ਭੁਪਿੰਦਰ ਕੌਰ ਨੇ ਸੰਭਾਲਿਆ ਜ਼ਿਲ੍ਹਾ ਸਿੱਖਿਆ ਅਫ਼ਸਰ ਦਾ ਅਹੁਦਾ

ਬਰਨਾਲਾ, 15 ਫਰਵਰੀ : ਸਿੱਖਿਆ ਵਿਭਾਗ ਦੇ ਪੀ.ਈ.ਐੱਸ. ਗਰੁੱਪ ਏ ਕੇਡਰ ਦੀਆਂ ਹੋਈਆਂ ਤਰੱਕੀਆਂ ਅਤੇ ਬਦਲੀਆਂ ਤਹਿਤ ਸ਼੍ਰੀਮਤੀ ਭੁਪਿੰਦਰ ਕੌਰ ਵੱਲੋਂ ਜ਼ਿਲ੍ਹਾ ਸਿੱਖਿਆ ਦਫ਼ਤਰ ਬਰਨਾਲਾ ਵਿਖੇ ਬਤੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦਾ ਅਹੁਦਾ ਸੰਭਾਲ ਲਿਆ ਗਿਆ ਹੈ। ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸ਼੍ਰੀਮਤੀ ਵਸੁੰਧਰਾ ਕਪਿਲਾ ਦੀ ਅਗਵਾਈ ਵਿੱਚ ਸਮੂਹ ਸਟਾਫ਼ ਵੱਲੋਂ ਨਵ ਨਿਯੁਕਤ ਡੀ.ਈ.ਓ. ਸ਼੍ਰੀਮਤੀ ਭੁਪਿੰਦਰ ਕੌਰ ਦਾ ਨਿੱਘਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਤੋਂ ਬਾਅਦ ਡੀ.ਈ.ਓ. ਸ਼੍ਰੀਮਤੀ ਭੁਪਿੰਦਰ ਕੌਰ ਨੇ ਕਿਹਾ ਕਿ ਉਹਨਾਂ ਦੀ ਸਿੱਖਿਆ ਵਿਭਾਗ ਵਿੱਚ ਪਹਿਲੀ ਜੁਆਇਨਿੰਗ 1994 ਵਿੱਚ ਸਰਕਾਰੀ ਹਾਈ ਸਕੂਲ, ਭੈਣੀ ਜ਼ਿਲ੍ਹਾ ਬਠਿੰਡਾ ਵਿਖੇ ਬਤੌਰ ਸਾਇੰਸ ਅਧਿਆਪਕ ਹੋਈ। ਉਸਤੋਂ ਬਾਅਦ 2006 ਵਿੱਚ ਸੀ.ਡੈਕ ਰਾਹੀਂ ਸਿੱਧੀ ਭਰਤੀ ਤਹਿਤ ਸਰਕਾਰੀ ਹਾਈ ਸਕੂਲ ਨਹੀਆਂਵਾਲੀ ਜ਼ਿਲ੍ਹਾ ਬਠਿੰਡਾ ਵਿਖੇ ਹੈਡਮਿਸਟ੍ਰਸ ਦਾ ਅਹੁਦਾ ਸੰਭਾਲਿਆ। 2014 ਪਦਉੱਨਤ ਹੋਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ ਵਿਖੇ ਪ੍ਰਿੰਸੀਪਲ, 2017 ਵਿੱਚ ਜ਼ਿਲ੍ਹਾ ਬਠਿੰਡਾ ਵਿਖੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, 2022 ਵਿੱਚ ਪਦਉੱਨਤ ਹੋ ਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਬਠਿੰਡਾ ਤੇ ਮਾਨਸਾਅਤੇ ਹੁਣ 2024 ਵਿੱਚ ਪਦਉੱਨਤ ਹੋ ਕੇ ਜ਼ਿਲ੍ਹਾ ਬਰਨਾਲਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਅਹੁਦਾ ਸੰਭਾਲਿਆ। ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਸਿੱਖਿਆ ਸੁਧਾਰ ਮੁਹਿੰਮ ਨੂੰ ਹੋਰ ਤੇਜ਼ ਕਰਨ, ਸਿੱਖਿਆ ਵਿਭਾਗ ਤੇ ਪੰਜਾਬ ਸਰਕਾਰ ਦੇ ਹਰ ਪ੍ਰੋਜੈਕਟ ਨੂੰ ਲਾਗੂ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ। ਜ਼ਿਲ੍ਹੇ ਦੇ ਕਿਸੇ ਵੀ ਕਰਮਚਾਰੀ ਦਾ ਸਿੱਖਿਆ ਦਫ਼ਤਰ ਨਾਲ ਸੰਬੰਧਿਤ ਸਹੀ ਕੰਮ ਪਹਿਲ ਦੇ ਅਧਾਰ ‘ਤੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਡਾਇਟ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ, ਬੀ.ਪੀ.ਈ.ਓ. ਹਰਿੰਦਰ ਬਰਾੜ, ਗੁਰਦੀਪ ਸਿੰਘ, ਸਟੇਨੋ ਮਨਜੀਤ ਕੌਰ, ਡੀ.ਐਸ.ਐਮ ਰਾਜੇਸ਼ ਗੋਇਲ, ਡੀ.ਐਮ. ਆਈ.ਸੀ.ਟੀ. ਕੀਰਤੀ ਦੇਵ ਸ਼ਰਮਾ, ਜ਼ਿਲ੍ਹਾ ਟੈਕਸਟ ਬੁੱਕਸ ਕੋਆਰਡੀਨੇਟਰ ਨੀਰਜ ਸਿੰਗਲਾ, ਡੀ.ਐਮ. ਕਮਲਦੀਪ, ਮੀਡੀਆ ਕੋਆਰਡੀਨੇਟਰ ਹਰਵਿੰਦਰ ਰੋਮੀ ਅਤੇ ਸਮੂਹ ਸਟਾਫ਼ ਹਾਜ਼ਰ ਰਿਹਾ।