ਪੰਜਾਬੀ ਸਾਹਿਤ ਅਕਾਦਮੀ ਦੀਆਂ ਚੋਣਾਂ ‘ਚ ਵੱਡਾ ਉਲਟਫੇਰ, ਡਾ. ਸਰਬਜੀਤ ਸਿੰਘ ਚੁਣੇ ਗਏ ਪ੍ਰਧਾਨ

ਲੁਧਿਆਣਾ, 3 ਮਾਰਚ : ਪੰਜਾਬੀ ਲੇਖਕਾਂ ਦੀ ਸੰਸਥਾ ਪੰਜਾਬੀ ਸਾਹਿਤ ਅਕਾਦਮੀ ਦੀਆਂ ਅੱਜ ਹੋਈਆਂ ਚੋਣਾਂ ਵਿੱਚ ਡਾ. ਸਰਬਜੀਤ ਸਿੰਘ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਹਨਾਂ ਚੋਣਾਂ ਨੂੰ ਜਿੱਤਣ ਲਈ ਉਮੀਦਵਾਰਾਂ ਨੇ ਪੂਰਾ ਜ਼ੋਰ ਲਾਇਆ ਹੋਇਆ  ਸੀ। ਇਸ ਵਾਰ ਇੱਕ ਗਰੁੱਪ ਵੱਲੋਂ ਡਾ.ਲਖਵਿੰਦਰ ਸਿੰਘ ਜੌਹਲ ਅਤੇ ਦੂਜੇ ਗਰੁੱਪ ਵੱਲੋਂ ਡਾ.ਸਰਬਜੀਤ ਸਿੰਘ ਪ੍ਰਧਾਨਗੀ ਦੇ ਅਹੁਦੇ ਲਈ ਆਹਮੋ-ਸਾਹਮਣੇ ਸਨ। ਹਾਲਾਂਕਿ ਡਾ.ਲਖਵਿੰਦਰ ਸਿੰਘ ਦੇ ਧੜੇ ਨੂੰ ਮਜ਼ਬੂਤ ਦਾਅਵੇਦਾਰ ਵਜੋਂ ਦੇਖਿਆ ਜਾ ਰਿਹਾ ਸੀ, ਪਰ ਨਤੀਜਿਆਂ ਦੇ ਸਾਹਮਣੇ ਆਉਣ ਨਾਲ ਸਾਰੇ ਕਿਆਸੇ ਖ਼ਤਮ ਹੋ ਗਏ ਹਨ ਤੇ ਡਾ. ਸਰਬਜੀਤ ਸਿੰਘ ਪ੍ਰਧਾਨ ਚੁਣੇ ਗਏ ਹਨ। ਇਸ ਮੌਕੇ ਡਾ. ਗੁਰਭਜਨ ਗਿੱਲ ਨੇ ਪੰਜਾਬੀ ਸਾਹਿਤ ਅਕਾਦਮੀ ਦੀ ਨਵੀਂ ਚੁਣੀ ਗਈ ਟੀਮ ਨੂੰ ਇਸ ਮੌਕੇ ਤੇ ਵਧਾਈ ਦਿੱਤੀ ਹੈ। ਉਹਨਾਂ ਨੇ ਡਾ. ਸਰਬਜੀਤ ਸਿੰਘ ਨੂੰ ਪੰਜਾਬੀ ਸਾਹਿਤ ਅਕਾਡਮੀ ਦਾ ਪ੍ਰਧਾਨ, ਡਾ. ਪਾਲ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਡਾ. ਗੁਲਜ਼ਾਰ ਸਿੰਘ ਪੰਧੇਰ ਨੂੰ ਜਨਰਲ ਸਕੱਤਰ ਬਣਨ ਦੀਆਂ ਮੁਬਾਰਕਾਂ ਦਿੱਤੀਆਂ। ਇਸ ਤੋਂ ਇਲਾਵਾਂ ਉਹਨਾਂ ਨੇ ਡਾ. ਲਖਵਿੰਦਰ ਸਿੰਘ ਜੌਹਲ, ਡਾ. ਸ਼ਯਾਮ ਸੁੰਦਰ ਦੀਪਤੀ ਤੇ ਡਾ. ਗੁਰਇਕਬਾਲ ਸਿੰਘ ਵੱਲੋਂ ਦੋ ਸਾਲ ਤਨਦੇਹੀ ਨਾਲ ਕੀਤੇ ਕੰਮ ਤੇ ਉਹਨਾਂ ਦਾ ਧੰਨਵਾਦ ਕੀਤਾ।