ਭਾਕਿਯੂ ਆਗੂਆਂ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ

  • ਖੇਤੀਬਾੜੀ ਵਿਭਾਗ ਨੇ ਝੋਨੇ ਦੀ ਪਰਾਲੀ ਦੇ ਯੋਗ ਪ੍ਰਬੰਧਨ ਸਬੰਧੀ ਕਿਸਾਨ ਆਗੂਆਂ ਨੂੰ ਕੀਤਾ ਜਾਗਰੂਕ

ਮੋਗਾ, 24 ਸਤੰਬਰ - ਜ਼ਿਲ੍ਹਾ ਮੋਗਾ ਵਿੱਚ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਝੋਨੇ ਦੀ ਪਰਾਲੀ ਦੇ ਸਹੀ ਪ੍ਰਬੰਧਨ ਸਬੰਧੀ  ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਹਨਾਂ ਯਤਨਾਂ ਨੂੰ ਉਸ ਵੇਲੇ ਭਾਰੀ ਸਫਲਤਾ ਮਿਲੀ ਜਦੋਂ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਸਮੁੱਚੀ ਜਥੇਬੰਦੀ ਵੱਲੋਂ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਭਰੋਸਾ ਦੇਣ ਦੇ ਨਾਲ ਨਾਲ ਹੋਰ ਕਿਸਾਨਾਂ ਨੂੰ ਵੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ। ਇਸ ਸਬੰਧੀ ਖੇਤੀਬਾੜੀ ਵਿਭਾਗ ਨਾਲ ਮੀਟਿੰਗ ਕਰਨ ਤੋਂ ਬਾਅਦ ਕਿਸਾਨ ਆਗੂਆਂ ਜ਼ਿਲ੍ਹਾ ਪ੍ਰਧਾਨ ਸ੍ਰ ਨਿਰਮਲ ਸਿੰਘ ਮਾਣੂਕੇ ਨੇ ਕਿਹਾ ਕਿ ਅਸੀਂ ਸਾਰੇ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਆਪਣੀਆਂ ਗੱਡੀਆਂ ਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਵੀ ਜਾਗਰੂਕ ਕਰਾਂਗੇ। ਨਿਰਮਲ ਸਿੰਘ ਨੇ ਕਿਹਾ ਕਿ ਉਸਨੇ ਪਿਛਲੇ ਸਾਲ ਇਕ ਕਿੱਲੇ ਵਿੱਚ ਮਲਚਿੰਗ ਵਿਧੀ ਰਾਹੀਂ ਬਿਜਾਈ ਕੀਤੀ ਸੀ ਜਿਸ ਨਾਲ ਉਸਨੂੰ ਬਹੁਤ ਲਾਭ ਹੋਇਆ ਸੀ। ਇਸ ਵਾਰ ਉਹ 60 ਏਕੜ ਵਿੱਚ ਇਸ ਵਿਧੀ ਰਾਹੀਂ ਬਿਜਾਈ ਕਰਨਗੇ। ਇਸੇ ਕਰਕੇ ਹੀ ਉਹ ਅਤੇ ਸਮੂਹ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ। ਉਹਨਾਂ ਕਿਹਾ ਕਿ ਇਸ ਵਿਧੀ ਨਾਲ ਜਿੱਥੇ ਉਹਨਾਂ ਨੂੰ ਝਾੜ ਜਿਆਦਾ ਮਿਲਿਆ, ਉਥੇ ਹੀ ਪਾਣੀ ਵੀ ਇਕ ਘੱਟ ਲਾਉਣਾ ਪਿਆ। ਫ਼ਸਲ ਨੇ ਮੀਂਹ ਹਨੇਰੀ ਦਾ ਮਜ਼ਬੂਤੀ ਨਾਲ ਮੁਕਾਬਲਾ ਕੀਤਾ। ਮੁੱਖ ਖੇਤੀਬਾੜੀ ਅਫਸਰ ਮੋਗਾ ਸ੍ਰ ਮਨਜੀਤ ਸਿੰਘ ਨੇ ਦੱਸਿਆ ਕਿ ਇਸੇ ਲੜੀ ਤਹਿਤ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਵੱਖ-ਵੱਖ ਪਿੰਡਾਂ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਏ ਗਏ ਅਤੇ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ ਅਤੇ ਮਸ਼ੀਨਰੀ ਦੀ ਸਹੀ ਵਰਤੋਂ ਕਰਨ ਸਬੰਧੀ ਜਾਣੂ ਕਰਵਾਇਆ ਗਿਆ। ਇਨ੍ਹਾਂ ਕੈਂਪਾਂ ਵਿੱਚ ਵੱਡੀ ਗਿਣਤੀ ’ਚ ਕਿਸਾਨਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਪਰਾਲੀ ਦੇ ਯੋਗ ਪ੍ਰਬੰਧਨ ਦੇ ਵੱਖ-ਵੱਖ ਤਰੀਕਿਆਂ ਅਤੇ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਸਬੰਧੀ ਜਿਵੇਂ ਨਾਈਟਰੋਜਨ, ਫਾਸਫੋਰਸ਼, ਪੋਟਾਸ, ਸਲਫਰ ਆਦਿ ਤੱਤ ਪਰਾਲੀ ਦੇ ਨਾਲ ਖਤਮ ਹੋ ਜਾਣ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜੇਕਰ ਪਰਾਲੀ ਨੂੰ ਜ਼ਮੀਨ ਵਿੱਚ ਮਿਲਾ ਦਿੱਤਾ ਜਾਵੇ ਤਾਂ ਇਨ੍ਹਾਂ ਤੱਤਾਂ ਰਾਹੀਂ ਅਗਲੀ ਫਸਲ ਵਿੱਚ ਘੱਟ ਮਾਤਰਾ ਵਿੱਚ ਖਾਦਾਂ ਪਾਉਣ ਦੀ ਲੋੜ ਪੈਂਦੀ ਹੈ। ਇਸ ਦੇ ਨਾਲ-ਨਾਲ ਆਉਣ ਵਾਲੀ ਕਣਕ ਦੀ ਫਸਲ ਵਿੱਚ ਪਾਣੀ ਦੀ ਵੀ ਬਚਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਖੇਤਾਂ ਵਿੱਚ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਜਿਵੇ ਕਿ ਪੀ.ਆਰ. 126 ਅਤੇ ਬਾਸਮਤੀ ਆਦਿ ਦਾ ਖੇਤ ਵਿੱਚ ਹੈਪੀ ਸੀਡਰ, ਸੁਪਰ ਸੀਡਰ ਸਮਾਰਟ ਸੀਡਰ, ਮਲਚਰ ਜਾਂ ਸਰਫੇਸ ਸੀਡਰ ਵਰਤਕੇ ਪਰਾਲੀ ਦਾ ਸੁਚੱਜਾ ਹੱਲ ਕੀਤਾ ਜਾ ਸਕਦਾ ਹੈ ਅਤੇ ਲੰਬਾ ਸਮਾਂ ਲੈਣ ਵਾਲੀਆਂ ਕਿਸਮਾਂ ਲਈ ਬੇਲਰ ਦੀ ਵਰਤੋਂ ਕਰਕੇ ਪਰਾਲੀ ਨੂੰ ਖੇਤ ਵਿੱਚੋ ਬਾਹਰ ਕੱਢ ਕੇ ਜੀਰੋ ਡਰਿੱਲ ਨਾਲ ਵੀ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ, ਉਥੇ ਹੀ ਸਾਹ ਰੋਗ ਬਿਮਾਰੀਆਂ ਵਿੱਚ ਵੀ ਵਾਧਾ ਹੁੰਦਾ ਹੈ। ਇਸ ਦੇ ਨਾਲ ਹੀ ਇਹਨਾਂ ਕੈਂਪਾਂ ਵਿੱਚ ਕਿਸਾਨਾਂ ਵੱਲੋਂ ਪਰਾਲੀ ਨਾ ਸਾੜਨ ਦੇ ਸਬੰਧ ਵਿੱਚ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ। ਇਸ ਮੌਕੇ ਖੇਤੀਬਾੜੀ ਅਧਿਕਾਰੀ ਸ੍ਰ ਜਸਵਿੰਦਰ ਸਿੰਘ ਬਰਾੜ, ਕਿਸਾਨ ਰਾਜਾ ਸਿੰਘ, ਕੁਲਵੰਤ ਸਿੰਘ, ਭਿੰਦਰ ਸਿੰਘ, ਮੇਵਾ ਸਿੰਘ ਮਾਣੂਕੇ, ਜਸਵਿੰਦਰ ਸਿੰਘ, ਨਛੱਤਰ ਸਿੰਘ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ, ਕੁਲਜਿੰਦਰ ਸਿੰਘ, ਭੋਲਾ ਸਿੰਘ, ਮੁਕੰਦ ਕਮਲ, ਚਰਨਪ੍ਰੀਤ ਸਿੰਘ, ਪਰਗਟ ਸਿੰਘ, ਮੰਦਰਜੀਤ ਸਿੰਘ,  ਜਸਵੀਰ ਸਿੰਘ ਮੰਦਰ, ਸਾਹਿਬ ਸਿੰਘ, ਗੁਰਿੰਦਰ ਸਿੰਘ ਰੌਲੀ, ਜਸਵਿੰਦਰ ਸਿੰਘ ਚੁਗਾਵਾਂ ਅਤੇ ਹੋਰ ਵੀ ਹਾਜ਼ਰ ਸਨ।