ਮੋਗਾ ਪੁਲਿਸ ਦਾ ਵੱਡਾ ਐਕਸ਼ਨ: 45 ਗੱਡੀਆਂ ਦੀ ਚੈਕਿੰਗ, ਗ੍ਰਿਫਤਾਰ ਕੀਤੇ 12 ਕਥਿਤ ਦੋਸ਼ੀਆਂ ਨੂੰ ਕੀਤਾ ਕਾਬੂ 

  • ਮੋਗਾ ਪੁਲਿਸ ਵੱਲੋਂ ਸਫਲ ਕੈਸੋ ਆਪਰੇਸ਼ਨ ਦੌਰਾਨ 10 ਮੁਕੱਦਮੇ ਦਰਜ ਕਰਕੇ 12 ਕਥਿਤ ਦੋਸ਼ੀਆਂ ਨੂੰ ਕੀਤਾ ਕਾਬੂ 

ਮੋਗਾ, 13 ਜੂਨ 2024 : ਅੱਜ ਸ੍ਰੀ ਵਿਵੇਕ ਸ਼ੀਲ ਸੋਨੀ, ਜ਼ਿਲ੍ਹਾ ਪੁਲਿਸ ਮੁਖੀ ਮੋਗਾ ਨੇ ਪ੍ਰੈਸ ਰਿਲੀਜ਼ ਰਾਹੀਂ ਜਾਣਕਾਰੀ ਦਿੱਤੀ ਕਿ ਅੱਜ ਮੋਗਾ ਪੁਲਿਸ ਨੇ ਜ਼ਿਲ੍ਹੇ ਵਿੱਚ ਕਾਰਡਨ ਅਤੇ ਸਰਚ ਅਪ੍ਰੇਸ਼ਨ (CASO) ਸ੍ਰੀ ਬਾਲ ਕ੍ਰਿਸ਼ਨ ਸਿੰਗਲਾ, ਐੱਸ ਪੀ (ਜਾਂਚ) ਮੋਗਾ ਦੀ ਅਗਵਾਈ ਵਿੱਚ ਕੀਤਾ ਗਿਆ। ਇਸ ਮੁਹਿੰਮ ਦਾ ਮਕਸਦ ਸਮਾਜ ਵਿਰੋਧੀ ਤੱਤਾਂ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਲੜਾਈ ਨੂੰ ਤੇਜ਼ ਕਰਨਾ ਹੈ ਅਤੇ ਨੱਥ ਪਾਉਣਾ ਹੈ।
ਇਹ ਕਾਰਵਾਈ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਯੋਜਨਾ ਬੱਧ ਅਤੇ ਸਫਲ ਤੌਰ ਤੇ ਕੀਤੀ ਗਈ ਅਤੇ ਇਸ ਵਿੱਚ ਬਹੁਤ ਸਾਰੇ ਅਧਿਕਾਰੀ ਅਤੇ ਕਰਮਚਾਰੀ ਸ਼ਾਮਿਲ ਸਨ। ਇਸ ਮੁਹਿੰਮ ਦੌਰਾਨ 1 ਐੱਸ ਪੀ, 4 ਡੀ ਐੱਸ ਪੀ, 13 ਐਸ ਐਚ ਓ ਅਤੇ 135 ਹੋਰ ਰੈਂਕ ਦੇ ਪੁਲਿਸ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਵਿੱਚ ਨਿਯੁਕਤ ਕੀਤੇ ਗਏ। ਉਹਨਾਂ ਕਿਹਾ ਕਿ ਇਹ ਟੀਮਾਂ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ 'ਤੇ ਇੱਕੋ ਸਮੇਂ ਕਾਰਵਾਈ ਕਰ ਰਹੀਆਂ ਸਨ। ਇਹ ਮੁਹਿੰਮ ਮੋਗਾ ਪੁਲਿਸ ਦੀ ਲੋਕਾਂ ਦੀ ਸੁਰੱਖਿਆ ਅਤੇ ਸੁਹਿਰਦੀ ਲਈ ਵਚਨਬੱਧਤਾ ਨੂੰ ਦਰਸਾਉਂਦੀ ਹੈ। ਮੋਗਾ ਪੁਲਿਸ ਇਸ ਤਰ੍ਹਾਂ ਦੀਆਂ ਮੁਹਿੰਮਾਂ ਨੂੰ ਜਾਰੀ ਰੱਖੇਗੀ ਤਾਂ ਜੋ ਕਾਨੂੰਨ-ਵਿਵਸਥਾ ਨੂੰ ਬਣਾਈ ਰੱਖਿਆ ਜਾ ਸਕੇ ਅਤੇ ਸਮਾਜ ਨੂੰ ਨਸ਼ਿਆਂ ਅਤੇ ਅਪਰਾਧਕਤਾਵਾਂ ਤੋਂ ਬਚਾਇਆ ਜਾ ਸਕੇ। ਉਹਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ 10 ਮੁਕੱਦਮੇ ਦਰਜ਼ ਕਰਕੇ 12 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਕੋਲੋਂ 10 ਕਿਲੋ ਭੁੱਕੀ, 40 ਗ੍ਰਾਮ ਹੈਰੋਇਨ, 160 ਨਸ਼ੀਲੀਆਂ ਗੋਲੀਆਂ, 40 ਲੀਟਰ ਲਾਹਨ (ਗੈਰ-ਕਾਨੂੰਨੀ ਸ਼ਰਾਬ), 20 ਬੋਤਲਾਂ ਗੈਰ-ਕਾਨੂੰਨੀ ਸ਼ਰਾਬ ਅਤੇ ਦੋ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਅੱਜ ਦੀ ਮੁਹਿੰਮ ਦੌਰਾਨ ਮਿਲੀਆਂ ਹੋਰ ਉਪਲਬਧੀਆਂ ਤਹਿਤ 11 ਵਿਅਕਤੀਆਂ ਨੂੰ ਰੋਕ ਕੇ ਜਾਂਚ ਕੀਤੀ ਗਈ। 45 ਗੱਡੀਆਂ ਚੈੱਕ ਕੀਤੀਆਂ ਗਈਆਂ ਜਦਕਿ 1 ਗੱਡੀ ਜ਼ਬਤ ਕੀਤੀ ਗਈ। ਉਹਨਾਂ ਕਿਹਾ ਕਿ ਮੋਗਾ ਪੁਲਿਸ ਜਨਤਾ ਨੂੰ ਬੇਨਤੀ ਕਰਦੀ ਹੈ ਕਿ ਉਹ ਕੋਈ ਵੀ ਸ਼ੱਕੀ ਗਤੀਵਿਧੀ ਦੀ ਰਿਪੋਰਟ ਕਰਨ ਤਾਂ ਜੋ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।