ਭਾਵਨਾ ਗਰਗ ਆਈਏਐਸ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਆਧਾਰ ਕਾਰਡ ਅੱਪਡੇਟ ਕਰਨ ਦੇ ਕੰਮ ਦਾ ਜਾਇਜ਼ਾ

  • 10 ਸਾਲ ਪਹਿਲਾਂ ਜਾਰੀ ਕੀਤੇ ਆਧਾਰ ਕਾਰਡ ਅੱਪਡੇਟ ਕਰਵਾਓ, ਡਿਪਟੀ ਕਮਿਸ਼ਨਰ ਦੀ ਜ਼ਿਲ੍ਹਾ ਵਾਸੀਆਂ ਨੂੰ ਅਪੀਲ

ਮੋਗਾ, 29 ਸਤੰਬਰ : ਸ੍ਰੀਮਤੀ ਭਾਵਨਾ ਗਰਗ, ਆਈ.ਏ.ਐਸ., ਡਿਪਟੀ ਡਾਇਰੈਕਟਰ ਜਨਰਲ, ਯੂ.ਆਈ.ਡੀ.ਏ.ਆਈ., ਖੇਤਰੀ ਦਫ਼ਤਰ, ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਆਈ.ਏ.ਐਸ. ਦੀ ਹਾਜ਼ਰੀ ਵਿੱਚ ਜ਼ਿਲ੍ਹੇ ਵਿੱਚ ਆਧਾਰ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ ਗਈ। ਜਿਸ ਦੌਰਾਨ ਸ਼੍ਰੀਮਤੀ ਗਰਗ ਨੇ ਦੱਸਿਆ ਕਿ ਸਰਕਾਰ ਨੇ ਨਾਗਰਿਕਾਂ ਦੇ ਆਧਾਰ ਕਾਰਡ ਨੂੰ ਉਨ੍ਹਾਂ ਦੇ ਨਵੀਨਤਮ ਪਛਾਣ ਦੇ ਸਬੂਤ ਅਤੇ ਪਤੇ ਦੇ ਸਬੂਤ ਦਸਤਾਵੇਜ਼ਾਂ ਨੂੰ ਅੱਪਡੇਟ ਕਰਕੇ ਮਜ਼ਬੂਤ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਉਹਨਾਂ ਜ਼ਿਲ੍ਹਾ ਨਿਵਾਸੀਆਂ ਨੂੰ ਸਹਿਯੋਗੀ ਦਸਤਾਵੇਜ਼ਾਂ ਨੂੰ ਅੱਪਲੋਡ ਕਰਕੇ ਆਪਣੇ ਆਧਾਰ ਨੂੰ ਅਪਡੇਟ ਕਰਨ ਦੀ ਅਪੀਲ ਕੀਤੀ। ਨਵੀਨਤਮ ਦਸਤਾਵੇਜ਼ ਨਜ਼ਦੀਕੀ ਆਧਾਰ ਕੇਂਦਰ 'ਤੇ ਜਾ ਕੇ ਕਰਵਾਏ ਜਾ ਸਕਦੇ ਹਨ। ਉਹਨਾਂ ਇਹ ਵੀ ਦੱਸਿਆ ਕਿ ਇਹ ਸਹੂਲਤ ਯੂ ਆਈ ਡੀ ਏ ਆਈ (UIDAI) ਦੀਆਂ ਔਨਲਾਈਨ ਸੇਵਾਵਾਂ ਰਾਹੀਂ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਇਹ 14 ਦਸੰਬਰ, 2023 ਤੱਕ ਮੁਫਤ ਹੈ। ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ ਜਿਨ੍ਹਾਂ ਵਸਨੀਕਾਂ ਨੇ 2015 ਤੋਂ ਪਹਿਲਾਂ ਆਧਾਰ ਲਈ ਨਾਮ ਦਰਜ ਕਰਵਾਏ ਸਨ, ਉਨ੍ਹਾਂ ਨੂੰ ਆਪਣੇ ਦਸਤਾਵੇਜ਼ ਅੱਪਡੇਟ ਕਰਵਾਉਣ ਦੀ ਲੋੜ ਹੈ। ਜੇਕਰ ਕੋਈ ਮੋਬਾਈਲ ਨੰਬਰ ਆਧਾਰ 'ਤੇ ਰਜਿਸਟਰਡ ਹੈ, ਤਾਂ ਨਿਵਾਸੀ https://myaadhaaruidai.govin/. 'ਤੇ ਲੌਗਇਨ ਕਰਕੇ ਆਨਲਾਈਨ ਵੀ ਇਸ ਸੇਵਾ ਦਾ ਲਾਭ ਲੈ ਸਕਦਾ ਹੈ।  ਆਧਾਰ ਬਾਇਓਮੈਟ੍ਰਿਕ ਪ੍ਰਮਾਣੀਕਰਣ ਦੁਆਰਾ ਇੱਕ ਨਿਵਾਸੀ ਦੀ ਪਛਾਣ ਕਰਨ ਦੇ ਪ੍ਰਬੰਧਾਂ ਦੇ ਨਾਲ ਪਛਾਣ ਦੇ ਸਭ ਤੋਂ ਵੱਧ ਪ੍ਰਵਾਨਿਤ ਸਬੂਤ ਵਜੋਂ ਉਭਰਿਆ ਹੈ। ਸ੍ਰੀ ਕੁਲਵੰਤ ਸਿੰਘ ਨੇ ਕਿਹਾ ਕਿ ਇਸਦੀ ਵਰਤੋਂ ਕਈ ਸਰਕਾਰੀ ਸੇਵਾਵਾਂ ਅਤੇ ਲਾਭ ਲੈਣ ਲਈ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ ਉਮਰ ਵਰਗ 5-18 ਸਾਲ ਦੇ 99.59 ਫੀਸਦੀ ਅਤੇ 18 ਸਾਲ ਤੋਂ ਉਪਰ ਉਮਰ ਵਰਗ 100 ਫੀਸਦੀ ਅਧਾਰ ਕਾਰਡ ਬਣੇ ਹੋਏ ਹਨ। ਇਸ ਤੋਂ ਇਲਾਵਾ 0-5 ਸਾਲ ਉਮਰ ਵਰਗ ਦੇ 100 ਫੀਸਦੀ ਅਧਾਰ ਕਾਰਡ ਬਣਾਉਣ ਦਾ ਕੰਮ ਜ਼ੋਰਾਂ ਉੱਤੇ ਜਾਰੀ ਹੈ। ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।