ਪੀ ਏ ਯੂ ਵਿਚ ਦਵਿੰਦਰ ਸਿੰਘ ਬਾਂਸਲ ਦੀ ਯਾਦ ਵਿੱਚ ਸਾਇਕਲ ਰੈਲੀ ਆਯੋਜਿਤ ਹੋਈ

ਲੁਧਿਆਣਾ 22 ਮਈ : ਪੀ ਏ ਯੂ ਦੇ ਡਾਇਰੈਕਟੋਰੇਟ ਵਿਦਿਆਰਥੀ ਭਲਾਈ  ਵੱਲੋਂ ਬੀਤੇ ਦਿਨੀਂ ਯੂਨੀਵਰਸਿਟੀ ਕੈਂਪਸ ਵਿਖੇ ਰਾਸ਼ਟਰੀ ਪੱਧਰ ਦੇ ਸਾਈਕਲਿਸਟ ਸ. ਦਵਿੰਦਰ ਸਿੰਘ ਬਾਂਸਲ ਦੀ ਯਾਦ ਵਿੱਚ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸ਼੍ਰੀ ਬਾਂਸਲ ਦੀ ਮੌਤ ਵੇਟ ਲਿਫਟਿੰਗ ਦੌਰਾਨ ਹੋ ਗਈ ਸੀ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਨੇ ਸਾਈਕਲ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਰੈਲੀ ਵਿਚ 100 ਤੋਂ ਵੱਧ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ, ਵਾਈਸ ਚਾਂਸਲਰ ਨੇ ਰੈਲੀ ਵਿਚ ਭਾਗ ਲੈ ਰਹੇ ਸਭ ਭਾਗੀਦਾਰਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਅਕਸਰ ਅਜਿਹੇ ਸਮਾਗਮਾਂ ਨੂੰ ਆਯੋਜਿਤ ਕਰਨ 'ਤੇ ਜ਼ੋਰ ਦਿੱਤਾ ਕਿਉਂਕਿ ਸਾਈਕਲ ਚਲਾਉਣਾ ਵਾਤਾਵਰਣ ਦੀ ਅਨੁਸਾਰੀ ਗਤੀਵਿਧੀ ਹੈ ਅਤੇ ਵਿਅਕਤੀ ਦੀ ਸਿਹਤ ਨੂੰ ਸੁਧਾਰਨ ਲਈ ਵੀ ਬਹੁਤ ਚੰਗਾ ਕਾਰਜ ਹੈ।  ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਨਿਰਮਲ ਜੌੜਾ ਨੇ ਦੱਸਿਆ ਕਿ ਬਾਂਸਲ ਪਰਿਵਾਰ ਨੇ ਯੂਨੀਵਰਸਿਟੀ ਕੈਂਪਸ ਵਿੱਚ ਸਾਈਕਲਿੰਗ ਨੂੰ ਵਧਾਵਾ ਦੇਣ ਲਈ ਆਪਣੇ ਲਾਡਲੇ ਪੁੱਤਰ ਦੀ ਯਾਦ ਵਿੱਚ ਪੀਏਯੂ ਨੂੰ 71 ਲੱਖ ਰੁਪਏ ਦਾਨ ਕੀਤੇ ਹਨ।  ਰੈਲੀ ਦਾ ਉਦੇਸ਼ ਪ੍ਰਦੂਸ਼ਣ ਮੁਕਤ ਕੈਂਪਸ ਲਈ ਸੰਦੇਸ਼ ਦੇਣਾ ਸੀ ਅਤੇ ਰੈਲੀ ਦਾ ਨਾਅਰਾ 'ਕਲੀਨ ਐਂਡ ਗ੍ਰੀਨ ਪੀਏਯੂ ਕੈਂਪਸ' ਸੀ। ਡਾ: ਪਰਮਵੀਰ ਸਿੰਘ ਗਰੇਵਾਲ ਇੰਚਾਰਜ ਸਾਈਕਲਿੰਗ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।  ਇਸ ਮੌਕੇ ਡਾ: ਅਨੂਪ ਦੀਕਸ਼ਿਤ, ਸ੍ਰੀਮਤੀ ਕੰਵਲਜੀਤ ਕੌਰ, ਡਾ: ਸੁਖਬੀਰ ਸਿੰਘ, ਡਾ: ਅਮਰਜੀਤ ਸਿੰਘ, ਡਾ: ਰਵਿੰਦਰ ਸਿੰਘ, ਡਾ: ਓ.ਪੀ ਗੁਪਤਾ, ਡਾ: ਆਰ.ਕੇ ਢੱਲ ਆਦਿ ਹਾਜ਼ਰ ਸਨ |