ਪੰਜਾਬ ‘ਚ ਨਹੀਂ ਖੁੱਲਿਆ BJP ਦਾ ਖਾਤਾ, ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲੀਆਂ ਸਭ ਤੋਂ ਵੱਧ ਵੋਟਾਂ  

ਪਟਿਆਲਾ, 4 ਜੂਨ  : ਬੇਸ਼ੱਕ ਪੰਜਾਬ ‘ਚ ਬੀਜੇਪੀ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਨਹੀਂ ਰਿਹਾ ਪਰ ਪਟਿਆਲਾ ਤੋਂ ਬੀਜੇਪੀ ਦੇ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਨੇ ਬੀਜੇਪੀ ਪੰਜਾਬ ‘ਚ ਸਾਰੇ ਉਮੀਦਵਾਰਾਂ ਨਾਲੋਂ ਜ਼ਿਆਦਾ ਵੋਟਾਂ ਹਾਸਲ ਕੀਤੀਆਂ ਹਨ। ਲਗਭਗ 290000 ਦੇ ਕਰੀਬ ਵੋਟਾਂ ਲੈ ਕੇ ਉਹਨਾਂ ਸਾਬਿਤ ਕਰ ਦਿੱਤਾ ਹੈ ਕਿ ਪਟਿਆਲਾ ‘ਚ ਉਹਨਾਂ ਦਾ ਵੱਡਾ ਜਨ ਅਧਾਰ ਹੈ। ਪਟਿਆਲਾ ‘ਚ ਉਹ ਸੰਭਾਵਿਤ ਜੇਤੂ ਉਮੀਦਵਾਰ ਡਾ. ਧਰਮਵੀਰ ਗਾਂਧੀ ਤੋਂ 16000 ਵੋਟਾਂ ਤੋਂ ਹੀ ਪਿੱਛੇ ਰਹੇ ਹਨ। ਬੇਹੱਦ ਘੱਟ ਵੋਟਾਂ ਨਾਲ ਉਹਨਾਂ ਦੀ ਹਾਰ ਹੋਈ ਹੈ। ਪੰਜਾਬ ‘ਚ ਕਿਸਾਨਾਂ ਦੀ ਬੀਜੇਪੀ ਵਿਰੋਧੀ ਲਹਿਰ ਨੇ ਬੀਜੇਪੀ ਨੂੰ ਵੱਡਾ ਘਾਟਾ ਪਾਇਆ ਹੈ। ਬੀਜੇਪੀ ਵੱਲੋ ਇਕ ਵੀ ਸੀਟ ਨਾ ਜਿੱਤਣ ਦਾ ਕਾਰਨ ਕਿਸਾਨਾਂ ਵੱਲੋ ਸੂਬੇ ‘ਚ ਡਟਵਾਂ ਵਿਰੋਧ ਵੀ ਮੰਨਿਆ ਜਾ ਰਿਹਾ ਹੈ। ਹੁਸ਼ਿਆਰਪੁਰ ਜਿਥੋਂ ਬੀਜੇਪੀ ਆਗੂ ਸੋਮ ਪ੍ਰਕਾਸ਼ ਦੇ ਪਤਨੀ ਚੋਣ ਲੜ ਰਹੇ ਸਨ ਉਹਨਾਂ ਨੂੰ ਵੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਖ਼ਬਰ ਲਿਖੇ ਜਾਣ ਤੱਕ ਉਹ ਜੇਤੂ ਉਮੀਦਵਾਰ ਤੋਂ 103800 ਵੋਟਾਂ ਨਾਲ ਪਿੱਛੇ ਚੱਲ ਰਹੇ ਸਨ। ਜਿੱਤ ਦੇ ਦਾਅਵੇਦਾਰ ਮੰਨੇ ਜਾਂਦੇ ਅਨੀਤਾ ਸੋਮ ਪ੍ਰਕਾਸ਼ ਤੀਸਰੇ ਨੰਬਰ ‘ਤੇ ਰਹੇ ਹਨ। ਉਦਰ ਗੁਰਦਸਪੁਰ ਤੋਂ ਬੀਜੇਪੀ ਦੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੇ 