ਨੰਬਰਦਾਰਾਂ ਖਿਲਾਫ਼ ਦਰਜ ਮੁਕੱਦਮੇ ਦੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਨਿਖੇਧੀ

ਜਗਰਾਉਂ (ਰਛਪਾਲ ਸਿੰਘ ਸ਼ੇਰਪੁਰੀ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਅਤੇ ਜ਼ਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਬੀਤੇ ਦਿਨੀਂ ਸੰਗਰੂਰ ਵਿਖੇ ਅਪਣੀਆਂ ਹੱਕੀ ਮੰਗਾਂ ਲਈ ਰੋਸ ਪ੍ਰਦਰਸ਼ਨ ਕਰ ਰਹੇ ਸੂਬੇ ਭਰ 'ਚੋਂ ਆਏ ਨੰਬਰਦਾਰਾਂ 'ਤੇ ਮੜੇ ਪੁਲਸ ਕੇਸ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਭਗਵੰਤ ਮਾਨ ਸਰਕਾਰ ਤੋਂ ਪਰਚਾ ਜਲਦੀ ਰੱਦ ਕਰਨ ਦੀ ਮੰਗ ਕੀਤੀ ਹੈ। ਦੋਹਾਂ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਭਰ ਦੇ 35 ਹਜਾਰ ਦੇ ਕਰੀਬ ਨੰਬਰਦਾਰ ਸਾਡੇ ਪੇੰਡੂ ਭਾਈਚਾਰੇ ਦੇ ਸਨਮਾਨਿਤ ਅੰਗ ਹਨ। ਉਨਾਂ ਹੈਰਾਨੀ ਪ੍ਰਗਟ ਕੀਤੀ ਕਿ ਸਮਾਜ ਦੇ ਸਾਰੇ ਹੀ ਤਬਕੇ ਹਰ ਰੋਜ਼ ਅਪਣੀਆਂ ਮੰਗਾਂ 'ਤੇ ਜ਼ੋਰ ਦੇਣ ਲਈ ਰੋਸ ਪ੍ਰਗਟ ਕਰਦੇ ਹਨ,  ਮਜਬੂਰੀ ਵੱਸ ਸੜਕਾਂ ਜਾਮ ਕਰਦੇ ਹਨ, ਸੰਘਰਸ਼ਸ਼ੀਲ ਲੋਕਾਂ ਦੀ ਗੱਲ ਸੁਨਣ ਦੀ ਥਾਂ ਉਨਾਂ 'ਤੇ ਪੁਲਸ ਪਰਚੇ ਦਰਜ ਕਰਨਾ, ਇਹ ਕਿਥੋਂ ਦੀ ਜਮਹੂਰੀਅਤ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਹੀ ਅਖਬਾਰੀ ਰਿਪੋਰਟਾਂ ਮੁਤਾਬਿਕ ਹੁਣ ਤਕ 309 ਵਾਰ ਵੱਖ-ਵੱਖ ਤਬਕਿਆਂ ਵਲੋਂ ਸੜਕਾਂ ਜਾਮ ਕੀਤੀਆਂ ਗਈਆਂ ਹਨ ਤਾਂ ਸਰਕਾਰ ਨੇ ਕਿੰਨੇ ਕੁ ਪਰਚੇ ਦਰਜ ਕੀਤੇ ਹਨ। ਉਨਾਂ ਮੁੱਖ ਮੰਤਰੀ ਪੰਜਾਬ ਤੋਂ ਨੰਬਰਦਾਰ ਯੂਨੀਅਨ ਦੇ ਆਗੂਆਂ ਖਿਲਾਫ ਸੰਗਰੂਰ ਦੇ ਪੁਲਸ ਥਾਣੇ 'ਚ ਦਰਜ ਐਫ ਆਈ ਆਰ ਨੰਬਰ 19/22 ਪਰਚਾ ਰੱਦ ਕਰਨ ਦੀ ਜੋਰਦਾਰ ਮੰਗ ਕਰਦਿਆਂ ਅਫਸੋਸ ਜਾਹਿਰ ਕੀਤਾ ਕਿ ਆਮ ਆਦਮੀ ਦੇ ਨਾਂ ਤੇ ਬਣੀ ਸਰਕਾਰ ਆਮ ਆਦਮੀ ਦੀ ਤੇ ਹੀ ਸੰਗੀਨ ਧਾਰਾਵਾਂ ਤਹਿਤ ਪਰਚੇ  ਦਰਜ ਕਰ ਰਹੀ ਹੈ। ਉਨਾਂ ਕਿਹਾ ਕਿ ਟਕਰਾਅ ਦਾ ਰਸਤਾ ਭਗਵੰਤ ਮਾਨ ਸਰਕਾਰ ਲਈ ਕਾਫੀ ਮਹਿੰਗਾ ਤੇ ਆਤਮਘਾਤੀ ਸਾਬਿਤ ਹੋਵੇਗਾ। ਉਨਾਂ ਕਿਹਾ ਕਿ ਸਾਰੇ ਹੀ ਵਰਗ ਸੰਘਰਸ਼ ਦੇ ਰਸਤੇ ਤੇ ਹਨ ਤਾਂ ਸਭਨਾਂ ਵਰਗਾਂ ਦੇ ਮਸਲੇ ਹੱਲ ਕਰਨ ਦੀ ਥਾਂ ਪੁਲਸ ਪਰਚੇ ਸੰਘਰਸ਼ਸ਼ੀਲ ਲੋਕਾਂ ਦੇ ਹੌਂਸਲੇ ਪਸਤ ਨਹੀਂ ਕਰ ਸਕਣਗੇ। ਇਸੇ ਦੌਰਾਨ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਵੀ ਨੰਬਰਦਾਰਾ ਯੂਨੀਅਨ ਦੇ ਆਗੂਆਂ 'ਤੇ ਥੋਕ ਵਿੱਚ ਪਰਚਾ ਦਰਜ ਕਰਨ ਦੀ ਜੋਰਦਾਰ ਨਿੰਦਾ ਕਰਦਿਆਂ ਇਹ ਪਰਚਾ ਰੱਦ ਕਰਨ ਤੇ ਨੰਬਰਦਾਰਾ ਭਾਈਚਾਰੇ ਦੀਆਂ ਮੰਗਾਂ ਮੰਨਣ ਦੀ ਮੰਗ ਕੀਤੀ ਹੈ।