾਂ ਅਤੇ ਉਮੀਦਵਾਰਾਂ ਤੋਂ ਸਵਾਲ ਪੁੱਛ ਰਹੇ ਹਨ, ਔਰਤਾਂ ਅਤੇ ਨੌਜਵਾਨਾਂ ਨੂੰ ਜੋ ਉਨ੍ਹਾਂ ਝੂਠ ਬੋਲ ਕੇ ਸੱਤਾ ਹਾਸਿਲ ਕੀਤੀ ਸੀ ਉਹ ਵੀ ਸਰਕਾਰ ਤੋਂ ਸਵਾਲ ਪੁੱਛ ਰਹੇ ਹਨ। ਜਿਸ ਦੇ ਚੱਲਦੇ ਸਰਕਾਰ ਦੁਚਿੱਤੀ ਦੇ ਵਿੱਚ ਹੈ ਅਤੇ ਇਲੈਕਸ਼ਨ ਕਮਿਸ਼ਨ ਕੋਲ ਝੂਠੀਆਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਰਾਜਪੁਰਾ ਦੇ ਸਿਨੇਮਾ ਘਰ ਵਿੱਚ ਸਰਕਾਰ ਦੇ ਵਿਗਿਆਪਨ 'ਤੇ ਮਾਮਲਾ ਦਰਜ ਕਰਨ 'ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਹਨਾਂ ਸਰਕਾਰਾਂ ਨੇ ਹਰ ਵਾਰ ਝੂਠ ਦੀ ਰਾਜਨੀਤੀ ਕੀਤੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ। ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦੇ ਲਈ ਸ਼ਹੀਦਾਂ ਦਾ ਸਹਾਰਾ ਲਿਆ ਜਾ ਰਿਹਾ। ਮੁੱਖ ਮੰਤਰੀ ਪੰਜਾਬ ਦੇ ਲਈ ਸਨਮਾਨ ਨਹੀਂ ਅਤੇ ਭ੍ਰਿਸ਼ਟਾਚਾਰ ਵਿੱਚ ਲਿਪਤ ਕੇਜਰੀਵਾਲ ਨੂੰ ਬਚਾਉਣ ਦੇ ਲਈ ਭੁੱਖ ਹੜਤਾਲ ਕਰ ਰਹੇ ਹਨ। ਉਹਨਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਕੋਈ ਉਮੀਦਵਾਰ ਨਹੀਂ ਮਿਲ ਰਿਹਾ, ਜਦੋਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਬੰਦੇ ਹੀ ਬੀਜੇਪੀ ਵਿੱਚ ਸ਼ਾਮਿਲ ਹੋ ਕੇ ਬੀਜੇਪੀ ਨੂੰ ਇਹ ਪੰਜਾਬ ਵਿੱਚ ਉਮੀਦਵਾਰ ਦੇ ਰਹੇ ਹਨ।