271550 ਵੋਟਾਂ ਹਾਸਲ ਕੀਤੀਆਂ ਹਨ। ਲੁਧਿਆਣਾ ਵਿਖੇ ਵੀ ਬੀਜੇਪੀ ਦੀ ਵੱਡੀ ਦਾਅਵੇਦਾਰੀ ਮੰਨੀ ਜਾ ਰਹੀ ਸੀ ਪਰ ਬੈਂਸ ਭਰਾਵਾਂ ਦੇ ਵੜਿੰਗ ਨਾਲ ਜਾਣ ਨਾਲ ਬਾਜ਼ੀ ਪਲਟ ਗਈ ਅਤੇ ਬਿੱਟੂ ਲਗਭਗ 26648 ਵੋਟਾਂ ਨਾਲ ਖ਼ਬਰ ਲਿਖੇ ਜਾਣ ਤੱਕ ਪਿੱਛੇ ਹਨ। ਇਹ ਉਹ ਸੀਟਾਂ ਸਨ ਜਿੱਤੇ ਬੀਜੇਪੀ ਨੇ ਜਿੱਤ ਦੀ ਉਮੀਦ ਕੀਤੀ ਸੀ ਪਰ ਉਸਨੂੰ ਮੂੰਹ ਦੀ ਕਹਾਣੀ ਪਈ। ਗੱਲ ਜਲੰਧਰ ਦੀ ਕਰੀਏ ਤਾ ਸੁਸ਼ੀਲ ਕੁਮਾਰ ਰਿੰਕੂ ਵੱਡੇ ਅੰਤਰ ਦੇ ਨਾਲ ਹਾਰੇ ਹਨ।ਜਲੰਧਰ ਤੋਂ 175993 ਵੋਟਾਂ ਨਾਲ ਰਿੰਕੂ ਚਰਨਜੀਤ ਚੰਨੀ ਤੋਂ ਹਾਰੇ ਹਨ। ਬੀਜੇਪੀ ਵੱਲੋ ਜਿੱਤ ਦੀ ਉਮੀਦ ਵਾਲੀਆਂ ਸਾਰੀਆਂ ਸੀਟਾਂ ਉੱਪਰ ਕੇਂਦਰ ਦੇ ਵੱਡੇ ਆਗੂਆਂ ਨੇ ਪ੍ਰਚਾਰ ਕੀਤਾ ਸੀ। ਪੀਐਮ ਮੋਦੀ ਖੁਦ ਪ੍ਰਚਾਰ ਲਈ ਪਟਿਆਲਾ ਜਲੰਧਰ ਅਤੇ ਹੁਸ਼ਿਆਰਪੁਰ ਪਹੁੰਚੇ ਸਨ। ਪਰ ਪੰਜਾਬ ਦੇ ਕਿਸਾਨਾਂ ਦੇ ਵਿਰੋਧ ਕਰਕੇ ਮੋਦੀ ਦਾ ਜਾਦੂ ਪੰਜਾਬ ‘ਚ ਨਹੀਂ ਚੱਲ ਸਕਿਆ। ਖਾਸ ਤੌਰ ‘ਤੇ ਕਿਸਾਨ ਜਥੇਬੰਦੀਆਂ ਵੱਲੋ ਕੀਤਾ ਵਿਰੋਧ ਬੀਜੇਪੀ ਦੇ ਗਲੇ ਦੀ ਹੱਡੀ ਬਣਿਆ ਹੈ। ਹਾਲਾਂਕਿ ਬੀਜੇਪੀ ਨੂੰ ਜਿੱਤ ਨਹੀਂ ਮਿਲੀ ਹੈ ਪਰ ਵੋਟਾਂ ਦੀ ਪ੍ਰਤੀਸ਼ਤ ‘ਚ ਬੀਜੇਪੀ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਛਾੜ ਦਿੱਤਾ ਹੈ। ਬੀਜੇਪੀ ਨੂੰ ਸੂਬੇ ‘ਚ 18.46 ਪ੍ਰਤੀਸ਼ਤ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ 13.49 % ਵੋਟਾਂ ਮਿਲੀਆਂ ਹਨ। ਜੇ ਦੋਵੇ ਪਾਰਟੀਆਂ ਰਲਕੇ ਲੜਦੀਆਂ ਤਾ ਸ਼ਾਇਦ ਵੱਡੇ ਫਾਇਦੇ ‘ਚ ਰਹਿੰਦੀਆਂ। ਦੋਹਾ ਦਾ ਵੋਟ ਫ਼ੀਸਦ ਕੁਲ ਮਿਲਾਕੇ ਕਾਫੀ ਵੱਧ ਜਾਂਦਾ ਹੈ।